ਬਰਨਾਲਾ, 7 ਨਵੰਬਰ ( ਰਾਖਾ ਪ੍ਰਭ ਬਿਉਰੋ ) ਜੰਗਲਾਤ ਵਿਭਾਗ ਦੇ ਕਾਮਿਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ ਕੈਬਿਨਟ ਮੰਤਰੀ ਮੀਤ ਹੇਅਰ ਦੀ ਕੋਠੀ ਦਾ ਘਿਰਾਓ ਕੀਤਾ ਅਤੇ ਰੋਸ ਰੈਲੀ ਦੌਰਾਨ ਸੂਬਾ ਸਰਕਾਰ ਨੂੰ ਜੰਮ ਕੇ ਭੰਡਿਆ। ਬਰਨਾਲਾ ਵਿਖੇ ਸਥਿਤ ਕੈਬਨਿਟ ਮੰਤਰੀ ਮੀਤ ਹੇਅਰ ਦੀ ਕੋਠੀ ਦਾ ਘਿਰਾਓ ਅਤੇ ਰੋਸ ਰੈਲੀ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਅਮਰੀਕ ਸਿੰਘ ਗੜਸ਼ੰਕਰ, ਜਨਰਲ ਸਕੱਤਰ ਜਸਵੀਰ ਸਿੰਘ ਸ਼ੀਰਾ, ਚੇਅਰਮੈਨ ਵਿਰਸਾ ਸਿੰਘ ਚਹਿਲ ਦੀ ਅਗਵਾਈ ਹੇਠ ਕੀਤੀ ਗਈ। ਇਸ ਮੌਕੇ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੀਨੀ. ਮੀਤ ਪ੍ਰਧਾਨ ਜਸਵਿੰਦਰ ਸੌਜਾ, ਰਵੀ ਕੁਮਾਰ ਰੋਪੜ, ਰਣਜੀਤ ਗੁਰਦਾਸਪੁਰ, ਅਮਨਦੀਪ ਛੱਤ ਬੀੜ, ਨਿਸ਼ਾਨ ਸਿੰਘ ਸਹਿਜਾਦੀ, ਗੁਰਬੀਰ ਸਿੰਘ ਸ਼ਹਿਜ਼ਾਦੀ, ਜਸਵਿੰਦਰ ਸਿੰਘ ਪੰਨੂੰ, ਜਸਵਿੰਦਰ ਰਾਜ ਸ਼ਰਮਾ ਨੇ ਕਿਹਾ ਕਿ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵਿੱਚ 25-25 ਸਾਲਾਂ ਤੋਂ ਡੇਲੀਵੇਜ ਤੇ ਕੰਮ ਕਰਦੇ ਵਰਕਰਾਂ ਦੀਆਂ ਮੰਗਾਂ ਸਬੰਧੀ ਵਣ ਮੰਤਰੀ ਲਾਲ ਚੰਦ ਕਟਾਰੂਚੱਕ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਕਈ ਵਾਰ ਮੀਟਿੰਗਾਂ ਕੀਤੀਆਂ ਗਈਆਂ ਪ੍ਰੰਤੂ ਵਣ ਮੰਤਰੀ ਅਤੇ ਵਿੱਤ ਮੰਤਰੀ ਵਲੋਂ ਮੀਟਿੰਗਾਂ ਵਿੱਚ ਮੰਗਾਂ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਤਾਂ ਜਰੂਰ ਦਿਵਾਇਆ ਗਿਆ, ਪ੍ਰੰਤੂ ਇਕ ਵੀ ਮਗ ਦਾ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਜੰਗਲਾਤ ਕਾਮਿਆਂ ਦੀਆਂ ਮੰਗਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ ਜਿਸ ਕਰਕੇ ਜਥੇਬੰਦੀ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਜੰਗਲਾਤ ਕਾਮਿਆਂ ਨੇ ਹਿਸਾ ਲਿਆ।