ਤੀਜੀ ਯੰਗ ਖ਼ਾਲਸਾ ਮੈਰਾਥਨ ਨੂੰ ਕੈਬਨਿਟ ਮੰਤਰੀ ਬੈਂਸ ਨੇ ਝੰਡੀ ਵਿਖਾਕੇ ਕੀਤਾ ਰਵਾਨਾ
ਪਟਿਆਲਾ, 3 ਅਕਤੂਬਰ : ਪੰਜਾਬ ਦੇ ਜੇਲ੍ਹਾਂ ਤੇ ਸਕੂਲ ਸਿੱਖਿਆ ਵਿਭਾਗਾਂ ਦੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਯੰਗ ਖ਼ਾਲਸਾ ਫਾਊਂਡੇਸ਼ਨ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ’ਚ ਕਰਵਾਈ ਤੀਸਰੀ ਯੰਗ ਖ਼ਾਲਸਾ ਮੈਰਾਥਨ ਨੂੰ ਝੰਡੀ ਦੇ ਕੇ ਰਵਾਨਾ ਕੀਤਾ।
ਉਨ੍ਹਾਂ ਦੇ ਨਾਲ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਗੁਰਦੇਵ ਸਿੰਘ ਦੇਵ ਮਾਨ, ਐੱਸਐੱਸਪੀ ਸੰਗਰੂਰ ਮਨਦੀਪ ਸਿੰਘ ਸਿੱਧੂ, ਯੰਗ ਖ਼ਾਲਸਾ ਫਾਊਂਡੇਸ਼ਨ ਦੇ ਮੁੱਖ ਸੇਵਾਦਾਰ ਭਵਨਪੁਨੀਤ ਸਿੰਘ, ਬਲੇਡ ਰਨਰ ਮੇਜਰ ਡੀਪੀ ਸਿੰਘ, ਪੰਜਾਬੀ ਫਿਲਮ ਕਲਾਕਾਰ ਜਰਨੈਲ ਸਿੰਘ, ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਹੈਡੱ ਗ੍ਰੰਥੀ ਗਿਆਨੀ ਪਿ੍ਰਤਪਾਲ ਸਿੰਘ ਤੇ ਗਿਆਨੀ ਪ੍ਰਣਾਮ ਸਿੰਘ, ਗਿਆਨੀ ਫੂਲਾ ਸਿੰਘ ਤੇ ਗਿਆਨੀ ਹਰਵਿੰਦਰ ਸਿੰਘ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਬੈਂਸ ਨੇ ਗ਼ੈਰ-ਰਸਮੀ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ’ਚ ਦੁਬਾਰਾ ਹਾਸੇ-ਖੇੜੇ ਅਤੇ ਖੇਡਾਂ ਮੁੜ ਪਰਤ ਆਈਆਂ ਹਨ ਜਿਸ ਤੋਂ ਉਮੀਦ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਾਡਾ ਪੰਜਾਬ ਮੁੜ ਤੋਂ ਰੰਗਲਾ ਪੰਜਾਬ ਬਣੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਅਤੇ ਖੇਡਾਂ ਨਾਲ ਜੋੜਨ ਵਾਸਤੇ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕਰਵਾਈਆਂ ਹਨ ਅਤੇ ਸਕੂਲਾਂ-ਕਾਲਜਾਂ ’ਚ ਵੀ ਖੇਡ ਸੱਭਿਆਚਾਰ ਪ੍ਰਫੁਲਿਤ ਹੋ ਰਿਹਾ ਹੈ, ਜੋ ਕਿ ਸ਼ੁਭ ਸ਼ਗਨ ਹੈ।
ਇਸ ਤੋਂ ਪਹਿਲਾਂ ਬੈਂਸ ਨੇ ਯੰਗ ਖ਼ਾਲਸਾ ਫਾਊਂਡੇਸ਼ਨ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿਹਤ ਸਭ ਤੋਂ ਵੱਡੀ ਦੌਲਤ ਹੈ, ਜਿਸ ਲਈ ਸਭ ਨੂੰ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਕਿ ਪਟਿਆਲਾ ਤੇ ਸਾਡਾ ਪੰਜਾਬ ਹੱਸਦਾ, ਵੱਸਦਾ, ਤੰਦਰੁਸਤ ਅਤੇ ਖ਼ੁਸ਼ਹਾਲ ਰਹੇ।
ਇਸ ਮੌਕੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਕਿਹਾ ਕਿ ਭਵਨਪੁਨੀਤ ਸਿੰਘ ਅਤੇ ਯੰਗ ਖ਼ਾਲਸਾ ਫਾਊਂਡੇਸ਼ਨ ਦੀ ਸਮੁੱਚੀ ਟੀਮ ਵੱਲੋਂ ਕਰਵਾਈ ਤੀਸਰੀ ਯੰਗ ਖ਼ਾਲਸਾ ਮੈਰਾਥਨ ਇਕੱਲੇ ਪਟਿਆਲਾ ਸ਼ਹਿਰ ਦਾ ਹੀ ਨਹੀਂ ਬਲਕਿ ਰਾਜ ਪੱਧਰੀ ਈਵੈਂਟ ਹੋ ਨਿਬੜਿਆ ਹੈ ਕਿਉਂਕਿ ਇਸ ’ਚ ਹਰ ਉਮਰ ਵਰਗ ਦੇ ਲਗਭਗ 5000 ਵਿਅਕਤੀਆਂ ਨੇ ਸ਼ਿਰਕਤ ਕਰਕੇ ਇਸ ਨੂੰ ਕਾਮਯਾਬ ਬਣਾਇਆ ਹੈ। ਇਸ ਮੌਕੇ ਜੇਤੂਆਂ ਨੂੰ ਸਨਮਾਨਤ ਵੀ ਕੀਤਾ ਗਿਆ।