Home » ਮੱਖੂ ਵਿਖੇ ਪ.ਸ.ਸ.ਫ ਵੱਲੋਂ ਕੌਮੀ ਵਿਰੋਧ ਦਿਵਸ ਰੋਸ ਰੈਲੀ ਕਰਕੇ ਮਨਾਇਆ ।

ਮੱਖੂ ਵਿਖੇ ਪ.ਸ.ਸ.ਫ ਵੱਲੋਂ ਕੌਮੀ ਵਿਰੋਧ ਦਿਵਸ ਰੋਸ ਰੈਲੀ ਕਰਕੇ ਮਨਾਇਆ ।

ਕੇਂਦਰ ਤੇ ਰਾਜ ਸਰਕਾਰਾਂ ਦੇ ਹਰ ਪ੍ਰਕਾਰ ਦੇ ਕੱਚੇ ਮੁਲਾਜ਼ਮਾਂ ਨੂੰ ਪੂਰੇ ਗਰੇਡਾਂ ਤਹਿਤ ਤੁਰੰਤ ਰੈਗੂਲਰ ਕੀਤਾ ਜਾਵੇ : ਗੁਰਦੇਵ ਸਿੰਘ ਸਿੱਧੂ ।

by Rakha Prabh
47 views

ਮੱਖੂ 4 ਜੁਲਾਈ ( ਰੂਪ ਲਾਲ ਭੱਟੀ /ਕੇਵਲ ਅਹੂਜਾ )
ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਵਲੋਂ ਮੁਲਾਜ਼ਮਾਂ,ਮਜ਼ਦੂਰਾਂ ਆਮ ਜਨ ਸਧਾਰਨ ਦੀਆਂ ਸਾਂਝੀਆਂ ਮੰਗਾਂ ਅਤੇ ਸਮੱਸਿਆਵਾਂ ਨੂੰ ਲੈ ਕੇ ਦੇਸ਼ ਭਰ ਵਿੱਚ ਕੌਮੀ ਵਿਰੋਧ ਦਿਵਸ ਮਨਾਉਣ ਦੇ ਦਿੱਤੇ ਸੱਦੇ ਤਹਿਤ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1406/22 ਬੀ ਚੰਡੀਗੜ੍ਹ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਬਲਾਕ ਮੱਖੂ ਵਿਖੇ ਬਲਾਕ ਪ੍ਰਧਾਨ ਰਾਜ ਕੁਮਾਰ ਦੀ ਅਗਵਾਈ ਹੇਠ ਕੇਨਾਲ ਕਲੋਨੀ ਮੱਖੂ ਵਿਖੇ ਜੋਰਦਾਰ ਨਾਅਰੇ ਬਾਜ਼ੀ ਕਰਦਿਆਂ ਕੌਮੀ ਵਿਰੋਧ ਦਿਵਸ ਮਨਾਇਆ ਗਿਆ।
ਇਸ ਮੌਕੇ ਕੌਮੀ ਵਿਰੋਧ ਦਿਵਸ ਮਨਾਉਣ ਸਮੇਂ ਇਕੱਠੇ ਹੋਏ ਮੁਲਾਜ਼ਮਾਂ ਨੂੰ ਸੰਬੋਧਨ ਕਰਦੇ ਹੋਏ ਪ.ਸ.ਸ.ਫ.ਦੇ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਸਿੱਧੂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਵੱਖ-ਵੱਖ ਰਾਜਾਂ ਦੀਆਂ ਸਰਕਾਰਾਂ ਦੇ ਦੌਰਾਨ ਅਤਿ ਦੀ ਮਹਿੰਗਾਈ ਵਧੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਬਲਿਕ ਸੈਕਟਰ ਦੇ ਅਦਾਰੇ ਕੌਡੀਆਂ ਦੇ ਭਾਅ ਆਪਣੇ ਕਾਰਪੋਰੇਟ ਮਿੱਤਰਾਂ ਨੂੰ ਵੇਚੇ ਜਾ ਰਹੇ ਹਨ , ਜਿਸ ਕਰਕੇ ਆਮ ਜਨ ਸਧਾਰਨ ਦੇ ਸਰਕਾਰੀ ਨੌਕਰੀਆਂ ਪ੍ਰਾਪਤ ਕਰਨ ਦੇ ਸੁਪਨੇ ਚਕਨਾਚੂਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਹਰ ਪੱਧਰ ‘ਤੇ ਨਿੱਜੀਕਰਨ ਨੂੰ ਹੁਲਾਰਾ ਦੇਣ ਦੇ ਕਾਰਨ ਉੱਕੀ ਪੁੱਕੀ ਤਨਖਾਹ ਤੇ ਅਤੇ ਆਊਟਸੋਰਸ ਰਾਹੀਂ ਭਰਤੀਆਂ ਕੀਤੀਆਂ ਜਾ ਰਹੀਆਂ ਹਨ , ਜਿਸ ਕਰਕੇ ਹਰ ਵਰਗ ਦੇ ਮੁਲਾਜ਼ਮਾਂ ਨੂੰ ਆਪਣੇ ਪਰਿਵਾਰ ਪਾਲਣੇ ਔਖੇ ਹੋਏ ਪਏ ਹਨ , ਜਦੋਂ ਕਿ ਕੇਂਦਰ ਅਤੇ ਰਾਜ ਸਰਕਾਰਾਂ ਦੀ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਵਾਲੀਆਂ ਨੀਤੀਆਂ ਦੇ ਕਾਰਨ ਕਾਰਪੋਰੇਟ ਘਰਾਣਿਆਂ ਦੇ ਖ਼ਜ਼ਾਨੇ ਦਿਨ ਦੂਣੀ ਰਾਤ ਚੌਗੁਣੀ ਰਫ਼ਤਾਰ ਨਾਲ਼ ਭਰ ਰਹੇ ਹਨ। ਜਿਸ ਕਰਕੇ ਆਮ ਜਨ-ਸਧਾਰਨ ਦਾ ਜਿਉਣਾ ਬਹੁਤ ਹੀ ਮੁਸ਼ਕਿਲ ਹੋਇਆ ਪਿਆ ਹੈ।
ਉਨ੍ਹਾਂ ਕੌਮੀ ਵਿਰੋਧ ਦਿਵਸ ਦੀਆਂ ਮੰਗਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਪੀ ਐਫ ਆਰ ਡੀ ਏ ਐਕਟ ਤੁਰੰਤ ਰੱਦ ਕੀਤਾ ਜਾਵੇ ਅਤੇ 2004 ਤੋਂ ਬਾਅਦ ਨਿਯੁਕਤ ਸਮੂਹ ਮੁਲਾਜ਼ਮਾਂ ਦੀ ਨਵੀਂ ਪੈਨਸ਼ਨ ਸਕੀਮ ਨੂੰ ਰੱਦ ਕਰਕੇ ਪੁਰਾਣੀ ਪੈਂਨਸ਼ਨ ਸਕੀਮ ਤੁਰੰਤ ਬਹਾਲ ਕੀਤੀ ਜਾਵੇ,ਪੀ ਐਫ ਆਰ ਡੀ ਏ ਅਥਾਰਟੀ ਕੋਲ ਮੁਲਾਜ਼ਮਾਂ ਦੀ ਜਮਾਂ ਰਕਮ ਤੁਰੰਤ ਰਾਜ ਸਰਕਾਰਾਂ ਨੂੰ ਵਾਪਸ ਕੀਤੀ ਜਾਵੇ, ਹਰ ਪ੍ਰਕਾਰ ਦੇ ਕੱਚੇ ਮੁਲਾਜ਼ਮਾਂ,ਡੇਲੀਵੇਜ਼ ਮੁਲਾਜ਼ਮਾਂ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਪੂਰੇ ਪੂਰੇ ਗਰੇਡਾਂ ਵਿੱਚ ਰੈਗੂਲਰ ਕਰਨ,ਕੇਂਦਰ ਅਤੇ ਰਾਜ ਸਰਕਾਰ ਦੇ ਵਿਭਾਗਾਂ ਦੀਆਂ ਖਾਲੀ ਪੋਸਟਾਂ ਤੁਰੰਤ ਭਰਨ ਲਈ, ਨਿੱਜੀਕਰਨ ਨੂੰ ਰੋਕਣ ਅਤੇ ਪਬਲਿਕ ਸੈਕਟਰ ਦੇ ਅਦਾਰਿਆਂ ਨੂੰ ਕੌਡੀਆਂ ਦੇ ਭਾਅ ਕਾਰਪੋਰੇਟ ਘਰਾਣਿਆਂ ਨੂੰ ਵੇਚਣ ਤੋਂ ਰੋਕਣ ਲਈ,ਮਾਣ ਭੱਤਾ ਮੁਲਾਜ਼ਮਾਂ ਨੂੰ ਘੱਟੋ ਘੱਟ ਉਜਰਤ ਦੇ ਘੇਰੇ ਵਿੱਚ ਲਿਆਉਣ ਲਈ, ਟਰੇਡ ਯੂਨੀਅਨਾਂ ਅਧਿਕਾਰਾਂ ਨੂੰ ਬਹਾਲ ਕਰਵਾਉਣ , ਲੇਬਰ ਕਾਨੂੰਨਾਂ ਵਿੱਚ ਕੀਤੀਆੰ ਸੋਧਾਂ ਨੂੰ ਤੁਰੰਤ ਰੱਦ ਕਰਵਾਉਣ, ਨਵੀਂ ਸਿੱਖਿਆ ਨੀਤੀ -2020 ਨੂੰ ਰੱਦ ਕਰਵਾਉਣ ਅਤੇ ਸਿੱਖਿਆ ਦੇ ਭਗਵੇਂਕਰਨ ਨੂੰ ਬੰਦ ਕਰਵਾਉਣ ਲਈ, ਅੱਠਵੇਂ ਕੇਂਦਰੀ ਪੇ ਕਮਿਸ਼ਨ ਦੀ ਸਥਾਪਨਾ ਕਰਵਾਉਣ ਲਈ, ਮਹਿੰਗਾਈ ਨੂੰ ਕੰਟਰੋਲ ਕਰਨ ਲਈ ਆਦਿ ਸਮੂਹਿਕ ਸਾਂਝੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਕਰਾਰ ਅਤੇ ਰਾਜ ਸਰਕਾਰ ਤੇ ਦਬਾਓ ਬਣਾਉਣ ਲਈ ਪੂਰੇ ਦੇਸ਼ ਵਿੱਚ ਕੌਮੀ ਵਿਰੋਧ ਦਿਵਸ ਮਨਾਇਆ ਜਾ ਰਿਹਾ ਹੈ।
ਇਸ ਮੌਕੇ ਰਾਜ ਕੁਮਾਰ ਬਲਾਕ ਪ੍ਰਧਾਨ ਮੱਖੂ , ਗੁਰਮੀਤ ਸਿੰਘ ਜੰਮੂ ਪ੍ਰਧਾਨ ਮਕੈਨਿਕਲ ਵਰਕਸ਼ਾਪ ਵਰਕਰਜ਼ ਯੂਨੀਅਨ, ਸੁਲੱਖਣ ਸਿੰਘ ਜਰਨਲ ਸਕੱਤਰ ਪੀਡਬਲਿਊਡੀ ਫੀਲਡ ਵਰਕਸ਼ਾਪ ਵਰਕਰਜ਼ ਯੂਨੀਅਨ ਨੇ ਸਬੋਧਨ ਕਰਦਿਆਂ ਕੱਚੇ ਅਧਿਆਪਕਾਂ ਵੱਲੋਂ ਪੱਕੇ ਹੋਣ ਲਈ ਚੱਲ ਰਹੇ ਸੰਘਰਸ਼ ਦੀ ਪੁਰਜ਼ੋਰ ਹਿਮਾਇਤ ਕੀਤੀ ਤੇ ਕੀਤੇ ਲਾਠੀਚਾਰਜ ਦੀ ਤਿੱਖੀ ਨਿਖੇਧੀ ਕੀਤੀ । ਉਨ੍ਹਾਂ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਕਿ ਹਰ ਪ੍ਰਕਾਰ ਦੇ ਕੱਚੇ ਅਧਿਆਪਕਾਂ ਅਤੇ ਹੋਰ ਮੁਲਾਜ਼ਮਾਂ ਨੂੰ ਤਜਰਬੇ ਦੇ ਆਧਾਰ ਤੇ ਪੂਰੇ ਪੂਰੇ ਗਰੇਡਾਂ ਵਿੱਚ ਤੁਰੰਤ ਰੈਗੂਲਰ ਕੀਤਾ ਜਾਵੇ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਮੂਹ ਮੁਲਾਜ਼ਮਾਂ , ਪੈਨਸ਼ਨਰਾਂ ਦੇ ਛੇਵੇਂ ਪੇਅ ਕਮਿਸ਼ਨ ਅਨੁਸਾਰ ਬਣਦੇ 66 ਮਹੀਨਿਆਂ ਦੇ ਬਕਾਏ,ਡੀ.ਏ.ਦੀਆਂ ਰਹਿੰਦੀਆਂ ਦੋ ਕਿਸ਼ਤਾਂ ਅਤੇ ਰਹਿੰਦੇ ਬਕਾਏ ਤੁਰੰਤ ਨਗਦ ਅਦਾ ਕੀਤੇ ਜਾਣ। ਇਸ ਮੌਕੇ ਰਮੇਸ਼ ਕੁਮਾਰ ਕਲਰਕ, ਜਸਬੀਰ ਸਿੰਘ ਜੇ ਈ, ਰਾਜ ਕੁਮਾਰ , ਪ੍ਰਕਾਸ਼ ਚੰਦ, ਸ਼ਿੰਦ ਸਿੰਘ, ਪਰਵੀਨ ਆਦਿ ਵਰਕਰ ਹਾਜ਼ਰ ਸਨ।

Related Articles

Leave a Comment