ਅੰਮ੍ਰਿਤਪਾਲ ਸਿੰਘ ਵੱਲੋਂ ਪ੍ਰਭੂ ਯਿਸ਼ੂ ਮਸੀਹ ਖ਼ਿਲਾਫ਼ ਵਰਤੀ ਗਈ ਸ਼ਬਦਾਵਲੀ ਦੀ ਈਸਾਈ ਸੰਗਠਨਾਂ ਵੱਲੋਂ ਸਖ਼ਤ ਨਿੰਦਾ, ਕਾਰਵਾਈ ਦੀ ਮੰਗ
ਜਲੰਧਰ, 16 ਅਕਤੂਬਰ : ਬੀਤੇ ਦਿਨੀਂ ‘ਵਾਰਿਸ ਪੰਜਾਬ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਵੱਲੋਂ ਪ੍ਰਭੂ ਯਿਸ਼ੂ ਮਸੀਹ ਦੇ ਖ਼ਿਲਾਫ਼ ਵਰਤੀ ਗਈ ਸ਼ਬਦਾਵਲੀ ਦੀ ਈਸਾਈ ਸੰਗਠਨਾਂ ਨੇ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ ਹੈ। ਸੰਗਠਨਾਂ ਦੇ ਪ੍ਰਤੀਨਿਧੀਆਂ ਨੇ ਗਲਤ ਸ਼ਬਦਾਵਲੀ ਵਰਤਣ ਵਾਲੇ ਅੰਮ੍ਰਿਤਪਾਲ ਸਿੰਘ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਨੂੰ ਲੈ ਕੇ ਸਰਕਾਰ ਨੂੰ ਮੰਗ ਪੱਤਰ ਦਿੱਤਾ।
ਸੰਗਠਨਾਂ ਦੇ ਆਗੂਆਂ ਜਤਿੰਦਰ ਮਸੀਹ ਗੌਰਵ ਪ੍ਰਧਾਨ ਮਸੀਹ ਐਕਸ਼ਨ ਕਮੇਟੀ, ਹਮੀਦ ਮਸੀਹ ਪ੍ਰਧਾਨ ਪੰਜਾਬ ਕਿ੍ਰਸ਼ਚੀਅਨ ਮੂਵਮੈਂਟ, ਈਸਾਈ ਨੇਤਾ ਪੀਟਰ ਮਸੀਹ ਚੀਡਾ, ਬਟਾਲਾ, ਆਰਿਫ ਮਸੀਹ ਚੌਹਾਨ ਡੇਰਾ ਬਾਬਾ ਨਾਨਕ, ਜੌਹਨ ਕੋਟਲੀ ਅੰਮ੍ਰਿਤਸਰ, ਸਨਾਵਰ ਮਸੀਹ ਭੱਟੀ, ਪਾਸਟਰ ਤਰਸੇਮ ਮਸੀਹ ਪ੍ਰਧਾਨ ਹੋਸਨਾ ਪੰਜਾਬੀ ਮਨਿਸਟਰੀ, ਪਾਸਟਰ ਸਵਿੰਦਰ ਮਸੀਹ ਗਿੱਲ ਡਾਇਰੈਕਟਰ ਯੂਨਾਈਟਿਡ ਪਾਸਟਰ ਐਸੋਸੀਏਸ਼ਨ ਨੇ ਕਿਹਾ ਕਿ ਅੰਮ੍ਰਿਤਪਾਲ ਆਪਣੀਆਂ ਹੱਦਾਂ ਪਾਰ ਕਰ ਰਿਹਾ ਹੈ।
ਅੰਮ੍ਰਿਤਪਾਲ ਵੱਲੋਂ ਵਰਤੀ ਗਈ ਸ਼ਬਦਾਵਲੀ ਨਾਲ ਮਸੀਹ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਜਿਸ ਨਾਲ ਭਾਈਚਾਰੇ ’ਚ ਰੋਸ ਪਾਇਆ ਜਾ ਰਿਹਾ ਹੈ। ਉਕਤ ਆਗੂਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜੇਕਰ ਅੰਮ੍ਰਿਤਪਾਲ ਸਿੰਘ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ 17 ਅਕਤੂਬਰ ਨੂੰ ਪੀਏਪੀ ਚੌਕ ਬੰਦ ਕਰਕੇ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਧਰਨਾ ਦਿੱਤਾ ਜਾਵੇਗਾ।