ਫਗਵਾੜਾ 24 ਜੁਲਾਈ (ਸ਼ਿਵ ਕੋੜਾ) ਲਾਇਨਜ਼ ਇੰਟਰਨੈਸ਼ਨਲ ਡਿਸਟ੍ਰਿਕਟ 321-ਡੀ ਦੇ ਡਿਸਟ੍ਰਿਕਟ ਗਵਰਨਰ ਲਾਇਨ ਇੰਜੀ. ਐੱਸ.ਪੀ. ਸੌਂਧੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਵਿੱਚ ਹੜ੍ਹ ਪੀੜਤਾਂ ਦੀ ਮੱਦਦ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਲੜੀ ਵਿੱਚ ਡਿਸਟ੍ਰਿਕਟ 321-ਡੀ ਦੀ ਇਲੈਵਨ ਸਟਾਰ ਸਪੈਸ਼ਲ ਸਟੇਟਸ ਮਾਡਲ ਲਾਇਨਜ਼ ਕਲੱਬ ਫਗਵਾੜਾ ਵਿਸ਼ਵਾਸ ਵੱਲੋਂ ਜ਼ਿਲ੍ਹਾ ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਰਾਹਤ ਦਿੰਦਿਆਂ ਕਲੱਬ ਦੇ ਪ੍ਰਧਾਨ ਲਾਇਨ ਇੰਦਰਜੀਤ ਸਿੰਘ ਅਤੇ ਇਸ ਪ੍ਰੋਜੈਕਟ ਦੇ ਡਾਇਰੈਕਟਰ ਲਾਇਨ ਪ੍ਰਦੀਪ ਸਿੰਘ ਦੀ ਅਗਵਾਈ ਵਿੱਚ 150 ਖੇਤਾਂ ‘ਚ ਲੱਗਣ ਵਾਲੀ 126 ਧਮਾਕਾ (ਪਰਮਲ) ਅਤੇ 1121 ਬਾਸਮਤੀ ਦੀ ਪਨੀਰੀ ਦਾ ਵਾਹਨ ਰਵਾਨਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਸਕੱਤਰ ਲਾਇਨ ਸੁਸ਼ੀਲ ਸ਼ਰਮਾ ਨੇ ਦੱਸਿਆ ਕਿ ਭਾਰੀ ਬਰਸਾਤ ਅਤੇ ਗੁਆਂਢੀ ਰਾਜ ਹਿਮਾਚਲ ਪ੍ਰਦੇਸ਼ ਵਿੱਚ ਬੱਦਲ ਫਟਣ ਵਰਗੀਆਂ ਕਈ ਘਟਨਾਵਾਂ ਕਾਰਨ ਪੰਜਾਬ ਦੇ ਦਰਿਆਵਾਂ ਅਤੇ ਨਹਿਰਾਂ ਦੇ ਪਾਣੀ ਦਾ ਪੱਧਰ ਵਧਣ ਕਰਕੇ ਕਿਸਾਨਾਂ ਦੀ ਹਜ਼ਾਰਾਂ ਏਕੜ ਝੋਨੇ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ। ਇਸ ਦੇ ਮੱਦੇਨਜ਼ਰ ਲਾਇਨਜ਼ ਇੰਟਰਨੈਸ਼ਨਲ ਦੇ ਡਿਸਟ੍ਰਿਕਟ 321-ਡੀ ਵੱਲੋਂ ਡਿਸਟ੍ਰਿਕਟ ਗਵਰਨਰ ਲਾਇਨ ਐਸ.ਪੀ. ਸੋਂਧੀ ਦੀਆਂ ਹਦਾਇਤਾਂ ਅਨੁਸਾਰ ਕਲੱਬ ਪੱਧਰ ’ਤੇ ਰਾਹਤ ਦੇਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਵਿੱਚ ਉਨ੍ਹਾਂ ਦੀ ਕਲੱਬ ਨੇ ਇਹ ਛੋਟਾ ਜਿਹਾ ਯੋਗਦਾਨ ਪਾਇਆ ਹੈ। ਆਉਣ ਵਾਲੇ ਦਿਨਾਂ ਵਿੱਚ ਅਜਿਹੀ ਹੋਰ ਰਾਹਤ ਸਮੱਗਰੀ ਭੇਜਣ ਬਾਰੇ ਵੀ ਵਿਚਾਰ ਕੀਤਾ ਜਾਵੇਗਾ। ਇਸ ਮੌਕੇ ਲਾਇਨ ਜੀਵਨ ਸੋਂਧੀ, ਲਾਇਨ ਚੇਤਨ ਲੇਖੀ, ਲਾਇਨ ਦੀਪਕ ਕਾਮਰਾ, ਲਾਇਨ ਸੁਖਜੀਤ ਸਮਰਾ, ਲਾਇਨ ਪਰਮਵੀਰ ਸਿੰਘ, ਲਾਇਨ ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।