ਆਈਸੀਸੀ ਟੀ-20 ਰੈਂਕਿੰਗ ’ਚ ਦੂਜੇ ਸਥਾਨ ’ਤੇ ਪਹੁੰਚੇ ਸੂੁਰਿਆ ਕੁਮਾਰ ਯਾਦਵ, ਪੜੋ ਪੂਰੀ ਖ਼ਬਰ
ਦੁਬਈ, 29 ਸਤੰਬਰ : ਭਾਰਤੀ ਬੱਲੇਬਾਜ਼ ਸੂੁਰਿਆ ਕੁਮਾਰ ਯਾਦਵ ਅੰਤਰਰਾਸ਼ਟਰੀ ਕ੍ਰਿਕਟ (ਆਈਸੀਸੀ) ਵੱਲੋਂ ਬੁੱਧਵਾਰ ਨੂੰ ਜਾਰੀ ਟੀ-20 ਅੰਤਰਰਾਸ਼ਟਰੀ ਮਰਦਾਂ ਦੀ ਰੈਂਕਿੰਗ ’ਚ ਬੱਲੇਬਾਜ਼ਾਂ ਦੀ ਸੂਚੀ ’ਚ ਇਕ ਵਾਰ ਫਿਰ ਕਰੀਅਰ ਦੇ ਸਰਬੋਤਮ ਦੂਜੇ ਸਥਾਨ ’ਤੇ ਪਹੁੰਚ ਗਏ।
ਆਸਟ੍ਰੇਲੀਆ ਖਿਲਾਫ ਤਿੰਨ ਮੈਚਾਂ ਦੀ ਟੀ-20 ਲੜੀ ਦੇ ਆਖਰੀ ਮੈਚ ’ਚ 36 ਗੇਂਦਾਂ ’ਚ 69 ਦੌੜਾਂ ਦੀ ਜੇਤੂ ਪਾਰੀ ਖੇਡਣ ਤੋਂ ਬਾਅਦ ਸੂਰਿਆ ਕੁਮਾਰ ਯਾਦਵ ਦੇ ਨਾਂ 801 ਰੇਟਿੰਗ ਅੰਕ ਆ ਗਏ ਹਨ। ਉਸ ਨੇ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੂੰ ਦੋ ਰੇਟਿੰਗ ਅੰਕਾਂ ਨਾਲ ਪਛਾੜ ਕੇ ਦੂਜਾ ਸਥਾਨ ਹਾਸਲ ਕੀਤਾ।
ਸੂਰਿਆ ਕੁਮਾਰ ਦੀ ਹੈਦਰਾਬਾਦ ’ਚ ਖੇਡੀ ਗਈ ਇਸ ਦਮਦਾਰ ਪਾਰੀ ਨਾਲ ਭਾਰਤ ਨੇ ਤਿੰਨ ਮੈਚਾਂ ਦੀ ਲੜੀ ਨੂੰ 2-1 ਨਾਲ ਆਪਣੇ ਨਾਂ ਕੀਤਾ। ਉਹ ਪਹਿਲਾਂ ਵੀ ਦੂਜੇ ਸਥਾਨ ’ਤੇ ਪਹੁੰਚ ਚੁੱਕਿਆ ਹੈ। ਉਸ ਨੇ ਅਗਸਤ ’ਚ ਵੈਸਟਇੰਡੀਜ਼ ਖਿਲਾਫ ਲੜੀ ’ਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਤੋਂ ਬਾਅਦ ਇਹ ਮੁਕਾਮ ਹਾਸਲ ਕੀਤਾ।
ਭਾਰਤੀ ਕਪਤਾਨ ਰੋਹਿਤ ਸ਼ਰਮਾ ਆਪਣੇ ਸਥਾਨ ’ਚੇ ਬਣਿਆ ਹੋਇਆ ਹੈ, ਜਦਕਿ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਰੈਂਕਿੰਗ ’ਚ ਇਕ ਸਥਾਨ ਦਾ ਸੁਧਾਰ ਕੀਤਾ ਹੈ। ਰੋਹਿਤ 13ਵੇਂ ਅਤੇ ਉਥੇ ਹੀ ਕੋਹਲੀ 15ਵੇਂ ਸਥਾਨ ’ਤੇ ਪਹੁੰਚ ਗਿਆ। ਰੋਹਿਤ ਨੇ ਆਸਟ੍ਰੇਰੀਆ ਲੜੀ ਦੀਆਂ ਤਿੰਨ ਪਾਰੀਆਂ ’ਚ ਲੜੀਵਾਰ 11, 46 ਅਤੇ 17 ਦੌੜਾਂ ਬਣਾਈਆਂ। ਕੋਹਲੀ ਨੇ ਇਨ੍ਹਾਂ ਮੈਚਾਂ ’ਚ 2, 11 ਤੇ 63 ਦੌੜਾਂ ਦੀਆਂ ਪਾਰੀਆਂ ਖੇਡੀਆਂ। ਇਸ ਲੜੀ ’ਚ 55, 10 ਅਤੇ ਇਕ ਦੌੜ ਦੀ ਪਾਰੀ ਖੇਡਣ ਵਾਲਾ ਭਾਰਤੀ ਉਪ ਕਪਤਾਨ ਲੋਕੇਸ਼ ਰਾਹੁਲ ਨੂੰ ਰੈਂਕਿੰਗ ’ਚ ਚਾਰ ਸਥਾਨ ਦਾ ਨੁਕਸਾਨ ਹੋਇਆ ਹੈ ਅਤੇ ਉਹ 22ਵੇਂ ਸਥਾਨ ’ਤੇ ਆ ਗਿਆ ਹੈ।
ਪਾਕਿਸਤਾਨ ਦੇ ਵਿਕਟਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ ਨੇ ਇੰਗਲੈਂਡ ਖਿਲਾਫ ਮੌਜੂਦਾ ਲੜੀ ’ਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਨਾਲ ਸਿਖਰ ’ਤੇ 861 ਰੇਟਿੰਗ ਅੰਕਾਂ ਨਾਲ ਆਪਣੀ ਸਥਿਤੀ ਹੋਰ ਮਜ਼ਬੂਤ ਕਰ ਲਈ ਹੈ। ਗੇਂਦਬਾਜ਼ਾਂ ’ਚ ਭਾਰਤੀ ਸਪਿਨਰ ਅਕਸ਼ਰ ਪਟੇਲ (18ਵੇਂ) ਤੇ ਯੁਜਵੇਂਦਰਾ ਸਿੰਘ ਚਹਿਲ (26ਵੇਂ) ਤੇ ਤੇਜ਼ ਗੇਂਦਬਾਜ਼ ਹਰਸ਼ਲ ਪਟੇਲ (37ਵੇਂ) ਆਪਣੀ-ਆਪਣੀ ਰੈਂਕਿੰਗ ’ਚ ਸੁਧਾਰ ਕਰਨ ’ਚ ਸਫਲ ਰਹੇ। ਗੇਂਦਬਾਜ਼ਾਂ ਦੀ ਰੈਂਕਿੰਗ ਦੀ ਅਗਵਾਈ ਆਸਟ੍ਰੇਲੀਆ ਦਾ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁਡ ਕਰ ਰਿਹਾ ਹੈ।
ਭੁਵਨੇਸ਼ਵਰ ਕੁਮਾਰ ਨੂੰ ਨੁਕਸਾਨ ਝੱਲਣਾ ਪਿਆ ਅਤੇ ਉਹ 10ਵੇਂ ਸਥਾਨ ’ਤੇ ਪਹੁੰਚ ਗਿਆ। ਹੋਰਨਾਂ ਬੱਲੇਬਾਜ਼ਾਂ ’ਚ ਮੈਥਿਊ ਵੇਡ (67ਵੇਂ), ਕੈਮਰਨ ਗ੍ਰੀਨ (67ਵੇਂ) ਤੇ ਟਿਮ ਡੇਵਿਡ (109ਵੇਂ) ਬੱਲੇਬਾਜ਼ੀ ਰੈਂਕਿੰਗ ’ਚ ਸੁਧਾਰ ਕਰਨ ਵਾਲੇ ਆਸਟ੍ਰੇਲੀਆਈ ਖਿਡਾਰੀ ਹਨ। ਗ੍ਰੀਨ ਤੇ ਡੇਵਿਡ ਨੇ ਭਾਰਤ ਖਿਲਾਫ ਲੜੀ ਦੇ ਆਖਰੀ ਮੈਚ ’ਚ ਅਰਧ ਸੈਂਕੜਾ ਲਾਇਆ ਸੀ।
ਇੰਗਲੇੈਂਡ ਦੇ ਬੱਲੇਬਾਜ਼ ਹੈਰੀ ਬਰੂਕ ਨੇ ਪਾਕਿਸਤਾਨ ਦੇ ਖਿਲਾਫ 31, 81 ਨਾਟਆਊਟ ਤੇ 34 ਦੌੜਾਂ ਦੀਆਂ ਪਾਰੀਆਂ ਦੇ ਜ਼ੋਰ ’ਤੇ ਰੈਂਕਿੰਗ ’ਚ ਅੱਠ ਸਥਾਨ ਦਾ ਸੁਧਾਰ ਕੀਤਾ। ਉਹ 29ਵੇਂ ਸਥਾਨ ’ਤੇ ਹੈ। ਟੀਮ ਦੇ ਉਸਦੇ ਸਾਥੀ ਖਿਡਾਰੀ ਬੇਨ ਡਕੇਟ ਇਨ੍ਹਾਂ ਤਿੰਨਾਂ ਮੈਚਾਂ ’ਚ 43, ਨਾਟਆਊਟ 70 ਅਤੇ 33 ਦੌੜਾਂ ਬਣਾਕੇ ਰੈਂਕਿੰਗ ’ਚ ਸੁਧਾਰ ਦੇ ਨਾਲ 32ਵੇਂ ਸਥਾਨ ’ਤੇ ਪਹੁੰਚ ਗਿਆ ਹੈ।