ਵਿਧਵਾ ਔਰਤਾਂ ਲਈ ਵਿਸ਼ੇਸ਼ ਪੈਨਸ਼ਨ ਅਤੇ ਉਨ੍ਹਾਂ ਦੇ ਬੱਚਿਆਂ ਲਈ ਵਜੀਫਾ ਯੋਜਨਾ ਸ਼ੁਰੂ ਕਰੇ ਕੇਂਦਰ ਸਰਕਾਰ : ਸੁਨੀਲ ਜਾਖੜ
ਚੰਡੀਗੜ੍ਹ, 26 ਸਤੰਬਰ : ਕਾਂਗਰਸ ਛੱਡ ਕੇ ਭਾਜਪਾ ’ਚ ਸਾਮਲ ਹੋਏ ਸੀਨੀਅਰ ਆਗੂ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਇਕੱਲੀਆਂ ਔਰਤਾਂ ਅਤੇ ਵਿਧਵਾਵਾਂ ਨੂੰ ਉਨ੍ਹਾਂ ਦੇ ਬੱਚਿਆਂ ਦੇ ਪਾਲਣ-ਪੋਸਣ ਲਈ ਵਾਧੂ ਭੱਤੇ ਦੇ ਰੂਪ ’ਚ ਵਿਸ਼ੇਸ਼ ਪੈਨਸਨ ਦੇਣ ਦੀ ਮੰਗ ਕੀਤੀ ਹੈ।
ਇਸੇ ਤਰ੍ਹਾਂ ਸੁਨੀਲ ਜਾਖੜ ਨੇ ਅਜਿਹੀਆਂ ਮਾਵਾਂ ਜੋ ਇਕੱਲੀਆਂ ਆਪਣੇ ਬੱਚਿਆਂ ਨੂੰ ਸੰਭਾਲ ਰਹੀਆਂ ਹਨ ਅਤੇ ਵਿਧਵਾਵਾਂ ਨੂੰ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਵਿਸੇਸ ਵਜੀਫਾ ਸਕੀਮ ਸੁਰੂ ਕਰਨ ਦੀ ਵੀ ਮੰਗ ਕੀਤੀ ਹੈ, ਤਾਂ ਜੋ ਅਜਿਹੇ ਬੱਚੇ ਚੰਗੀ ਸਿੱਖਿਆ ਪ੍ਰਾਪਤ ਕਰ ਸਕਣ। ਜਾਖੜ ਨੇ ਪ੍ਰਧਾਨ ਮੰਤਰੀ ਦੇ ਨਾਂ ਲਿਖਿਆ ਇਹ ਪੱਤਰ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੂੰ ਸੌਂਪਿਆ।
ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ’ਚ ਉਨ੍ਹਾਂ ਲਿਖਿਆ ਹੈ ਕਿ ਨਰਾਤਿਆਂ ਦੇ ਤਿਓਹਾਰ ਨੂੰ ਮਾਂ-ਦੁਰਗਾ ਦੀ ਅਵਧਾਰਨਾ ਭਗਤੀ ਅਤੇ ਪਰਮਾਤਮਾ ਦੀ ਸਕਤੀ (ਉੱਤਮ, ਪਰਮ, ਸਿਰਜਣਾਤਮਕ ਊਰਜਾ) ਦੀ ਉਪਾਸਨਾ ਲਈ ਸਰਧਾ ਦਾ ਸਭ ਤੋਂ ਸੁਭ ਤੇ ਵਿਲੱਖਣ ਮੌਕਾ ਮੰਨਿਆ ਜਾਂਦਾ ਹੈ। ਇਹ ਪੂਜਾ ਵੈਦਿਕ ਯੁੱਗ ਤੋਂ ਪਹਿਲਾਂ ਪੂਰਵ-ਇਤਿਹਾਸਕ ਸਮੇਂ ਦੀ ਹੈ। ਰਿਸੀ ਦੇ ਵੈਦਿਕ ਯੁੱਗ ਦੇ ਬਾਅਦ ਤੋਂ ਵਰਾਤਿਆਂ ਦੌਰਾਨ ਭਗਤੀ ਪ੍ਰਥਾਵਾਂ ’ਚੋਂ ਮੁੱਖ ਰੂਪ ਗਾਇਤਰੀ ਸਾਧਨਾ ਦਾ ਹੈ।
ਉਨ੍ਹਾਂ ਲਿਖਿਆ ਕਿ ਨਵਰਾਤਰੀ ਤੇ ਸ੍ਰੀ ਦੁਰਗਾ ਅਸਟਮੀ ਦੇ ਮੌਕੇ ’ਤੇ ਮੇਰੀ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਇਕੱਲੀਆਂ ਮਾਵਾਂ ਅਤੇ ਵਿਧਵਾਵਾਂ ਲਈ ਉਨ੍ਹਾਂ ਦੇ ਬੱਚਿਆਂ ਦੇ ਪਾਲਣ-ਪੋਸਣ ਲਈ ਵਾਧੂ ਭੱਤੇ ਦੇ ਰੂਪ ’ਚ ਵਿਸ਼ੇਸ਼ ਪੈਨਸ਼ਨ ਤੇ ਸਿੱਖਿਆ ਲਈ ਵਜੀਫਾ ਸਕੀਮ ਸੁਰੂ ਕਰਨ ਦੀ ਮੰਗ ’ਤੇ ਵਿਚਾਰ ਕਰਨ। ਇਹ ਕਦਮ ਹਜਾਰਾਂ ਬੱਚਿਆਂ ਨੂੰ ਉੱਚ ਸਿੱਖਿਆ ਹਾਸਲ ਕਰਨ ’ਚ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ’ਚ ਮਦਦ ਕਰੇਗਾ ਜੋ ਇਕ ਖੁਸ਼ਹਾਲ ਜੀਵਨ ਜਿਊਣ ’ਚ ਆਪਣੀਆਂ ਮਾਵਾਂ ਦਾ ਸਮਰਥਨ ਕਰਨ ਦੇ ਨਾਲ-ਨਾਲ ਸਵੈ-ਨਿਰਭਰ ਵੀ ਬਣਾ ਦੇਣਗੇ।