ਕਾਰਪੋਰੇਟੀ ਲੁੱਟ ਹੋਰ ਤਿੱਖੀ ਕਰਨ ਲਈ ਯਤਨਸ਼ੀਲ ਮੋਦੀ-ਸ਼ਾਹ ਸਰਕਾਰ ਵਿਰੁੱਧ ਦੇਸ਼ ਪੱਧਰ ’ਤੇ ਪ੍ਰਚੰਡ ਜਨ ਸੰਘਰਸ਼ ਵਿੱਢਣ ਦਾ ਐਲਾਨ
2024 ਦੀਆਂ ਲੋਕ ਸਭਾ ਚੋਣਾਂ ’ਚ ਇਸ ਲੋਕ ਮਾਰੂ ਦੇਸ਼ ਵਿਰੋਧੀ ਮੋਦੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਦਾ ਸੱਦਾ
ਜਲੰਧਰ, 9 ਜੁਲਾਈ, 2023: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਪੰਜਾਬ ਰਾਜ ਕਮੇਟੀ ਦੀ ਸਾਥੀ ਹਰਕੰਵਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਨ ਲਈ ਉਚੇਚੇ ਪੁੱਜੇ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਫਿਰਕੂ-ਫਾਸ਼ੀਵਾਦੀ ਸ਼ਕਤੀਆਂ ਦੀਆਂ ਵੰਡਵਾਦੀ ਸਾਜ਼ਿਸ਼ਾਂ ਨੂੰ ਪੂਰ ਚੜ੍ਹਾਉਣ ਅਤੇ ਬੇਰਹਿਮ ਕਾਰਪੋਰੇਟੀ ਲੁੱਟ ਹੋਰ ਤਿੱਖੀ ਕਰਨ ਲਈ ਯਤਨਸ਼ੀਲ ਮੋਦੀ-ਸ਼ਾਹ ਸਰਕਾਰ ਵਿਰੁੱਧ ਦੇਸ਼ ਪੱਧਰ ’ਤੇ ਪ੍ਰਚੰਡ ਜਨ ਸੰਘਰਸ਼ ਵਿੱਢਣ ਅਤੇ 2024 ਦੀਆਂ ਲੋਕ ਸਭਾ ਚੋਣਾਂ ’ਚ ਇਸ ਲੋਕ ਮਾਰੂ ਦੇਸ਼ ਵਿਰੋਧੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਦਾ ਸੱਦਾ ਦਿੱਤਾ ਹੈ।
ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਰਾਜ ਕਮੇਟੀ ਦੇ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਦੱਸਿਆ ਕਿ ਉਪਰੋਕਤ ਸੇਧ ਵਿੱਚ ਵਿਸ਼ਾਲ ਲੋਕ ਲਾਮਬੰਦੀ ਦੇ ਉਦੇਸ਼ ਤਹਿਤ 28 ਜੁਲਾਈ ਨੂੰ ਬਰਨਾਲਾ ਅਤੇ 6 ਅਗਸਤ ਨੂੰ ਜਲੰਧਰ ਵਿਖੇ ਭਰਵੀਆਂ ਕਨਵੈਨਸ਼ਨਾਂ ਸੱਦੀਆਂ ਜਾਣਗੀਆਂ। ਸਾਥੀ ਜਾਮਾਰਾਏ ਨੇ ਅੱਗੋਂ ਦੱਸਿਆ ਕਿ ਲੋਕਾਈ ਨੂੰ ਕਾਰਪੋਰੇਟ ਪੱਖੀ ਫਿਰਕੂ-ਫਾਸ਼ੀ ਸੱਤਾ ਦੇ ਤਬਾਹਕੁੰਨ ਮਨਸੂਬਿਆਂ ਤੋਂ ਜਾਣੂੰ ਕਰਵਾਉਣ ਲਈ ਪਾਰਟੀ ਦੇ ਦੋ ਜੱਥੇ ਸਤੰਬਰ ਮਹੀਨੇ ਦੇ ਪਹਿਲੇ ਪੰਦਰਵਾੜੇ ਦੌਰਾਨ ਸੂਬੇ ਦੇ ਸਾਰੇ ਜਿਲ੍ਹਿਆਂ ਵਿੱਚ ਵਿਸ਼ਾਲ ਜਨ ਸਭਾਵਾਂ ਨੂੰ ਸੰਬੋਧਨ ਕਰਨਗੇ। ਉਕਤ ਚੇਤਨਾ ਮਾਰਚਾਂ ਰਾਹੀਂ ਲੋਕਾਈ ਨੂੰ ਮੋਦੀ ਸਰਕਾਰ ਦੀਆਂ ਦੇਸ਼ ਦੇ ਆਮ ਲੋਕਾਂ, ਖਾਸ ਕਰ ਕੇ ਸ਼ਹਿਰੀ ਤੇ ਪੇਂਡੂ ਮਜਦੂਰਾਂ, ਖੇਤੀ ਕਾਮਿਆਂ ਅਤੇ ਗਰੀਬ ਕਿਸਾਨਾਂ, ਜਿਨ੍ਹਾਂ ਵਿੱਚ ਸੈਂਕੜੇ ਕਰੋੜ ਹਿੰਦੂ ਵੀ ਸ਼ਾਮਲ ਹਨ, ਨੂੰ ਕੰਗਾਲ ਕਰਕੇ ਅਡਾਨੀ-ਅੰਬਾਨੀ ਜਿਹੇ ਕਾਰਪੋਰੇਟ ਲੋਟੂਆਂ ਅਤੇ ਇਨ੍ਹਾਂ ਦੇ ਵਿਦੇਸ਼ੀ ਜੋਟੀਦਾਰਾਂ ਦੇ ਹਿੱਤ ਪੂਰੇ ਕਰਨ ਵਾਲੀਆਂ ਨੀਤੀਆਂ ਤੋਂ ਵੀ ਚੌਕਸ ਕੀਤਾ ਜਾਵੇਗਾ।
ਬਦਲਾਅ ਦੇ ਨਾਂ ’ਤੇ ਵੋਟਰਾਂ ਨੂੰ ਧੋਖਾ ਦੇ ਕੇ ਪੰਜਾਬ ਦੀ ਸੱਤਾ ’ਤੇ ਕਾਬਜ਼ ਹੋਈ ਭਗਵੰਤ ਮਾਨ ਸਰਕਾਰ ਦੇ ਨਸ਼ਾ ਤਸਕਰਾਂ ਸਮੇਤ ਹਰ ਕਿਸਮ ਦੇ ਮਾਫੀਆ ਗ੍ਰੋਹਾਂ ਦੀ ਪੁਸ਼ਤ ਪਨਾਹੀ ਕਰਨ ਵਾਲੇ ਲੋਕ ਦੋਖੀ ਕਿਰਦਾਰ, ਲੋਕ ਮਾਰੂ ਨੀਤੀਆਂ, ਅਮਨ ਕਾਨੂੰਨ ਦੀ ਚਿੰਤਾਜਨਕ ਸਥਿਤੀ ਅਤੇ ਰੱਦੀ ਪ੍ਰਸ਼ਾਸਨਿਕ ਕਾਰਗੁਜ਼ਾਰੀ ਨੂੰ ਵੀ ਲੋਕਾਂ ’ਚ ਬੇਪਰਦ ਕੀਤਾ ਜਾਵੇਗਾ। ਨਾਲ ਹੀ ਲੁੱਟ ਦਾ ਨਿਜਾਮ ਕਾਇਮ ਰੱਖਣ ਲਈ ਲੋਕ ਦੋਖੀ ਤਾਕਤਾਂ ਵੱਲੋਂ ਉਛਾਲੇ ਜਾ ਰਹੇ ਬੇਲੋੜੇ-ਜਜਬਾਤੀ ਮੁਦਿਆਂ ਤੋਂ ਖਹਿੜਾ ਛੁਡਾ ਕੇ ਜਾਨਲੇਵਾ ਮਹਿੰਗਾਈ ਤੇ ਬੇਰੁਜਗਾਰੀ ਖਤਮ ਕਰਨ, ਸਮੁੱਚੀ ਵਸੋਂ ਨੂੰ ਇੱਕਸਾਰ ਮਿਆਰੀ ਸਿੱਖਿਆ ਤੇ ਸਿਹਤ ਸਹੂਲਤਾਂ ਅਤੇ ਪੀਣ ਵਾਲਾ ਸਵੱਛ ਪਾਣੀ ਮੁਫਤ ਦਿੱਤੇ ਜਾਣ, ਸਮਾਜਕ ਸੁਰੱਖਿਆ, ਐਮਐਸਪੀ ਅਤੇ ਜਨਤਕ ਵੰਡ ਪ੍ਰਣਾਲੀ ਦੀ ਗਰੰਟੀ ਕਰਨ ਆਦਿ ਬੁਨਿਆਦੀ ਮੰਗਾਂ ਪੂਰੀਆਂ ਕਰਾਉਣ ਲਈ ਆਰ-ਪਾਰ ਦੇ ਘੋਲਾਂ ’ਚ ਨਿਤਰਨ ਦੀ ਲੋਕਾਈ ਨੂੰ ਅਪੀਲ ਕੀਤੀ ਜਾਵੇਗੀ।
ਰਾਜ ਕਮੇਟੀ ਨੇ ਧਰਮ ਨਿਰਪੱਖ ਅਤੇ ਜਮਹੂਰੀ ਭਾਰਤ ਨੂੰ ਮਨੂੰ ਸਿਮਰਤੀ ਦੇ ਚੌਖਟੇ ਵਾਲੇ ਕੱਟੜ ਹਿੰਦੂ ਰਾਸ਼ਟਰ ’ਚ ਤਬਦੀਲ ਕਰਨ ਦੇ ਆਰ.ਐਸ.ਐਸ. ਦੇ ਕੋਝੇ ਨਿਸ਼ਾਨੇ ਦੀ ਪੂਰਤੀ ਲਈ ਧਰਮਾਂ-ਜਾਤਾਂ ਦੀ ਵੰਡ ਤੇਜ ਕਰਨ ਵਾਸਤੇ ਸੰਘ ਪਰਿਵਾਰ ਦੇ ਖਰੂਦੀ ਗ੍ਰੋਹਾਂ ਵੱਲੋਂ ਘੱਟ ਗਿਣਤੀਆਂ, ਖਾਸ ਕਰਕੇ ਮੁਸਲਮਾਨਾਂ ਤੇ ਈਸਾਈਆਂ ਅਤੇ ਦਲਿਤਾਂ-ਇਸਤਰੀਆਂ ’ਤੇ ਢਾਏ ਜਾ ਰਹੇ ਅਕਹਿ ਜੁਲਮਾਂ ਦਾ ਗੰਭੀਰ ਨੋਟਿਸ ਲੈਂਦਿਆਂ ਇਹ ਗੱਲ ਡੂੰਘੀ ਚਿੰਤਾ ਨਾਲ ਨੋਟ ਕੀਤੀ ਹੈ ਕਿ ਹਿੰਦੂਤਵੀ ਟੋਲਿਆਂ ਦੇ ਉਕਤ ਕਾਰਿਆਂ ਨਾਲ ਲੱਖਾਂ ਕੁਰਬਾਨੀਆਂ ਸਦਕਾ ਹਾਸਲ ਕੀਤੀ ਆਜਾਦੀ ਅਤੇ ਦੇਸ਼ ਦੀ ਏਕਤਾ-ਅਖੰਡਤਾ ਲਈ ਵੀ ਗੰਭੀਰ ਖਤਰੇ ਖੜ੍ਹੇ ਹੋ ਰਹੇ ਹਨ। ਮੀਟਿੰਗ ਦੀ ਰਾਇ ਹੈ ਕਿ ਖਾਲਿਸਤਾਨੀ ਅਨਸਰਾਂ ਵੱਲੋਂ ਵਿਦੇਸ਼ਾਂ ਅੰਦਰ ਭਾਰਤੀ ਸਫਾਰਤਖਾਨਿਆਂ ਸਾਹਵੇਂ ਕੀਤੇ ਜਾ ਰਹੇ ਭੜਕਾਊ ਵਿਖਾਵੇ ਦੇਸ਼-ਵਿਦੇਸ਼ ’ਚ ਵੱਸਦੇ ਸਿੱਖ ਭਰਾਵਾਂ ਲਈ ਚਿੰਤਾਵਾਂ ਖੜ੍ਹੀਆਂ ਕਰਨ ਦੇ ਨਾਲ-ਨਾਲ ਭਾਰਤ ਅੰਦਰ ਸਿੱਖਾਂ ਨੂੰ ਬਦਨਾਮ ਕਰਨ ’ਤੇ ਤੁਲੀਆਂ, ਘੱਟ ਗਿਣਤੀਆਂ ਵਿਰੋਧੀ ਫਿਰਕੂ ਤਾਕਤਾਂ ਨੂੰ ਬਲ ਬਖਸ਼ਦੀਆਂ ਹਨ। ਰਾਜ ਕਮੇਟੀ ਨੇ ਵਰਤਮਾਨ ਚੁਣੌਤੀ ਭਰਪੂਰ ਦੌਰ ਦੀ ਸੱਭ ਤੋਂ ਵੱਡੀ ਲੋੜ, ਖੱਬੀਆਂ ਧਿਰਾਂ ਦੀ ਮਜਬੂਤੀ ਅਤੇ ਇੱਕਜੁਟਤਾ ਲਈ ਹੋਰ ਵੀ ਸ਼ਿੱਦਤ ਨਾਲ ਸੰਜੀਦਾ ਯਤਨ ਕਰਨ ਦਾ ਫੈਸਲਾ ਲਿਆ ਹੈ।
ਮੀਟਿੰਗ ਦੇ ਸ਼ੁਰੂ ਵਿਚ ਉੜੀਸਾ ਰੇਲ ਹਾਦਸੇ ਅਤੇ ਮਨੀਪੁਰ ਵਿਚਲੀ ਹਿੰਸਾ ’ਚ ਮਾਰੇ ਗਏ ਨਿਰਦੋਸ਼ ਲੋਕਾਂ, ਉੱਘੇ ਅੰਬੇਦਕਰੀ ਵਿਦਵਾਨ ਤੇ ਮਿਸਾਲੀ ਰਹਿਬਰ ਲਾਹੌਰੀ ਰਾਮ ਬਾਲੀ ਅਤੇ ਡਾ ਅਮਰ ਸਿੰਘ ਆਜ਼ਾਦ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਭਾਈਚਾਰਕ ਸਾਂਝ ਦੀ ਰਾਖੀ ਲਈ 8 ਜੁਲਾਈ 1987 ਨੂੰ ਸ਼ਹੀਦ ਹੋਏ ਸਾਥੀ ਗੁਰਨਾਮ ਸਿੰਘ ਉੱਪਲ ਨੂੰ ਵੀ ਸੂਹੀ ਸ਼ਰਧਾਂਜਲੀ ਭੇਂਟ ਕੀਤੀ ਗਈ।