40 ਸਾਲਾਂ ਬਾਅਦ ਵੀ ਪੀੜਤਾਂ ਨੂੰ ਨਿਆਂ ਤੇ ਇਨਸਾਫ ਨਾ ਮਿਲਣਾ ਸ਼ਰਮਨਾਕ ਵਰਤਾਰਾ – ਸੰਤ ਸੀਚੇਵਾਲ
ਪੱਤਰ ਪ੍ਰੇਰਕ/
ਪਿੰਡ ਹੋਂਦ ਚਿੱਲੜ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਅਰਦਾਸ ਸਮਾਗਮ ਮੌਕੇ ਹੋਂਦ ਚਿੱਲੜ ਇਨਸਾਫ਼ ਕਮੇਟੀ ਵੱਲੋਂ ਵਿੱਢੇ ਤਰੱਦਦ ਸਦਕਾ ਪੰਜਾਬ ਤੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਭਾਈ ਦਰਸ਼ਨ ਸਿੰਘ ਘੋਲੀਆ ਦੇ ਨਾਲ ਇਸ ਉਜੜੇ ਪਿੰਡ ਦੇ ‘ਦਰਦਾਂ ਦੀ ਦਵਾਈ ਬਣਨ ਲਈ ਹਰਿਆਣਾ ਦੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਖੰਡਰ ਅਤੇ ਵਿਰਾਨ ਪਏ ਪਿੰਡ ਹੋਂਦ ਦਾ ਦੌਰਾ ਕੀਤਾ ਗਿਆ। ਇਸ ਬੀਆਬਾਨ ਪਿੰਡ ਨੂੰ ਮੁੜ ਤੋਂ ਹਰਿਆ-ਭਰਿਆ ਬਣਾਉਣ ਦੇ ਲਈ ਪਿੰਡ ਅੰਦਰ ਵੱਡੀ ਗਿਣਤੀ ਵਿਚ ਬੂਟੇ ਲਗਾਉਂਦਿਆਂ ਸੰਤ ਸੀਚੇਵਾਲ ਨੇ ਆਖਿਆ ਕਿ ਸਿੱਖ ਦਾ ਨਸਲਕੁਸ਼ੀ ਦੇ ਇਸ ਕੌਮੀ ਮਸਲੇ ਨੂੰ ਉਹ ਪੂਰੀ ਤਨਦੇਹੀ ਦੇ ਨਾਲ ਕੇਂਦਰ ਅਤੇ ਹਰਿਆਣਾ ਸਰਕਾਰ ਕੋਲ ਉਠਾਉਣਗੇ, ਤਾਂ ਕਿ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਚਾਰਾਜੋਈ ਕੀਤੀ ਜਾ ਸਕੇ ਅਤੇ ਪਿੰਡ ਦੇ ਜ਼ਮੀਨੀ ਰਕਬੇ ਨੂੰ ਜੋ ਹੌਲੀ-ਹੌਲੀ ਘੱਟ ਰਿਹਾ ਹੈ, ਪੂਰਾ ਕਰਨ ਤੋਂ ਇਲਾਵਾ ਸ਼ਹੀਦੀ ਯਾਦਗਾਰ ਉਸਾਰਨ ਦਾ ਰਾਹ ਪੱਧਰਾ ਕੀਤਾ ਜਾ ਸਕੇ। ਉਨ੍ਹਾਂ ਰਿਵਾੜੀ ਦੇ ਡੀਸੀ ਨਾਲ ਵੀ ਮੌਕੇ ‘ਤੇ ਹੀ ਗੱਲਬਾਤ ਵੀ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਕਤਲੇਆਮ ਮਨੁੱਖਤਾ ਦੇ ਮੱਥੇ ਤੇ ਕਲੰਕ ਵਜੋਂ ਉਭਰ ਕੇ ਪੂਰੇ ਸਮਾਜ ਨੂੰ ਸਰਮਸਾਰ ਕਰ ਦਿੰਦੇ ਹਨ, ਜੋ ਕਿ ਕਦੇ ਵੀ ਨਹੀਂ ਵਾਪਰਨੇ ਚਾਹੀਦੇ। ਇਸ ਮੌਕੇ ਹੋਦ ਚਿੱਲੜ ਸਿੱਖ ਇਨਸਾਫ ਕਮੇਟੀ ਦੇ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ, ਗੁਰਜੀਤ ਸਿੰਘ ਪਟੌਦੀ, ਦਿਆ ਸਿੰਘ ਸੀਚੇਵਾਲ, ਚਿੱਲੜ ਪਿੰਡ ਦੇ ਸਰਪੰਚ ਪ੍ਰਿਅੰਕਾ ਦੇਵੀ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਸੁਰਜੀਤ ਸਿੰਘ ਖਾਲਸਾ, ਜੀਵਨਾ ਬਾਈ ਪਟੌਦੀ, ਪੀੜਤ ਪਰਿਵਾਰ ਤੋ ਇਲਾਵਾ ਵੱਡੀ ਗਿਣਤੀ ਵਿਚ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ।