ਭਿਆਨਕ ਹਾਦਸਾ : ਕਾਰ ਅਤੇ ਮੋਟਰਸਾਈਕਲ ਦੀ ਟੱਕਰ, ਇਕ ਔਰਤ ਅਤੇ ਨੌਜਵਾਨ ਦੀ ਮੌਤ
ਬਟਾਲਾ, 30 ਅਕਤੂਬਰ : ਬਟਾਲਾ ਦੇ ਪਿੰਡ ਧੀਰ ਨੇੜੇ ਅੰਮ੍ਰਿਤਸਰ/ਪਠਾਨਕੋਟ ਹਾਈਵੇਅ ’ਤੇ ਹਾਈਵੇਅ ਪਾਰ ਕਰ ਰਹੇ ਮੋਟਰਸਾਈਕਲ ਨੂੰ ਤੇਜ ਰਫਤਾਰ ਕਾਰ ਵੱਲੋਂ ਟੱਕਰ ਮਾਰ ਦੇਣ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਅਤੇ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਹੈ। ਕਾਰ ਚਾਲਕ ਮੌਕੇ ’ਤੇ ਆਪਣੀ ਕਾਰ ਛੱਡ ਕੇ ਫਰਾਰ ਹੋ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੀ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਐਂਬੂਲੈਂਸ ਦੀ ਮਦਦ ਨਾਲ ਦੋਵਾਂ ਦੀਆਂ ਲਾਸਾਂ ਨੂੰ ਸਿਵਲ ਹਸਪਤਾਲ ਬਟਾਲਾ ਦੇ ਮੁਰਦਾਘਰ ’ਚ ਰਖਵਾਇਆ ਗਿਆ।
ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਹ ਹਾਦਸਾ ਅੱਜ ਸਵੇਰੇ ਲਗਭਗ 11 ਵਜੇ ਵਾਪਰਿਆ। ਮੋਟਰਸਾਈਕਲ ਸਵਾਰ ਨੌਜਵਾਨ ਤੇ ਔਰਤ ਹਾਈਵੇ ਪਾਰ ਕਰ ਰਹੇ ਸਨ ਤਾਂ ਪਿੱਛੇ ਤੋਂ ਆ ਰਹੀ ਇਕ ਤੇਜ ਰਫਤਾਰ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਅਤੇ ਲਗਭਗ 50 ਫੁੱਟ ਦੀ ਦੂਰੀ ਤਕ ਘਸੀਟ ਕੇ ਲੈ ਗਈ। ਜਿਸ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਤੇ ਔਰਤ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਹੈ। ਮਿ੍ਰਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ।
ਦੱਸਿਆ ਜਾ ਰਿਹਾ ਹੈ ਕਿ ਬਰੇਜਾ ਕਾਰ ਚਾਲਕ ਅੰਮ੍ਰਿਤਸਰ ਤੋਂ ਗੁਰਦਾਸਪੁਰ ਵੱਲ ਜਾ ਰਿਹਾ ਸੀ। ਇਹ ਵੀ ਦੱਸਿਆ ਜਾਂਦਾ ਹੈ ਕਿ ਕਾਰ ’ਚ ਤਿੰਨ ਵਿਅਕਤੀ ਸਵਾਰ ਸਨ। ਤਿੰਨੋਂ ਮੌਕੇ ਤੋਂ ਫਰਾਰ ਹੋ ਗਏ। ਉੱਥੇ ਹੀ ਮੌਕੇ ’ਤੇ ਪਹੁੰਚੇ ਥਾਣਾ ਸਦਰ ਦੇ ਤਫਤੀਸੀ ਅਫਸਰ ਏਐਸਆਈ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਅੰਮਿ੍ਰਤਸਰ ਰੋਡ ’ਤੇ ਇਕ ਬਾਈਕ ਸਵਾਰ ਤੇ ਇਕ ਔਰਤ ਦੀ ਕਾਰ ਨਾਲ ਟੱਕਰ ਹੋ ਗਈ। ਪਠਾਨਕੋਟ ਹਾਈਵੇਅ ’ਤੇ ਪਿੰਡ ਧੀਰ ਨੇੜੇ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮਿ੍ਰਤਕਾਂ ’ਚ ਮਾਂ-ਪੁੱਤ ਨਜਰ ਆ ਰਹੇ ਹਨ ਪਰ ਅਜੇ ਤਕ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਹੈ। ਮਿ੍ਰਤਕਾਂ ਤੇ ਕਾਰ ਨੂੰ ਟੱਕਰ ਮਾਰਨ ਵਾਲੇ ਕਾਰ ਚਾਲਕ ਦੀ ਪਹਿਚਾਣ ਕੀਤੀ ਜਾ ਰਹੀ ਹੈ। ਫਿਲਹਾਲ ਅਣਪਛਾਤੇ ਨੌਜਵਾਨ ਅਤੇ ਔਰਤ ਕੋਲੋਂ ਕੋਈ ਫੋਨ ਜਾਂ ਪਰਸ ਬਰਾਮਦ ਨਹੀਂ ਹੋਇਆ ਹੈ, ਜਾਂਚ ਜਾਰੀ ਹੈ।