ਜੈਕਲੀਨ ਫਰਨਾਂਡੀਜ ਨੂੰ ਮਿਲੀ ਵੱਡੀ ਰਾਹਤ, 200 ਕਰੋੜ ਦੀ ਫਿਰੌਤੀ ਦੇ ਮਾਮਲੇ ’ਚ ਮਿਲੀ ਅੰਤਰਿਮ ਜਮਾਨਤ
ਮੁੰਬਈ, 26 ਸਤੰਬਰ : ਅਭਿਨੇਤਰੀ ਜੈਕਲੀਨ ਫਰਨਾਂਡੀਜ ਨੂੰ ਕਥਿਤ ਧੋਖਾਧੜੀ ਕਰਨ ਵਾਲੇ ਸੁਕੇਸ਼ ਚੰਦਰਸੇਖਰ ਨਾਲ ਜੁੜੇ 200 ਕਰੋੜ ਰੁਪਏ ਦੀ ਫਿਰੌਤੀ ਦੇ ਮਾਮਲੇ ’ਚ ਵੱਡੀ ਰਾਹਤ ਮਿਲੀ ਹੈ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਜੈਕਲੀਨ ਫਰਨਾਂਡੀਜ ਨੂੰ ਅੰਤਰਿਮ ਜਮਾਨਤ ਦੇ ਦਿੱਤੀ ਹੈ।
ਅਦਾਲਤ ਨੇ 50,000 ਰੁਪਏ ਦੇ ਮੁਚੱਲਕੇ ’ਤੇ ਅੰਤਰਿਮ ਜਮਾਨਤ ਦੇ ਦਿੱਤੀ ਹੈ। ਨਾਲ ਹੀ ਅਦਾਕਾਰਾ ਨੂੰ ਕਿਹਾ ਕਿ ਉਹ ਜਾਂਚ ’ਚ ਪੂਰਾ ਸਹਿਯੋਗ ਦਿੰਦੀ ਰਹੇਗੀ। ਸੋਮਵਾਰ ਦੀ ਸੁਣਵਾਈ ਦੌਰਾਨ ਜੈਕਲੀਨ ਫਰਨਾਂਡੀਜ ਖੁਦ ਪਟਿਆਲਾ ਹਾਊਸ ਕੋਰਟ ’ਚ ਪੇਸ ਹੋਈ।
ਜੈਕਲੀਨ ਫਰਨਾਂਡੀਜ ਨੇ ਮੀਡੀਆ ਤੋਂ ਆਪਣੀ ਰੱਖਿਆ ਲਈ ਇੱਕ ਚਿੱਟੀ ਕਮੀਜ ਅਤੇ ਕਾਲੇ ਰੰਗ ਦੀ ਪੈਂਟ ਪਹਿਨੀ ਅਤੇ ਕਥਿਤ ਤੌਰ ’ਤੇ ਵਕੀਲ ਦੇ ਭੇਸ ’ਚ ਅਦਾਲਤ ’ਚ ਪੇਸ ਹੋਈ। ਇਸ ਮਾਮਲੇ ’ਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੀ ਅਦਾਲਤ ’ਚ ਇੱਕ ਸਪਲੀਮੈਂਟਰੀ ਚਾਰਜਸੀਟ ਦਾਇਰ ਕੀਤੀ ਸੀ, ਜਿਸ ’ਚ ਉਸ ਨੂੰ ਮੁਲਜਮ ਵਜੋਂ ਨਾਮਜਦ ਕੀਤਾ ਗਿਆ ਸੀ। ਚਾਰਜਸੀਟ ਦਾ ਨੋਟਿਸ ਲੈਂਦਿਆਂ ਅਦਾਲਤ ਨੇ ਜੈਕਲੀਨ ਨੂੰ 26 ਸਤੰਬਰ ਨੂੰ ਪੇਸ ਹੋਣ ਲਈ ਕਿਹਾ ਸੀ।
ਜੈਕਲੀਨ ਫਰਨਾਂਡੀਜ ’ਤੇ ਸੁਕੇਸ ਚੰਦਰਸੇਖਰ ਤੋਂ ਮਹਿੰਗੇ ਤੋਹਫੇ ਲੈਣ ਦਾ ਆਰੋਪ ਹੈ। ਇਹ ਉਦੋਂ ਹੋਇਆ ਜਦੋਂ ਸੁਕੇਸ ਤਿਹਾੜ ਜੇਲ੍ਹ ’ਚ ਸੀ ਅਤੇ ਇਸ ਤਰ੍ਹਾਂ ਮਨੀ ਲਾਂਡਰਿੰਗ ਦਾ ਕੇਸ ਵੀ ਦਰਜ ਕੀਤਾ ਗਿਆ ਸੀ। ਅਭਿਨੇਤਰੀ ਨੂੰ ਇਸ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਇਸ ਮਾਮਲੇ ’ਚ ਉਸ ਦੀ ਕਥਿਤ ਭੂਮਿਕਾ ਲਈ ਦੋ ਵਾਰ ਪੁੱਛਗਿੱਛ ਲਈ ਬੁਲਾਇਆ ਸੀ।
ਪਿਛਲੇ ਹਫਤੇ ਜੈਕਲੀਨ ਫਰਨਾਂਡੀਜ ਦੀ ਸਟਾਈਲਿਸਟ ਲਿਪਾਕਸੀ ਇਲਾਵਦੀ ਤੋਂ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸਾਖਾ ਨੇ ਇਸ ਮਾਮਲੇ ਦੇ ਸਬੰਧ ’ਚ ਲਗਭਗ ਅੱਠ ਘੰਟੇ ਪੁੱਛਗਿੱਛ ਕੀਤੀ ਸੀ। ਪੁੱਛਗਿੱਛ ਦੌਰਾਨ ਲਿਪਾਕਸੀ ਇਲਾਵਾਦੀ ਨੇ ਮੰਨਿਆ ਸੀ ਕਿ ਉਹ ਜੈਕਲੀਨ ਫਰਨਾਂਡੀਜ ਅਤੇ ਸੁਕੇਸ ਚੰਦਰਸੇਖਰ ਦੇ ਰਿਸਤੇ ਸਬੰਧੀ ਜਾਣਦੀ ਸੀ।