ਫਿਰੋਜ਼ਪੁਰ, 31 ਅਗਸਤ ( ਗੁਰਪ੍ਰੀਤ ਸਿੰਘ ਸਿੱਧੂ) : ਮਾਨਯੋਗ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ. ਏ. ਐੱਸ. ਨਗਰ ਜੀਆਂ ਦੇ ਹੁਕਮਾਂ ਮੁਤਾਬਿਕ ਦਫ਼ਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਵਿਖੇ ਭੇਜੀ ਗਈ ਐੱਸ. ਐੱਮ. ਐੱਲ ਵੈਨ ਨੂੰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸ਼੍ਰੀ ਵੀਰਇੰਦਰ ਅਗਰਵਾਲ ਜੀਆਂ ਦੀ ਅਗਵਾਈ ਹੇਠ ਸੀ. ਜੇ. ਐੱਮ. ਮਿਸ ਏਕਤਾ ਉੱਪਲ ਜੀਆਂ ਦੇ ਸਹਿਯੋਗ ਨਾਲ ਸੈਸ਼ਨਜ਼ ਜੱਜ ਸਾਹਿਬ ਵੱਲੋਂ ਵੱਖ ਵੱਖ ਪਿੰਡਾਂ ਵਿੱਚ ਕਾਨੂੰਨੀ ਸਾਖਰਤਾ ਦੇ ਮਕਸਦ ਨਾਲ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ । ਇਸ ਮੌਕੇ ਮਾਨਯੋਗ ਸੈਸ਼ਨਜ਼ ਜੱਜ ਸਾਹਿਬ ਦੇ ਨਾਲ ਮਾਨਯੋਗ ਡਿਪਟੀ ਕਮਿਸ਼ਨਰ, ਫਿਰੋਜਪੁਰ, ਸੀਨੀਅਰ ਪੁਲਿਸ ਕਪਤਾਨ, ਫਿਰੋਜਪੁਰ, ਸ਼੍ਰੀਮਤੀ ਰਾਜਵਿੰਦਰ ਕੌਰ ਮਾਨਯੋਗ ਵਧੀਕ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ,ਫਿਰੋਜਪੁਰ ਆਦਿ ਮੌਜੂਦ ਸਨ । ਇਸ ਮੌਕੇ ਮਾਨਯੋਗ ਸੈਸ਼ਨਜ਼ ਜੱਜ ਸਾਹਿਬ ਨੇ ਬੋਲਦਿਆਂ ਦੱਸਿਆ ਕਿ ਇਹ ਐੱਸ. ਐੱਮ. ਐੱਲ. ਵੈਨ ਜ਼ਿਲ੍ਹਾ ਫਿਰੋਜ਼ਪੁਰ ਨੂੰ ਮਿਤੀ 30.08.2023 ਤੋਂ ਮਿਤੀ 12.09.2022 ਤੱਕ ਮਿਲੀ ਹੈ ਜਿਸ ਵਿੱਚ ਇਸ ਵੈਨ ਦੇ ਰਾਹੀਂ ਜ਼ਿਲ੍ਹਾ ਫਿਰੋਜ਼ਪੁਰ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਕੇ ਕਾਨੂੰਨੀ ਸਾਖਰਤਾ ਨੂੰ ਫੈਲਾਇਆ ਜਾਵੇਗਾ । ਇਸ ਸਾਖਰਤਾ ਮੁਹਿੰਮ ਨੂੰ ਚਲਾਉਣ ਲਈ ਇਸ ਵੈਨ ਦੇ ਨਾਲ ਨਾਲ ਇਸ ਦਫ਼ਤਰ ਦੇ ਵੱਖ ਵੱਖ ਪੈਨਲ ਐਡਵੋਕੇਟ ਸਾਹਿਬਾਨ ਅਤੇ ਪੈਰਾ ਲੀਗਲ ਵਲੰਟੀਅਰ ਦੀ ਡਿਊਟੀ ਲਗਾਈ ਗਈ ਹੈ । ਅੱਜ ਜੱਜ ਸਾਹਿਬਾਨ ਵੱਲੋਂ ਇਸ ਵੈਨ ਨੂੰ ਹਰੀ ਝੰਡੀ ਦੇ ਕੇ ਕਟੋਰਾ, ਆਰਫ ਕੇ, ਬੱਗੇ ਵਾਲਾ, ਗੁਲਾਮੀ ਵਾਲਾ, ਇਲਮੇ ਵਾਲਾ ਆਦਿ ਪਿੰਡਾਂ ਅਤੇ ਫਿਰੋਜਪੁਰ ਦੇ ਅਰਬਨ ਏਰੀਏ ਦਾ ਦੌਰਾ ਕਰਕੇ ਕਾਨੂੰਨੀ ਸਾਖਰਤਾ ਸੈਮੀਨਾਰ ਲਗਾਉਣ ਲਈ ਭੇਜਿਆ ਗਿਆ ਹੈ। ਇਸ ਦੇ ਨਾਲ ਨਾਲ ਇਸ ਵੈਨ ਰਾਹੀਂ ਮੁਫ਼ਤ ਕਾਨੂੰਨੀ ਸਹਾਇਤਾ, ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਦੇ ਟੋਲ ਫਰੀ ਨੰਬਰ 15100 ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਅੀ ਦੇ ਟੋਲ ਫਰੀ ਨੰਬਰ 1968, ਮਿਡੀਏਸ਼ਨ ਸੈਂਟਰ, ਵਿਕਟਮ ਕੰਪਨਸੇਸ਼ਨ ਸਕੀਮ, ਮਾਨਯੋਗ ਸਥਾਈ ਲੋਕ ਅਦਾਲਤ, ਮਿਤੀ 09.09.2023 ਨੂੰ ਲੱਗਣ ਵਾਲੀ ਨੈਸ਼ਨਲ ਲੋਕ ਅਦਾਲਤ ਅਤੇ ਮਾਨਯੋਗ ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਦਿੱਲੀ ਜੀਆਂ ਦੇ ਹੁਕਮਾਂ ਅਨੁਸਾਰ ਏ. ਡੀ. ਆਰ ਸੈਂਟਰ ਫਿਰੋਜ਼ਪੁਰ ਵਿਖੇ ਬਣੇ ਫਰੰਟ ਆਫਿਸ ਦੀਆਂ ਹੋਰ ਸਕੀਮਾਂ ਬਾਰੇ ਆਮ ਜਨਤਾ ਨੂੰ ਜਾਗਰੂਕ ਕਰਵਾਇਆ ਜਾਵੇਗਾ । ਇਸ ਦੇ ਨਾਲ ਹੀ ਜੱਜ ਸਾਹਿਬ ਨੇ ਇਸ ਮੌਕੇ ਹਾਜ਼ਰ ਸਾਰੇ ਅਫਸਰ ਸਾਹਿਬਾਨਾਂ ਦਾ ਧੰਨਵਾਦ ਕੀਤਾ ਅਤੇ ਐੱਸ. ਐੱਮ. ਐੱਲ ਵੈਨ ਨੂੰ ਜ਼ਿਲ੍ਹਾ ਫਿਰੋਜ਼ਪੁਰ ਦੇ ਕੋਰਟ ਕੰਪਲੈਕਸ ਤੋਂ ਪਿੰਡਾਂ ਨੂੰ ਜਾਣ ਲਈ ਰਵਾਨਾ ਕੀਤਾ ।