Home » ਡੇਰਾ ਮੁਖੀ ਦੀ ਪੈਰੋਲ ’ਤੇ ਭੜਕੇ ਸਿੱਖ ਆਗੂ, ਕੇਂਦਰ ਸਰਕਾਰ ਵਿਰੁੱਧ ਦਿੱਤੀ ਤਿੱਖੀ ਪ੍ਰਤੀਕਿਰਿਆ

ਡੇਰਾ ਮੁਖੀ ਦੀ ਪੈਰੋਲ ’ਤੇ ਭੜਕੇ ਸਿੱਖ ਆਗੂ, ਕੇਂਦਰ ਸਰਕਾਰ ਵਿਰੁੱਧ ਦਿੱਤੀ ਤਿੱਖੀ ਪ੍ਰਤੀਕਿਰਿਆ

by Rakha Prabh
121 views

ਡੇਰਾ ਮੁਖੀ ਦੀ ਪੈਰੋਲ ’ਤੇ ਭੜਕੇ ਸਿੱਖ ਆਗੂ, ਕੇਂਦਰ ਸਰਕਾਰ ਵਿਰੁੱਧ ਦਿੱਤੀ ਤਿੱਖੀ ਪ੍ਰਤੀਕਿਰਿਆ
ਚੰਡੀਗੜ੍ਹ, 16 ਅਕਤੂਬਰ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਅਦਾਲਤ ਵੱਲੋਂ 40 ਦਿਨ ਦੀ ਪੈਰੋਲ ਦਿਤੀ ਗਈ ਹੈ। ਇਸ ਫੈਸਲੇ ਉਪਰੰਤ ਸਿੱਖਾਂ ਖਾਸ ਕਰਕੇ ਸਜਾਵਾਂ ਪੁਰੀਆਂ ਕਰ ਚੁਕੇ ਬੰਦੀ ਸਿੰਘਾਂ ਦੇ ਮਨਾਂ ਨੂੰ ਭਾਰੀ ਠੇਸ ਪੁੱਜੀ ਹੈ। ਇਸ ਮੌਕੇ ਸਿੱਖ ਕੌਮ ਦੀ ਅਗਵਾਈ ਕਰ ਰਹੇ ਪੰਥਕ ਆਗੂਆਂ ਵੱਲੋਂ ਰੋਸ ਦਾ ਜ਼ਾਹਰ ਕੀਤਾ ਹੈ।

ਜ਼ਿਕਰਕਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ 9 ਬੰਦੀ ਸਿੰਘਾਂ ਦੀ, ਜਿਹਡੇ ਪੰਜਾਬ ’ਚ ਹਿੰਸਕ ਦੌਰ ਸਮੇਂ ਵੱਖ-ਵੱਖ ਜ਼ੁਰਮਾਂ ’ਚ ਸ਼ਾਮਲ ਰਹੇ ਹਨ, ਦੀ ਰਿਹਾਈ ਲਈ ਕੇਂਦਰ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ। ਲਗਭਗ ਢਾਈ-ਤਿੰਨ ਦਹਾਕਿਆਂ ਤੋਂ ਜੇਲ੍ਹਾਂ ’ਚ ਨਜ਼ਰਬੰਦ ਇਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕੇਂਦਰ ਸਰਕਾਰ ਨੇ ਐਲਾਨ ਵੀ ਕੀਤਾ ਸੀ ਪਰ ਇਨ੍ਹਾਂ ਦੀ ਰਿਹਾਈ ਨਹੀਂ ਹੋ ਸਕੀ। ਸ੍ਰੀ ਅਕਾਲ ਤਖਤ ਸਾਹਿਬ ਨੇ ਕਈ ਮਹੀਨੇ ਪਹਿਲਾਂ ਇਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਕਮੇਟੀ ਨੂੰ ਵੱਡੇ ਪੱਧਰ ’ਤੇ ਕਾਨੂੰਨੀ ਪੈਰਵਾਈ ਕਰਨ ਦਾ ਆਦੇਸ਼ ਦਿੱਤਾ ਸੀ।

ਡੇਰਾ ਸਿਰਸਾ ਮੁਖੀ ਨੂੰ ਇਕ ਸਾਲ ਦੇ ਅੰਦਰ ਤੀਜੀ ਵਾਰ ਮਿਲੀ ਪੈਰੋਲ ਦੇ ਪ੍ਰਸੰਗ ’ਚ ਭਾਰਤੀ ਕਾਨੂੰਨ-ਪ੍ਰਣਾਲੀ ਪ੍ਰਤੀ ਬੇਵਿਸਾਹੀ ਭਰੀ ਟਿੱਪਣੀ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਹਾਥੀ ਦੇ ਦੰਦ ਦਿਖਾਉਣ ਨੂੰ ਹੋਰ ਤੇ ਖਾਣ ਨੂੰ ਹੋਰ ਵਾਲੀ ਕਹਾਵਤ ਭਾਰਤੀ ਕਾਨੂੰਨ ’ਤੇ ਪੂਰੀ ਤਰ੍ਹਾਂ ਢੁੱਕਦੀ ਹੈ। ਹਰਿਆਣਾ ਦੀ ਆਦਮਪੁਰ ਜ਼ਿਮਨੀ ਚੋਣ ਤੋਂ ਐਨ ਪਹਿਲਾਂ ਡੇਰਾ ਮੁਖੀ ਨੂੰ ਪੈਰੋਲ ਮਿਲਣ ਤੋਂ ਬਾਅਦ ਸ਼ੁੱਕਰਵਾਰ ਦੀ ਦੇਰ ਰਾਤ ਨੂੰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਅਧਿਕਾਰਤ ਫੇਸਬੁਕ ਪੇਜ਼ ’ਤੇ ਸਟੇਟਸ ਲਿਖ ਕੇ ਕਿਹਾ ਹੈ ਕਿ ਸਕੂਲ ’ਚ ਪੜਾਇਆ ਜਾਂਦਾ ਸੀ ਕਿ ਕਾਨੂੰਨ ਦੀ ਨਜ਼ਰ ’ਚ ਸਭ ਬਰਾਬਰ ਹਨ ਪਰ ਅਜਿਹੀ ਨਹੀਂ ਹੈ।

ਡੇਰਾ ਮੁਖੀ ਨੂੰ ਮਿਲੀ ਪੈਰੋਲ ਨੂੰ ਲੈ ਕੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਨੇ ਕਿਹਾ ਕਿ ਡੇਰਾ ਮੁਖੀ ਨੂੰ ਪੈਰੋਲ ਦੇਣਾ ਸਿੱਖ ਕੌਮ ਖਾਸ ਕਰਕੇ ਬੰਦੀ ਸਿੰਘਾਂ ਨਾਲ ਵੱਡਾ ਧੱਕਾ ਹੈ। ਦੇਸ਼ ਦੀ ਨਿਆਂ ਪ੍ਰਣਾਲੀ ਵੱਲੋਂ ਇਕ ਪਾਸੇ ਸਿੱਖ ਕੈਦੀ ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਉਨ੍ਹਾਂ ਦੀ ਕੋਈ ਰਿਹਾਈ ਨਹੀਂ ਕੋਈ ਜ਼ਮਾਨਤ ਨਹੀਂ ਅਤੇ ਨਾ ਹੀ ਉਨਾਂ ਨੂੰ ਕੋਈ ਪੈਰੋਲ ਦਿੱਤੀ ਜਾ ਰਹੀ ਹੈ ਦੂਜੇ ਪਾਸੇ ਗੰਭੀਰ ਦੋਸ਼ਾਂ ਤਹਿਤ ਸਜ਼ਾ ਭੁਗਤ ਰਹੇ ਡੇਰਾ ਮੁਖੀ ਨੂੰ ਇੱਕ ਸਾਲ ’ਚ ਤੀਜੀ ਵਾਰ ਪੈਰੋਲ ਦਿੱਤੀ ਗਈ। ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਦੇਸ਼ ਦਾ ਕਾਨੂੰਨ ਅਤੇ ਨਿਆਂ ਪ੍ਰਣਾਲੀ ਸਿੱਖਾਂ ਵਾਸਤੇ ਹੋਰ ਅਤੇ ਬਾਕੀਆਂ ਵਾਸਤੇ ਹੋਰ ਹੈ।

Related Articles

Leave a Comment