ਈਸਾਈ ਭਾਈਚਾਰੇ ਦੇ ਲੋਕ ਅੱਜ ਜਲੰਧਰ ’ਚ ਪੀਏਪੀ ਚੌਕ ’ਚ ਕਰਨਗੇ ਪ੍ਰਦਰਸ਼ਨ
ਜਲੰਧਰ, 17 ਅਕਤੂੂਬਰ : ਜਲੰਧਰ ’ਚ ਸੋਮਵਾਰ ਨੂੰ ਸਵੇਰੇ 10 ਵਜੇ ਈਸਾਈ ਭਾਈਚਾਰੇ ਦੇ ਲੋਕ ਪੀਏਪੀ ਚੌਕ ’ਚ ਇਕੱਠੇ ਹੋਣਗੇ। ਇਸ ਦੌਰਾਨ ਉਹ ਗੁੱਸਾ ਜਾਹਰ ਕਰਕੇ ਆਵਾਜਾਈ ’ਚ ਵਿਘਨ ਵੀ ਪੈਦਾ ਕਰ ਸਕਦੇ ਹਨ। ਉਂਝ ਪੁਲਿਸ ਪ੍ਰਸਾਸਨ ਨਾਲ ਦੇਰ ਰਾਤ ਤੱਕ ਚੱਲੀ ਮੀਟਿੰਗ ’ਚ ਪੀਏਪੀ ਗਰਾਊਂਡ ਦੇ ਸਾਹਮਣੇ ਹੀ ਧਰਨਾ ਦੇਣ ’ਤੇ ਸਹਿਮਤੀ ਬਣੀ, ਪਰ ਕੁਝ ਈਸਾਈ ਆਗੂ ਵੀ ਆਵਾਜਾਈ ’ਚ ਰੁਕਾਵਟ ਪਾਉਣ ਦੇ ਸੰਕੇਤ ਦੇ ਰਹੇ ਹਨ।
ਦਰਅਸਲ ਵਾਰਿਸ ਪੰਜਾਬ ਦੀ ਸੰਸਥਾ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਪ੍ਰਭੂ ਯਿਸੂ ਮਸੀਹ ਸਬੰਧੀ ਇਤਰਾਜਯੋਗ ਟਿੱਪਣੀ ਕੀਤੀ ਸੀ, ਜਿਸ ਤੋਂ ਬਾਅਦ ਇਸਾਈ ਭਾਈਚਾਰੇ ਦੇ ਲੋਕਾਂ ’ਚ ਭਾਰੀ ਰੋਸ ਹੈ। ਉਨ੍ਹਾਂ ਆਰੋਪ ਲਗਾਇਆ ਕਿ ਪ੍ਰਭੂ ਯਿਸੂ ਮਸੀਹ ਸਬੰਧੀ ਇਤਰਾਜਯੋਗ ਟਿੱਪਣੀਆਂ ਕਰਕੇ ਇਸਾਈ ਭਾਈਚਾਰੇ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ, ਨਾਲ ਹੀ ਉਨ੍ਹਾਂ ’ਚ ਗੁੱਸਾ ਵੀ ਵਧ ਰਿਹਾ ਹੈ। ਜਿਸ ਕਾਰਨ ਉਕਤ ਫੈਸਲਾ ਲਿਆ ਗਿਆ ਹੈ।
ਇਸ ਸਬੰਧੀ ਪੰਜਾਬ ਕਿ੍ਰਸਚੀਅਨ ਮੋਮੈਂਟ ਦੇ ਸੂਬਾ ਪ੍ਰਧਾਨ ਹਮੀਦ ਮਸੀਹ ਨੇ ਕਿਹਾ ਕਿ ਪ੍ਰਭੂ ਯਿਸੂ ਮਸੀਹ ਨੇ ਸਮੁੱਚੇ ਵਿਸ਼ਵ ਨੂੰ ਨੇਕ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦਿੱਤੀ ਸੀ। ਜਦੋਂ ਕਿ ਇਸ ਸੰਸਥਾ ਦੇ ਮੁਖੀ ਵੱਲੋਂ ਪ੍ਰਭੂ ਯਿਸੂ ਮਸੀਹ ਸਬੰਧੀ ਕੀਤੀਆਂ ਟਿੱਪਣੀਆਂ ਨਾਲ ਸਮਾਜ ਦੁਖੀ ਹੈ। ਉਨ੍ਹਾਂ ਪੁਲਿਸ ਪ੍ਰਸਾਸਨ ਤੋਂ ਅੰਮਿ੍ਰਤਪਾਲ ਸਿੰਘ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ।
ਉਨ੍ਹਾਂ ਕਿਹਾ ਕਿ ਪਹਿਲਾਂ ਵੀ ਪੀਏਪੀ ਚੌਕ ਨੂੰ ਜਾਮ ਕਰਨ ਦੀ ਯੋਜਨਾ ਸੀ, ਪਰ ਉਨ੍ਹਾਂ ਨੂੰ ਪ੍ਰਸਾਸਨ ਵੱਲੋਂ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ। ਜਿਸ ਕਾਰਨ ਈਸਾਈ ਭਾਈਚਾਰੇ ਦੇ ਲੋਕ ਪੀਏਪੀ ਗਰਾਊਂਡ ਦੇ ਸਾਹਮਣੇ ਇਕੱਠੇ ਹੋ ਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕਰਨਗੇ। ਇਹ ਅਰਥੀ ਫੂਕ ਮੁਜਾਹਰਾ ਸ਼ਾਮ 5 ਵਜੇ ਤੱਕ ਜਾਰੀ ਰਹੇਗਾ।