‘ਜ਼ੀਰੋ ਲਾਈਨ’ ਤਕ ਵਧਾਈ ਜਾਵੇਗੀ ਕੰਡਿਆਲੀ ਤਾਰ : ਭਗਵੰਤ ਮਾਨ
ਫ਼ਿਰੋਜ਼ਪੁਰ, 29 ਸਤੰਬਰ : ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਜਿਹੜੇ ਕਿਸਾਨਾਂ ਦੀ ਜ਼ਮੀਨ ਤਾਰੋਂ ਪਾਰ ਹੈ, ਨੂੰ ਖੇਤੀ ਕਰਨ ਜਾਣ ਲਈ ਕਾਫੀ ਖੱਜਲ-ਖੁਆਰ ਹੋਣਾ ਪੈਂਦਾ ਹੈ। ਉਨ੍ਹਾਂ ਲਈ ਚੰਗੀ ਖ਼ਬਰ ਇਹ ਹੈ ਕਿ ਕੰਡਿਆਲੀ ਤਾਰ ਨੂੰ ਜ਼ੀਰੋ ਲਾਈਨ ਤੱਕ ਲਿਜਾਏ ਜਾਣ ਸਬੰਧੀ ਪੰਜਾਬ ਸਰਕਾਰ ਦੀ ਬੀਐਸਐਫ ਨਾਲ ਗੱਲਬਾਤ ਚੱਲ ਰਹੀ ਹੈ।
ਇਹ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਸਥੱਲ ਹੁਸੈਨੀਵਾਲਾ ਵਿਖੇ ਨਤਮਸਤਕ ਹੋਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਂਝੀ ਕੀਤੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਇਹ ਉਪਰਾਲਾ ‘ਕਰਾਸ ਟਾਰਗੇਟ ਫਾਰਮਿੰਗ’ ਲਈ ਜਾ ਰਹੇ ਕਿਸਾਨਾਂ ਦੀ ਸਹੂਲਤ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀਐਸਐਫ ਦਾ ਜ਼ਿਆਦਾਤਰ ਸਮਾਂ ਆਪਣੇ ਹੀ ਕਿਸਾਨਾਂ ਦੀ ਤਲਾਸ਼ੀ ਅਤੇ ਉਨ੍ਹਾਂ ਦੀ ਨਿਗ੍ਹਾਬੀਨੀ ’ਚ ਲੰਘ ਜਾਂਦਾ ਹੈ। ਬੀਐਸਐਫ 16-16 ਘੰਟੇ ਆਪਣੇ ਹੀ ਲੋਕਾਂ ਦੀ ਜਾਂਚ ’ਚ ਰੁੱਝੀ ਹੋਈ ਹੈ। ਜਦੋਂ ਉਹ ਖੇਤ ਜਾਂਦੇ ਹਨ ਅਤੇ ਫਿਰ ਵਾਪਸ ਆਉਂਦੇ ਹਨ ਤਾਂ ਜਾਂਚ ਉਨ੍ਹਾਂ ਨੂੰ ਵਿਅਸਤ ਰੱਖਦੀ ਹੈ।
ਜੇ ਤਾਰ ਹੋਰ ਅੱਗੇ ਜਾਂਦੀ ਹੈ ਤਾਂ ਕਿਸਾਨਾਂ ਦੀ ਜ਼ਮੀਨ ਤਾਰ ਦੇ ਅੱਗੇ ਆ ਜਾਵੇਗੀ ਅਤੇ ਕਿਸਾਨ ਆਪਣੀ ਸਹੂਲਤ ਅਨੁਸਾਰ ਫ਼ਸਲ ਦੀ ਬਿਜਾਈ ਕਰ ਸਕਣਗੇ। ਇਸ ਵੇਲੇ ਕਿਸਾਨ ਸਿਰਫ਼ ਦੋ ਫ਼ਸਲਾਂ ਹੀ ਬੀਜ ਸਕਦੇ ਹਨ। ਜੇਕਰ ਅਜਿਹਾ ਫ਼ੈਸਲਾ ਲਿਆ ਜਾਂਦਾ ਹੈ ਤਾਂ ਸਰਹੱਦੀ ਕਿਸਾਨਾਂ ਨੂੰ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਜਿੰਨਾ ਹੋ ਸਕਿਆ, ਉਹ ਤਾਰ ਨੂੰ ਅੱਗੇ ਲੈ ਜਾਣ ਦੀ ਗੱਲ ਕਰਨਗੇ।