ਚੰਡੀਗੜ੍ਹ, 18 ਮਾਰਚ- ਆਮ ਆਦਮੀ ਪਾਰਟੀ ਦੇ 10 ਮੰਤਰੀ ਭਲਕੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕਣ ਜਾ ਰਹੇ ਹਨ। ਜਾਣਕਾਰੀ ਮੁਤਾਬਿਕ ‘ਆਪ’ ਵਿਧਾਇਕ ਹਰਪਾਲ ਸਿੰਘ ਚੀਮਾ, ਡਾ. ਬਲਜੀਤ ਕੌਰ, ਹਰਭਜਨ ਸਿੰਘ ਈ.ਟੀ.ਓ., ਡਾ. ਵਿਜੇ ਸਿੰਗਲਾ ਅਤੇ ‘ਆਪ’ ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ, ਹਰਜੋਤ ਸਿੰਘ ਬੈਂਸ, ਲਾਲ ਚੰਦ ਕਟਾਰੂਚੱਕ, ਕੁਲਦੀਪ ਸਿੰਘ ਧਾਲੀਵਾਲ, ਲਾਲਜੀਤ ਸਿੰਘ ਭੁੱਲਰ, ਬ੍ਰਹਮ ਸ਼ੰਕਰ (ਜਿੰਪਾ) ਕੱਲ੍ਹ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕਣਗੇ। ਇਸ ਦੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਆਪਣੇ ਟਵਿੱਟਰ ਪੇਜ ‘ਤੇ ਵੀ ਸਾਂਝੀ ਕੀਤੀ ਗਈ ਹੈ। ਟਵੀਟ ‘ਚ ਇਨ੍ਹਾਂ ਸਾਰਿਆਂ ਦੇ ਨਾਂ ਦੱਸੇ ਗਏ ਹਨ ਅਤੇ ਉਨ੍ਹਾਂ ਵਲੋਂ ਕਿਹਾ ਗਿਆ ਹੈ ਕਿ ਪੰਜਾਬ ਦੀ ਜਨਤਾ ਨੇ ਸਾਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ, ਅਸੀਂ ਦਿਨ-ਰਾਤ ਮਿਹਨਤ ਕਰਕੇ ਲੋਕਾਂ ਦੀ ਸੇਵਾ ਕਰਨੀ ਹੈ, ਪੰਜਾਬ ਨੂੰ ਇਕ ਇਮਾਨਦਾਰ ਸਰਕਾਰ ਦੇਣੀ ਹੈ ਤੇ ਅਸੀਂ ਰੰਗਲਾ ਪੰਜਾਬ ਬਣਾਉਣਾ ਹੈ।