ਚੋਹਲਾ ਸਾਹਿਬ/ਤਰਨਤਾਰਨ,16 ਫਰਵਰੀ (ਰਾਕੇਸ਼ ਨਈਅਰ)ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸਥਾਨਕ ਗੁਰੂ ਅਰਜਨ ਦੇਵ ਖਾਲਸਾ ਕਾਲਜ ਅਤੇ ਕਾਲਜੀਏਟ ਸਕੂਲ ਚੋਹਲਾ ਸਾਹਿਬ ਵਿਖੇ ਪ੍ਰਿੰਸੀਪਲ ਡਾ.ਕਵਲਜੀਤ ਕੌਰ ਦੀ ਰਹਿਨੁਮਾਈ ਹੇਠ ‘ਨਵੀਂ ਸਿੱਖਿਆ ਨੀਤੀ’ ਅਤੇ ਹੋਰ ਵਿੱਦਿਅਕ ਚੁਣੌਤੀਆਂ ਬਾਰੇ ਵਿਚਾਰ ਵਿਟਾਂਦਰਾ ਕਰਨ ਲਈ ਇਲਾਕੇ ਦੇ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ ਨਾਲ ਮਿਲਣੀ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਇਲਾਕੇ ਦੇ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ ਨੇ ਉਤਸ਼ਾਹ ਨਾਲ ਹਿੱਸਾ ਲਿਆ।ਇਸ ਮੌਕੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਚੋਹਲਾ ਸਾਹਿਬ ਦੇ ਸੀਨੀਅਰ ਅਧਿਆਪਕ ਕਸ਼ਮੀਰ ਸਿੰਘ ਸੰਧੂ,ਐਮਐਸਐਮ ਕਾਨਵੇਂਟ ਸਕੂਲ ਦੇ ਪ੍ਰਿੰਸੀਪਲ ਰਕੇਸ਼ ਕੁਮਾਰ,ਨਿਊ ਲਾਈਫ ਪਬਲਿਕ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਸਰੋਜ਼ ਬਾਲਾ, ਸ਼ਾਹ ਹਰਬੰਸ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਰਾਣੀਵਲਾਹ ਤੋਂ ਨਿਰਭੈ ਸਿੰਘ, ਸੰਤ ਬਾਬਾ ਤਾਰਾ ਸਿੰਘ ਪਬਲਿਕ ਸਕੂਲ ਭੱਠਲ ਸਹਿਜਾ ਸਿੰਘ ਤੋਂ ਵਿਕਰਮਜੀਤ ਸਿੰਘ ਅਤੇ ਮੈਡਮ ਕਰਮਜੀਤ ਕੌਰ ਨੇ ਸ਼ਿਰਕਤ ਕੀਤੀ।ਆਏ ਹੋਏ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ ਨੂੰ ਕੈਂਪਸ ਵਿੱਚ ਪਹੁੰਚਣ ਤੇ ਕਾਲਜ਼ ਦੇ ਪ੍ਰਿੰਸੀਪਲ ਡਾ.ਕਵਲਜੀਤ ਕੌਰ ਨੇ ਪੌਦੇ ਦੇ ਕੇ ਜੀ ਆਇਆਂ ਆਖਿਆ।ਇਸ ਮੌਕੇ ਕਾਲਜ ਪ੍ਰਿੰਸੀਪਲ ਡਾ.ਕਵਲਜੀਤ ਕੌਰ ਨੇ ਆਧੁਨਿਕ ਸਮੇਂ ਵਿੱਚ ਵਿਦਿਅਕ ਖੇਤਰ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਸਾਹਮਣੇ ਆ ਰਹੀਆਂ ਚੁਣੌਤੀਆਂ ਅਤੇ ਨਵੀਂ ਸਿੱਖਿਆ ਨੀਤੀ ਨਾਲ ਸਬੰਧਤ ਆਪਣੇ ਵਿਚਾਰ ਸਭ ਨਾਲ ਸਾਂਝੇ ਕੀਤੇ।ਇਸ ਮੌਕੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਚੋਹਲਾ ਸਾਹਿਬ ਦੇ ਵਾਈਸ ਪ੍ਰਿੰਸੀਪਲ ਕਸ਼ਮੀਰ ਸਿੰਘ ਸੰਧੂ ਨੇ ਵਿਦਿਆਰਥੀ ਅਤੇ ਅਧਿਆਪਕ ਵਰਗ ਨੂੰ ਪੇਸ਼ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਅਧਿਆਪਕ ਵਰਗ ਨੂੰ ਆਪਣੀ ਜ਼ਿਮੇਵਾਰੀ ਤਨ,ਮਨ ਨਾਲ ਨਿਭਾਉਣ ਤੇ ਦੇਸ਼ ਦੇ ਵਿਕਾਸ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਲਈ ਪ੍ਰੇਰਿਆ।ਇਸ ਮੌਕੇ ਐਮਐਸਐਮ ਕਾਨਵੇਂਟ ਸਕੂਲ ਦੇ ਪ੍ਰਿੰਸੀਪਲ ਰਕੇਸ਼ ਕੁਮਾਰ ਨੇ ਵਿਦਿਆਰਥੀ ਤੇ ਅਧਿਆਪਕ ਵਰਗ ਨੂੰ ਸਮੇਂ ਦੇ ਨਾਲ ਆ ਰਹੀਆਂ ਤਬਦੀਲੀਆਂ ਨੂੰ ਚੁਣੌਤੀਆਂ ਸਮਝ ਕੇ ਇਨ੍ਹਾਂ ਦਾ ਸਾਹਮਣਾ ਕਰਨ ਦੀ ਸਿੱਖਿਆ ਦਿੱਤੀ ਅਤੇ ਵਿਦਿਆਰਥੀਆਂ ਨੂੰ ਆਪਣੇ ਨਿੱਜੀ ਵਿਕਾਸ ਤੇ ਆਪਣੇ ਮਕਸਦ ਵਿੱਚ ਸਪਸ਼ਟ ਰਹਿਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਪ੍ਰੋਫੈਸਰ ਤ੍ਰਿਪਤ ਕੌਰ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ।ਇਸ ਮੌਕੇ ਪ੍ਰੋਫੈਸਰ ਪ੍ਰਿਤਬੀਰ ਕੌਰ ਅਤੇ ਪ੍ਰੋ: ਜਤਿੰਦਰ ਕੌਰ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ। ਅਖੀਰ ਵਿੱਚ ਆਏ ਹੋਏ ਮਹਿਮਾਨਾਂ ਨੂੰ ਕਾਲਜ਼ ਦੇ ਪ੍ਰਿੰਸੀਪਲ ਡਾ.ਕਵਲਜੀਤ ਕੌਰ ਵਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਕਾਲਜ ਦਾ ਸਮੁੱਚਾ ਟੀਚਿੰਗ ਤੇ ਨਾਨ-ਟੀਚਿੰਗ ਸਟਾਫ ਹਾਜ਼ਰ ਸੀ।