37 ਕਰੋੜ 29 ਲੱਖ 33 ਹਜਾਰ ਰੁਪਏ ਦੀ ਰਾਸ਼ੀ ਮਹੀਨਾ ਅਪ੍ਰੈਲ 2023 ਦੌਰਾਨ
ਪੈਨਸ਼ਨ ਲਾਭਪਾਤਰੀਆਂ ’ਚ ਕੀਤੀ ਵੰਡ-ਡਿਪਟੀ ਕਮਿਸ਼ਨਰ
ਜਿਲੇ੍ਹ ਵਿੱਚ 2 ਲੱਖ 48 ਹਜ਼ਾਰ 622 ਲਾਭਪਾਤਰੀ ਲੈ ਰਹੇ ਨੇ ਪੈਨਸ਼ਨ ਸਕੀਮ ਦਾ ਲਾਹਾ
ਅੰਮ੍ਰਿਤਸਰ, 26 ਮਈ:(ਗੁਰਮੀਤ ਸਿੰਘ ਰਾਜਾ )
ਆਮ ਆਦਮੀ ਪਾਰਟੀ ਦੀ ਸਰਕਾਰ ਰਾਜ ਵਿੱਚ ਲੋਕ ਹਿੱਤ ਲਈ ਕੰਮ ਕਰਨ ਦੀ ਮਨਸ਼ੇ ਨਾਲ ਸੱਤਾ ਵਿੱਚ ਆਈ ਸੀ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਅਧਾਰ ਕਰਨ ਲਈ ਵਚਨਬੱਧ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਅਮਿਤ ਤਲਵਾੜ ਨੇ ਕਰਦਿਆਂ ਦੱਸਿਆ ਕਿ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਦੇ ਜਿਲ੍ਹਾ ਅੰਮ੍ਰਿਤਸਰ ਵੱਲੋਂ ਬੁਢਾਪਾ ਪੈਨਸ਼ਨ ਅਤੇ ਹੋਰ ਵਿੱਤੀ ਸਹਾਇਤਾ ਸਕੀਮਾਂ ਤਹਿਤ 1500 ਰੁਪਏ ਪ੍ਰਤੀ ਮਹੀਨਾ ਕੁੱਲ 2 ਲੱਖ 48 ਹਜ਼ਾਰ 622 ਲਾਭਪਾਤਰੀ ਜਿਸ ਦੀ ਕੁੱਲ ਰਾਸ਼ੀ 37,29,33,000/- ਰੁਪਏ ਦੀ ਅਦਾਇਗੀ ਮਹੀਨਾ ਅਪ੍ਰੈਲ ਦੌਰਾਨ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਦੀਆਂ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਲੋੜਵੰਦ ਵਿਅਕਤੀ ਨੇੜੇ ਦੇ ਸੁਵਿਧਾ ਕੇਂਦਰਾਂ ਅਤੇ ਬਾਲ ਵਿਕਾਸ ਪ੍ਰੋਜੈਕਟ ਦਫਤਰਾਂ ਰਾਹੀਂ ਜਾਂ ਖੁਦ ਵੀ ਈ ਸੇਵਾ ਪੋਰਟਲ ਰਾਹੀ ਇਹਨਾ ਸਕੀਮ ਦਾ ਲਾਭ ਲੈ ਸਕਦੇ ਹਨ।
ਸ੍ਰੀ ਤਲਵਾੜ ਨੇ ਕਿਹਾ ਕਿ ਵਿਭਾਗ ਵੱਲੋਂ ਵਿੱਤੀ ਸਹਾਇਤਾ ਸਕੀਮਾਂ ਅਧੀਨ 4 ਸਕੀਮਾਂ ਚਲਾਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਬੁਢਾਪਾ ਪੈਨਸ਼ਨ ਲਈ ਮਰਦ ਦੀ ਉਮਰ ਘੱਟੋ ਘੱਟ 65 ਸਾਲ ਅਤੇ ਇਸਤਰੀਆਂ ਲਈ 58 ਸਾਲ ਹੋਣੀ ਚਾਹੀਦੀ ਹੈ। ਬੁਢਾਪਾ ਪੈਨਸ਼ਨ ਪੇਂਡੂ ਖੇਤਰ ਲਈ ਜ਼ਮੀਨ ਦੀ ਹੱਦ ਪਤੀ ਪਤਨੀ ਦੋਹਾਂ ਦੇ ਨਾਮ ‘ਤੇ ਢਾਈ ਏਕੜ ਨਹਿਰੀ/5 ਏਕੜ ਬਰਾਨੀ ਤੋ ਵੱਧ ਨਾ ਹੋਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਹਾ ਕਿ ਬੁਢਾਪਾ ਪੈਨਸ਼ਨ ਸ਼ਹਿਰੀ ਖੇਤਰ ਲਈ ਰਿਹਾਇਸ਼ੀ ਮਕਾਨ 200 ਵਰਗ ਮੀਟਰ ਤੋ ਜ਼ਿਆਦਾ ਅਤੇ ਬੁਢਾਪਾ ਪੈਨਸ਼ਨ ਲਈ ਸਾਰੇ ਵਸੀਲਿਆ ਤੋਂ ਹੋਣ ਵਾਲੀ ਆਮਦਨ 60000/- ਸਲਾਨਾ ਤੋ ਵੱਧ ਨਹੀ ਹੋਣੀ ਚਾਹੀਦੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੁਢਾਪਾ ਪੈਨਸ਼ਨ ਲਾਭਪਾਤਰੀ ਦੀ ਕੁੱਲ ਗਿਣਤੀ 1 ਲੱਖ 68 ਹਜਾਰ 638 ਹੈ।
ਸ੍ਰੀ ਤਲਵਾੜ ਨੇ ਕਿਹਾ ਕਿ ਵਿਧਵਾ ਪੈਨਸ਼ਨ ਲਈ ਉਮਰ ਸੀਮਾਂ 58 ਸਾਲ ਤੋ ਘੱਟ ਹੋਵੇ ਜਾਂ 58 ਸਾਲ ਦੀ ਉਮਰ ਤੋ ਘੱਟ ਕੋਈ ਇਸਤਰੀ ਜੋ ਆਪਣੇ ਪਤੀ ਦੇ ਘਰ ਤੋ ਲਗਾਤਾਰ ਗੈਰ-ਹਾਜ਼ਰੀ, ਪਤੀ ਦੀ ਸਰੀਰਕ ਜਾਂ ਮਾਨਸਿਕ ਅਸਮਰਥਾ ਕਾਰਨ ਜਾਂ ਕਿਸੇ ਹੋਰ ਕਾਰਨਾ ਕਰਕੇ ਪਤੀ ਦੀ ਜਾਇਦਾਦ ਤੋਂ ਵਾਂਝੀ ਰਹਿ ਗਈ ਹੋਵੇ ਅਤੇ 30 ਸਾਲ ਜਾਂ ਇਸ ਤੋ ਵੱਧ ਉਮਰ ਦੀ ਅਣ-ਵਿਆਹੀ ਜਾਂ ਨਿਆਸਰਿਤ ਇਸਤਰੀ ਵਿੱਤੀ ਸਹਾਇਤਾ ਲੈਣ ਦੀ ਹੱਕਦਾਰ ਹੈ। ਉਸ ਇਸਤਰੀ ਦੀ ਆਪਣੀ ਆਮਦਨ 60 ਹਜ਼ਾਰ ਰੁਪਏ ਸਲਾਨਾ ਤੋ ਵੱਧ ਨਾ ਹੋਵੇ। ਉਨ੍ਹਾਂ ਦੱਸਿਆ ਕਿ ਜਿਲੇ੍ਹ ਵਿੱਚ ਕੁੱਲ 47331 ਵਿਧਵਾ ਪੈਨਸ਼ਨ ਦੇ ਲਾਭਪਾਤਰੀ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਸ਼ਰਿਤ ਬੱਚਿਆ ਦੀ ਉਮਰ 21 ਸਾਲ ਤੋ ਘੱਟ ਅਜਿਹੇ ਬੱਚੇ, ਜਿਹਨਾ ਦੇ ਮਾਤਾ ਪਿਤਾ ਦੀ ਮੌਤ ਹੋ ਜਾਣ ਕਾਰਨ ਜਾਂ ਘਰ ਤੋ ਲਗਾਤਾਰ ਮਾਤਾ ਪਿਤਾ ਦੀ ਗੈਰ ਹਾਜਰੀ ਜਾਂ ਉਨ੍ਹਾ ਦੀ ਸਰੀਰਕ ਜਾਂ ਮਾਨਸਿਕ ਅਪੰਗਤਾ ਕਾਰਨ ਦੇਖ ਭਾਲ ਤੋ ਵੰਚਿਤ ਹੋ ਗਏ ਹੋਣ, ਇਸ ਸਕੀਮ ਅਧੀਨ ਮਾਲੀ ਸਹਾਇਤਾ ਲੈਣ ਦੇ ਹੱਕਦਾਰ ਹੋਣਗੇ । ਉਨ੍ਹਾਂ ਨੇ ਦੱਸਿਆ ਕਿ ਮਾਲੀ ਸਹਾਇਤਾ ਲਈ ਮਾਤਾ/ਪਿਤਾ ਜਾਂ ਗਾਰਡੀਅਨ ਵੱਲੋਂ ਪੈਨਸ਼ਨ ਦਾ ਫਾਰਮ ਭਰਿਆ ਜਾਵੇਗਾ। ਜਿਸ ਤਹਿਤ ਮਾਤਾ ਪਿਤਾ ਦੀ ਸਲਾਨਾ ਆਮਦਨ 60 ਹਜ਼ਾਰ ਰੁਪਏ ਤੋ ਵੱਧ ਨਹੀ ਹੋਣੀ ਚਾਹੀਦੀ। ਉਨ੍ਹਾਂ ਦੱਸਿਆ ਕਿ ਜਿਲੇ੍ਹ ਵਿੱਚ ਕੁੱਲ 14876 ਆਸ਼ਰਿਤ ਲਾਭਪਾਤਰੀ ਹਨ।
ਅਪੰਗ ਪੈਨਸ਼ਨ ਦੀ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲੇ੍ਹ ਵਿੱਚ ਕੁੱਲ 17777 ਅਪੰਗ ਪੈਨਸ਼ਨ ਲਾਭਪਾਤਰੀ ਹਨ ਅਤੇ ਅਪੰਗ ਪੈਨਸ਼ਨ ਲਈ 50 ਫ਼ੀਸਦੀ ਜਾਂ ਇਸ ਤੋ ਵੱਧ ਅਪੰਗਤਾ ਵਾਲੇ ਵਿਆਕਤੀ ਨੂੰ ਮਾਲੀ ਸਹਾਇਤਾ ਦਿੱਤੀ ਜਾਦੀ ਹੈ। ਬਿਨੈਕਾਰ ਦੀ ਆਪਣੀ ਆਮਦਨ 60 ਹਜ਼ਾਰ ਰੁਪਏ ਸਲਾਨਾ ਤੋਂ ਵੱਧ ਨਹੀ ਹੋਣੀ ਚਾਹੀਦੀ। ਮਾਤਾ-ਪਿਤਾ/ਪਤੀ-ਪਤਨੀ ਦੀ ਮੌਤ ਹੋਣ ਜਾਣ ‘ਤੇ ਬੱਚੇ ਦੀ ਪੈਨਸ਼ਨ ਗਾਰਡੀਅਨ ਵੱਲੋ ਅਪਲਾਈ ਕੀਤੀ ਜਾਵੇਗੀ ਅਤੇ ਗਾਰਡੀਅਨ ਦੀ ਆਮਦਨ ਨਹੀ ਵਿਚਾਰੀ ਜਾਵੇਗੀ। ਉਨ੍ਹਾਂ ਕਿਹਾ ਕਿ ਅਪੰਗਤਾ ਪੈਨਸ਼ਨ ਲਈ 50 ਫ਼ੀਸਦੀ ਜਾਂ ਇਸ ਤੋ ਵੱਧ ਅਪੰਗਤਾ ਵਾਲੇ ਵਿਅਕਤੀ ਲਈ ਯੂ.ਡੀ.ਆਈ.ਡੀ ਕਾਰਡ ਲਾਜਮੀ ਹੈ। ਉਨ੍ਹਾਂ ਦੱਸਿਆ ਕਿ ਘੱਟ ਦਿਮਾਗ ਵਾਲੇ ਜਾਂ ਮਾਨਸਿਕ ਤੌਰ ਤੇ ਅਪੰਗ/ਬਿਮਾਰ ਵਿਅਕਤੀਆਂ ਜਾਂ 21 ਸਾਲ ਤੋ ਘੱਟ ਉਮਰ ਦੇ ਬੱਚੇ ਦਾ ਕੇਸ ਗਾਰਡੀਅਨ/ਵਾਰਸ ਵੱਲੋ ਅਪਲਾਈ ਕੀਤਾ ਜਾਵੇਗਾ ਅਤੇ ਗਾਰਡੀਅਨ ਦੀ ਆਮਦਨ ਵਿਚਾਰੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵੱਲੋ ਵਿਭਾਗ ਰਾਹੀਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਵੱਧ ਤੋ ਵੱਧ ਲਾਭ ਲੈਣ ਲਈ ਨੇੜੇ ਦੇ ਸੁਵਿਧਾ ਕੇਂਦਰਾਂ, ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਦੇ ਦਫ਼ਤਰ ਵਿਖੇ ਬਿਨੈਪੱਤਰ ਦੇ ਸਕਦੇ ਹਨ ਅਤੇ ਸਬੰਧੀ ਜਾਣਕਾਰੀ ਸੇਵਾਂ ਕੇਂਦਰਾਂ, ਸਮੂਹ ਬਾਲ ਵਿਕਾਸ ਪ੍ਰੋਜੈਕਟ ਦਫ਼ਤਰ ਅੰਮ੍ਰਿਤਸਰ ਵਿਖੇ ਲਈ ਜਾ ਸਕਦੀ ਹੈ। ਇਸ ਤੋ ਇਲਾਵਾ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ , ਅੰਮ੍ਰਿਤਸਰ ਦੀਆਂ ਸਕੀਮਾਂ ਲਈ ਹੈਲਪ-ਲਾਈਨ ਨੰਬਰ 0183-2571934 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
——–
ਫਾਈਲ ਫੋਟੋ
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਅਮਿਤ ਤਲਵਾੜ