Home » ਉੜੀਸਾ ਰੇਲ ਹਾਦਸਾ: ਡਰਾਈਵਰ ਦੀ ਕੋਈ ਗਲ਼ਤੀ ਹੋਣ ਤੋਂ ਇਨਕਾਰ, ਸੰਭਾਵੀ ਸਾਬੋਤਾਜ ਦੀ ਜਾਂਚ ਸ਼ੁਰੂ

ਉੜੀਸਾ ਰੇਲ ਹਾਦਸਾ: ਡਰਾਈਵਰ ਦੀ ਕੋਈ ਗਲ਼ਤੀ ਹੋਣ ਤੋਂ ਇਨਕਾਰ, ਸੰਭਾਵੀ ਸਾਬੋਤਾਜ ਦੀ ਜਾਂਚ ਸ਼ੁਰੂ

ਰੇਲ ਹਾਦਸੇ ਦੇ ਕਾਰਨਾਂ ਤੇ ਜ਼ਿੰਮੇਵਾਰ ਲੋਕਾਂ ਦੀ ਪਛਾਣ ਹੋਈ: ਵੈਸ਼ਨਵ; ਰੇਲ ਆਵਾਜਾਈ ਬੁੱਧਵਾਰ ਤੱਕ ਬਹਾਲ ਹੋਣ ਦਾ ਦਾਅਵਾ

by Rakha Prabh
20 views

ਨਵੀਂ ਦਿੱਲੀ/ਬਾਲਾਸੌਰ, 4 ਜੂਨ

ਭਾਰਤੀ ਰੇਲਵੇ ਨੇ ਸ਼ੁੱਕਰਵਾਰ ਨੂੰ ਉੜੀਸਾ ਦੇ ਬਾਲਾਸੌਰ ਜ਼ਿਲ੍ਹੇ ਵਿਚ ਵਾਪਰੇ ਭਿਆਨਕ ਰੇਲ ਹਾਦਸੇ ਪਿੱਛੇ ਰੇਲ ਚਾਲਕ ਦੀ ਕੋਈ ਗ਼ਲਤੀ ਹੋਣ ਜਾਂ ਫਿਰ ਸਿਸਟਮ ਵਿੱਚ ਕਿਸੇ ਤਰ੍ਹਾਂ ਦਾ ਨੁਕਸ ਪੈਣ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਰੇਲਵੇ ਨੇ ਕਿਹਾ ਕਿ ਹਾਦਸੇ ਦਾ ਕਾਰਨ ਇਲੈਕਟ੍ਰੋਨਿਕ ਇੰਟਰਲਾਕਿੰਗ ਸਿਸਟਮ ਨਾਲ ‘ਛੇੜਛਾੜ’ ਤੇ ਸੰਭਾਵੀ ਸਾਬੋਤਾਜ ਦੀ ਕੋੋਸ਼ਿਸ਼ ਹੋ ਸਕਦੀ ਹੈ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਹਾਦਸੇ ਦੇ ਅਸਲ ਕਾਰਨ ਤੇ ਇਸ ਲਈ ਜ਼ਿੰਮੇਵਾਰ ਲੋਕਾਂ ਦੀ ਸ਼ਨਾਖ਼ਤ ਹੋ ਗਈ ਹੈ। ਉਨ੍ਹਾਂ ਕਿਹਾ, ‘‘ਇਹ ਇਲੈਕਟ੍ਰੋਨਿਕ ਇੰਟਰਲਾਕਿੰਗ ਤੇ ਪੁਆਇੰਟ ਮਸ਼ੀਨ ਵਿੱਚ ਫੇਰਬਦਲ ਕੀਤੇ ਜਾਣ ਕਰਕੇ ਹੋਇਆ।’’ ਉਧਰ ਦਿੱਲੀ ’ਚ ਸਿਖਰਲੇ ਰੇਲ ਅਧਿਕਾਰੀਆਂ ਨੇ ਕਿਹਾ ਕਿ ਪੁੁਆਇੰਟ ਮਸ਼ੀਨ ਤੇ ਇੰਟਰਲਾਕਿੰਗ ਸਿਸਟਮ ‘ਗਲ਼ਤੀ ਰਹਿਤ’ ਤੇ ‘ਪੂਰੀ ਤਰ੍ਹਾਂ ਸੁਰੱਖਿਅਤ’ ਹੈ, ਪਰ ਇਸ ਨਾਲ ਬਾਹਰੀ ਛੇੜਛਾੜ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਰੇਲਵੇ ਬੋਰਡ ਦੇ ਮੈਂਬਰ ਅਪਰੇਸ਼ਨਲ ਤੇ ਬਿਜ਼ਨਸ ਡਿਵੈਲਪਮੈਂਟ ਜਯਾ ਵਰਮਾ ਸਿਨਹਾ ਨੇ ਕਿਹਾ, ‘‘ਇਸ ਨੂੰ ‘ਫੇਲ੍ਹ ਸੇਫ’ ਭਾਵ ਪੂਰੀ ਤਰ੍ਹਾਂ ਸੁਰੱਖਿਅਤ ਸਿਸਟਮ ਮੰਨਿਆ ਜਾਂਦਾ ਹੈ, ਇਸ ਲਈ ਜੇਕਰ ਇਹ ਨਾਕਾਮ ਵੀ ਰਹਿੰਦਾ ਹੈ ਤਾਂ ਸਾਰੇ ਸਿਗਨਲ ਲਾਲ ਹੋ ਜਾਂਦੇ ਹਨ ਤੇ ਸਾਰੇ ਟਰੇਨ ਅਪਰੇਸ਼ਨਜ਼ ਰੁਕ ਜਾਣਗੇ।’’

ਇਸ ਦੌਰਾਨ ਵੈਸ਼ਨਵ ਨੇ ਕਿਹਾ ਕਿ ਰੇਲ ਹਾਦਸਾ ਇਲੈਕਟ੍ਰਾਨਿਕ ਇੰਟਰਲਾਕਿੰਗ ਵਿੱਚ ਬਦਲਾਅ ਕਾਰਨ ਵਾਪਰਿਆ। ਉਨ੍ਹਾਂ ਕਿਹਾ ਕਿ ਰੇਲਵੇ ਕਮਿਸ਼ਨਰ (ਸੁਰੱਖਿਆ) ਨੇ ਇਸ ਪੂਰੇ ਘਟਨਾਕ੍ਰਮ ਦੀ ਜਾਂਚ ਮਗਰੋਂ ਹਾਦਸੇ ਦੇ ਕਾਰਨਾਂ ਤੇ ਇਸ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰ ਲਈ ਹੈ। ਹਾਦਸੇ ਵਾਲੀ ਥਾਂ ਜਾਰੀ ਰਾਹਤ ਤੇ ਬਚਾਅ ਕਾਰਜਾਂ ਦੀ ਨਜ਼ਰਸਾਨੀ ਲਈ ਪੁੱਜੇ ਵੈਸ਼ਨਵ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਰੇਲਵੇ ਕਮਿਸ਼ਨਰ(ਸੁਰੱਖਿਆ) ਨੇ ਮਾਮਲੇ ਦੀ ਜਾਂਚ ਕੀਤੀ ਹੈ ਅਤੇ (ਜਾਂਚ) ਰਿਪੋਰਟ ਦੀ ਉਡੀਕ ਹੈ। ਪਰ ਅਸੀਂ ਘਟਨਾ ਦੇ ਕਾਰਨਾਂ ਅਤੇ ਇਸ ਦੇ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰ ਲਈ ਹੈ… ਇਹ ਇਲੈਕਟ੍ਰਾਨਿਕ ਇੰਟਰਲਾਕਿੰਗ ਵਿੱਚ ਤਬਦੀਲੀ ਕਾਰਨ ਹੋਇਆ ਹੈ।’’ ਵੈਸ਼ਨਵ ਨੇ ਕਿਹਾ ਕਿ ਇਸ ਵੇੇਲੇ ਉਨ੍ਹਾਂ ਦਾ ਸਾਰਾ ਧਿਆਨ ਰਾਹਤ ਤੇ ਬਚਾਅ ਕਾਰਜ ਮੁਕੰਮਲ ਕਰਕੇ ਬੁੱਧਵਾਰ ਸਵੇਰ ਤੱਕ ਆਵਾਜਾਈ ਨੂੰ ਬਹਾਲ ਕਰਨਾ ਹੈ।’’ ਉਂਜ ਵੈਸ਼ਨਵ ਨੇ ਅੱਜ ਸ਼ਾਮ ਤੱਕ ਇਕ ਟਰੈਕ ਦੇ ਚਾਲੂ ਹੋਣ ਦੀ ਆਸ ਜਤਾਈ ਹੈ। ਚੇਤੇ ਰਹੇ ਕਿ ਤਿੰਨ ਗੱਡੀਆਂ (ਦੋ ਯਾਤਰੀ ਗੱਡੀਆਂ ਤੇ ਇਕ ਮਾਲ ਗੱਡੀ) ਦੀ ਸ਼ਮੂਲੀਅਤ ਵਾਲੇ ਹਾਦਸੇ ਵਿੱਚ 288 ਯਾਤਰੀਆਂ ਦੀ ਜਾਨ ਜਾਂਦੀ ਰਹੀ ਹੈ ਜਦੋਂਕਿ 1000 ਤੋਂ ਵੱਧ ਲੋਕ ਜ਼ਖ਼ਮੀ ਦੱਸੇ ਜਾਂਦੇ ਹਨ। –ਏਐੱਨਆਈ

Related Articles

Leave a Comment