ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਲੀਕ ਮਾਮਲਾ : ਵਿਦਿਆਰਥਣ ਅਤੇ ਸਾਬਕਾ ਫੌਜੀ ਦੀ ਜਮਾਨਤ ਪਟੀਸਨ ਰੱਦ
ਮੁਹਾਲੀ, 13 ਅਕਤੂਬਰ : ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਲੀਕ ਮਾਮਲੇ ’ਚ ਸ਼ਿਮਲਾ ਦੇ ਰਹਿਣ ਵਾਲੇ ਸੰਨੀ ਮਹਿਤਾ ਨੂੰ ਜਮਾਨਤ ਮਿਲ ਗਈ ਹੈ। ਚੀਫ ਜੁਡੀਸੀਅਲ ਮੈਜਿਸਟਰੇਟ ਫਸਟ ਕਲਾਸ ਖਰੜ ਦੀ ਅਦਾਲਤ ’ਚ ਸੁਣਵਾਈ ਹੋਈ ਅਤੇ ਅਦਾਲਤ ਨੇ ਇੱਕ ਲੱਖ ਰੁਪਏ ਦੇ ਜਮਾਨਤ ਬਾਂਡ ਭਰਕੇ ਸੰਨੀ ਮਹਿਤਾ ਦੀ ਜਮਾਨਤ ਅਰਜੀ ਮਨਜੂਰ ਕਰ ਲਈ।
ਹਾਲਾਂਕਿ ਇਸ ਮਾਮਲੇ ’ਚ ਨਾਮਜਦ ਵਿਦਿਆਰਥਣ ਅਤੇ ਸਾਬਕਾ ਫੌਜੀ ਸੰਜੀਵ ਸਿੰਘ ਦੀ ਜਮਾਨਤ ਦੀ ਅਰਜੀ ਵੀ ਦਾਇਰ ਕੀਤੀ ਗਈ ਸੀ ਪਰ ਅਦਾਲਤ ਨੇ ਦੋਵਾਂ ਦੀ ਜਮਾਨਤ ਪਟੀਸਨ ਰੱਦ ਕਰ ਦਿੱਤੀ ਹੈ। ਇਸੇ ਮਾਮਲੇ ’ਚ ਗਿ੍ਰਫਤਾਰ ਰੰਕਜ ਵਰਮਾ ਦੀ ਅਦਾਲਤ ਨੇ ਪਹਿਲਾਂ ਹੀ 6 ਅਕਤੂਬਰ ਨੂੰ ਜਮਾਨਤ ਅਰਜੀ ਮਨਜੂਰ ਕਰ ਲਈ ਸੀ।
ਸੰਨੀ ਦੇ ਵਕੀਲ ਦਿਨੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਸੰਨੀ ਮਹਿਤਾ ਦਾ ਪਿਛਲੇ ਡੇਢ ਸਾਲ ਤੋਂ ਵਿਦਿਆਰਥਣ ਨਾਲ ਕੋਈ ਸੰਪਰਕ ਨਹੀਂ ਸੀ। ਸੰਨੀ ਮਹਿਤਾ ਨੇ ਵਿਦਿਆਰਥਣ ਦਾ ਨੰਬਰ ਬਲਾਕ ਸੂਚੀ ’ਚ ਪਾ ਦਿੱਤਾ ਸੀ। ਇਸ ਦੇ ਨਾਲ ਹੀ ਪੁਲਿਸ ਨੇ ਐਫਆਈਆਰ ’ਚ ਧਾਰਾ 67ਏ ਲਗਾਈ ਹੈ, ਜੋ ਕਿ ਇੱਕ ਗੈਰ-ਜਮਾਨਤੀ ਹੈ ਜੋ ਗਲਤ ਸੀ।
ਉਨ੍ਹਾਂ ਕਿਹਾ ਕਿ ਪੁਲਿਸ ਨੇ ਅਦਾਲਤ ’ਚ ਦਲੀਲ ਦਿੱਤੀ ਸੀ ਕਿ ਸੰਨੀ ਮਹਿਤਾ ਨੇ ਇਹ ਵੀਡੀਓ ਸਾਬਕਾ ਫੌਜੀ ਸੰਜੀਵ ਸਿੰਘ ਨੂੰ ਭੇਜੀ ਸੀ ਜਦਕਿ ਪੁਲਿਸ ਇਸ ਨੂੰ ਸਾਬਤ ਨਹੀਂ ਕਰ ਸਕੀ। ਸੰਨੀ ਮਹਿਤਾ ਫੌਜ ਦੇ ਜਵਾਨ ਸੰਜੀਵ ਸਿੰਘ ਨੂੰ ਜਾਣਦਾ ਵੀ ਨਹੀਂ ਹੈ। ਉਸ ਨੇ ਨੌਜਵਾਨ ਨਾਲ ਕਦੇ ਗੱਲਬਾਤ ਨਹੀਂ ਕੀਤੀ। ਅਦਾਲਤ ਨੇ ਦਲੀਲਾਂ ਸੁਣਨ ਤੋਂ ਬਾਅਦ ਉਸ ਦੀ ਜਮਾਨਤ ਅਰਜੀ ਮਨਜੂਰ ਕਰ ਦਿੱਤੀ ਹੈ। ਅਦਾਲਤ ’ਚ ਇੱਕ ਲੱਖ ਦਾ ਜਮਾਨਤੀ ਬਾਂਡ ਭਰਿਆ ਗਿਆ ਹੈ।