ਜਲੰਧਰ:28ਅਗੱਸਤ (ਗੁਰਪ੍ਰੀਤ ਸਿੰਘ ਸਿੱਧੂ ) ਕਾਰਜਕਾਰੀ ਇੰਜੀਨੀਅਰ ਇੰਡਸਟੀਰੀਅਲ ਫੋਕਲ ਪੁਆਇੰਟ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਜਲੰਧਰ ਵਲੋਂ ਕਮਿਸ਼ਨਰ ਨਗਰ ਨਿਗਮ ਜਲੰਧਰ ਵਲੋਂ ਮੁਲਾਜ਼ਮ ਲੈਣ ਦੀ ਮਨਜ਼ੂਰੀ ਦੇਣ ਤੋਂ ਬਿਨਾਂ ਹੀ 01/08/2023 ਨੂੰ 39 ਮੁਲਾਜ਼ਮਾਂ ਨੂੰ ਫ਼ਾਰਗ ਕਰਕੇ ਕਮਿਸ਼ਨਰ ਨਗਰ ਨਿਗਮ ਜਲੰਧਰ ਦੇ ਦਫ਼ਤਰ ਭੇਜੀ ਦਿੱਤਾ ਸੀ। ਮੁਲਾਜ਼ਮਾਂ ਨੇ ਉਸੇ ਦਿਨ ਜਾਂ ਕੇ ਆਪਣੀ ਹਾਜ਼ਰੀ ਰਿਪੋਰਟ ਕਮਿਸ਼ਨਰ ਨਗਰ ਨਿਗਮ ਜਲੰਧਰ ਨੂੰ ਦੇ ਦਿੱਤੀ ਸੀ।ਪਰ ਮੁਲਾਜ਼ਮਾਂ ਦੀ ਨਿਯਮਾਂ ਅਨੁਸਾਰ ਅਜੇ ਤੱਕ ਹਾਜ਼ਰੀ ਰਿਪੋਰਟ ਮਨਜ਼ੂਰ ਨਹੀਂ ਕੀਤੀ ਗਈ ਅਤੇ ਨਾ ਹੀ ਮੁਲਾਜ਼ਮਾਂ ਨੂੰ ਆਪਣੀ ਡਿਊਟੀ ਨਿਭਾਉਣ ਲਈ ਕੋਈ ਹਿਦਾਇਤਾਂ ਜਾਰੀ ਨਹੀਂ ਕੀਤੀਆਂ,ਜਿਸ ਕਾਰਨ ਲਘੂ ਉਦਯੋਗ ਤੋਂ ਫਾਰਗ ਕੀਤੇ 39 ਮੁਲਾਜ਼ਮ ਅੱਜ ਤੱਕ ਹਵਾ ਵਿੱਚ ਘੁੰਮ ਰਹੇ ਹਨ ਅਤੇ ਕਾਰਜਕਾਰੀ ਇੰਜੀਨੀਅਰ ਲਘੂ ਉਦਯੋਗ ਜਲੰਧਰ ਅਤੇ ਕਮਿਸ਼ਨਰ ਨਗਰ ਨਿਗਮ ਜਲੰਧਰ ਦੀ ਆਪਸੀ ਗ਼ਲਤੀ ਦੇ ਕਾਰਨ ਮੁਲਾਜ਼ਮ ਪ੍ਰੇਸ਼ਾਨੀ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਨ ਅਤੇ ਦੋਨੋਂ ਵਿਭਾਗਾਂ ਵਿੱਚੋਂ ਕੋਈ ਵੀ ਉਹਨਾਂ ਦਾ ਵਾਰਿਸ ਬਣਨ ਲਈ ਤਿਆਰ ਨਹੀਂ,ਜਿਸ ਕਰਕੇ ਉਹਨਾਂ ਦੀ ਕਿਸੇ ਵੀ ਪਾਸੇ ਨਿਯਮਤ ਹਾਜ਼ਰੀ ਨਹੀਂ ਲੱਗ ਰਹੀ।ਨਿਯਮਤ ਰੂਪ ਵਿੱਚ ਹਾਜ਼ਰੀ ਲੱਗਣ ਨੂੰ ਯਕੀਨੀ ਬਣਾਉਣ ਅਤੇ ਡਿਊਟੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣ ਲਈ ਹਿਦਾਇਤਾਂ ਜਾਰੀ ਕਰਵਾਉਣ ਲਈ 21/08/2023 ਤੋਂ ਫਾਰਗ ਕੀਤੇ ਮੁਲਾਜ਼ਮ ਪ.ਸ.ਸ.ਫ.ਦੇ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਕੁਮਾਰ ਵਿਰਦੀ ਅਤੇ ਗੋਬਿੰਦ ਪ੍ਰਧਾਨ ਪੀ.ਐੱਸ.ਆਈ.ਈ.ਸੀ.ਜਲੰਧਰ ਦੀ ਸਾਂਝੀ ਅਗਵਾਈ ਵਿੱਚ ਇੰਡਸਟੀਰੀਅਲ ਫੋਕਲ ਪੁਆਇੰਟ ਜਲੰਧਰ ਦੇ ਦਫ਼ਤਰ ਵਿਖੇ ਲਗਾਤਾਰ ਸ਼ਾਂਤਮਈ ਰੋਸ ਧਰਨੇ ਤੇ ਬੈਠੇ ਹਨ ਅਤੇ ਧਰਨਾ ਲਗਾਤਾਰ ਅੱਜ ਤੱਕ ਜਾਰੀ ਹੈ।ਇਸ ਦੇ ਬਾਵਜੂਦ ਵੀ ਕਾਰਜਕਾਰੀ ਇੰਜੀਨੀਅਰ ਲਘੂ ਉਦਯੋਗ ਅਤੇ ਕਮਿਸ਼ਨਰ ਨਗਰ ਨਿਗਮ ਜਲੰਧਰ ਨੇ ਆਪਸੀ ਸਹਿਮਤੀ ਬਣਾ ਕੇ ਫ਼ਾਰਗ ਕੀਤੇ ਮੁਲਾਜ਼ਮਾਂ ਦੀ ਹਾਜ਼ਰੀ ਲਗਵਾਉਣ ਅਤੇ ਉਹਨਾਂ ਦੀ ਬਣਦੀ ਡਿਊਟੀ ਸੰਬੰਧੀ ਹਿਦਾਇਤਾਂ ਜਾਰੀ ਕਰਨ ਦਾ ਹੋਈ ਵੀ ਠੋਸ ਉਪਰਾਲਾ ਨਹੀਂ ਕੀਤਾ। ਜਿਸ ਕਰਕੇ ਫ਼ਾਰਗ ਕੀਤੇ ਮੁਲਾਜ਼ਮਾਂ ਵਿੱਚ ਦਿਨੋਂ ਦਿਨ ਮਾਨਸਿਕ ਪ੍ਰੇਸ਼ਾਨੀ ਅਤੇ ਦੋਨੋਂ ਜ਼ਿੰਮੇਵਾਰ ਅਧਿਕਾਰੀਆਂ ਪ੍ਰਤੀ ਗੁੱਸੇ ਦੀ ਭਾਵਨਾ ਹਰ ਰੋਜ਼ ਹੋਰ ਵੱਧ ਰਹੀ ਹੈ।ਇਸ ਸਮੇਂ ਸੰਬੋਧਨ ਕਰਦੇ ਹੋਏ ਪੀ.ਐੱਸ.ਆਈ.ਈ.ਸੀ.ਪੰਜਾਬ ਦੇ ਸੂਬਾਈ ਚੇਅਰਮੈਨ ਰਵਿੰਦਰ ਸਿੰਘ ਰੰਧਾਵਾ, ਪ੍ਰਧਾਨ ਰਾਜਿੰਦਰ ਸਿੰਘ ਰਿਆੜ,ਜਨਰਲ ਸਕੱਤਰ ਤੇਜਿੰਦਰ ਸਿੰਘ ਅਤੇ ਪ.ਸ.ਸ.ਫ.ਦੇ ਸੂਬਾ ਕਮੇਟੀ ਮੈਂਬਰ ਤਰਸੇਮ ਮਾਧੋਪੁਰੀ ਨੇ ਜ਼ਿੰਮੇਵਾਰ ਦੋਨੋਂ ਅਧਿਕਾਰੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਫ਼ਾਰਗ ਕੀਤੇ ਮੁਲਾਜ਼ਮਾਂ ਦੀ ਰੋਜ਼ਾਨਾ ਨਿਯਮਾਂ ਅਨੁਸਾਰ ਨਿਯਮਤ ਹਾਜ਼ਰੀ ਲਗਵਾਉਣ ਅਤੇ ਉਹਨਾਂ ਨੂੰ ਬਣਦੀਆਂ ਡਿਊਟੀਆਂ ਨਾ ਸੌਂਪੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਹੋਰ ਭਰਾਤਰੀ ਮੁਲਾਜ਼ਮ ਜਥੇਬੰਦੀਆਂ ਦਾ ਸਹਿਯੋਗ ਦੇ ਕੇ ਸੰਘਰਸ਼ ਨੂੰ ਤਿੱਖਾ ਰੂਪ ਦਿੱਤਾ ਜਾਵੇਗਾ ਅਤੇ ਸਮੁੱਚੇ ਪੰਜਾਬ ਦੇ ਫੋਕਲ ਪੁਆਇੰਟਾਂ ਦਾ ਕੰਮਕਾਜ ਬੰਦ ਕਰਕੇ ਸੰਘਰਸ਼ ਨੂੰ ਸੂਬਾਈ ਰੂਪ ਦਿੱਤਾ ਜਾਵੇਗਾ,ਜਿਸ ਦੀ ਜ਼ਿੰਮੇਵਾਰੀ ਨਿੱਜੀ ਤੌਰ ‘ਤੇ ਦੋਨੋਂ ਅਧਿਕਾਰੀਆਂ ਦੀ ਹੋਵੇਗੀ। ਇਸ ਸਮੇਂ ਹੋਰਨਾਂ ਤੋਂ ਇਲਾਵਾ ਜਗੀਰ ਸਿੰਘ, ਪ੍ਰਦੀਪ ਚੰਦ,ਦੇਸ ਰਾਜ, ਆਨੰਦ, ਰੋਸ਼ਨ ਲਾਲ, ਸੋਹਣ ਲਾਲ, ਅਸ਼ਵਨੀ, ਇੰਦਰਜੀਤ, ਰਾਮ ਬਿਲਾਸ,ਗੇਂਦ ਲਾਲ,ਬਦਲੀ, ਅਮਿਤ, ਰਾਮ ਨਰੇਸ਼, ਰਾਮ ਲਾਲ,ਓਮ ਪ੍ਰਕਾਸ਼, ਕਮਲੇਸ਼ ਰਾਣੀ,ਕਮਲ, ਯਸ਼ ਪਾਲ, ਰਾਮ ਬ੍ਰਿਸ਼, ਵਰਿੰਦਰ, ਮਨਜੀਤ,ਤ੍ਰੀਭਵਣ,ਸੁਖ ਰਾਮ ਆਦਿ ਸਾਥੀ ਹਾਜ਼ਰ ਹੋਏ।