Home » ਪੋਸਟ ਮੈਟ੍ਰਿਕ ਸਕਾਲਰਸ਼ਿਪ ਤੇ ਸ਼ਗਨ ਸਕੀਮ ਤਹਿਤ 214.16 ਕਰੋੜ ਰੁਪਏ ਜਾਰੀ : ਡਾ. ਬਲਜੀਤ ਕੌਰ

ਪੋਸਟ ਮੈਟ੍ਰਿਕ ਸਕਾਲਰਸ਼ਿਪ ਤੇ ਸ਼ਗਨ ਸਕੀਮ ਤਹਿਤ 214.16 ਕਰੋੜ ਰੁਪਏ ਜਾਰੀ : ਡਾ. ਬਲਜੀਤ ਕੌਰ

by Rakha Prabh
76 views

ਚੰਡੀਗੜ੍ਹ (ਬਿਊਰੋ) : ‘ਆਪ’ ਸਰਕਾਰ ਵੱਲੋਂ ਦਿੱਤੇ ਗਏ ਭਰੋਸੇ ’ਤੇ ਖ਼ਰਾ ਉਤਰਦਿਆਂ ਪੰਜਾਬ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਪੋਸਟ ਮੈਟ੍ਰਿਕ ਸਕਾਲਰਸ਼ਿਪ ਅਤੇ ਸ਼ਗਨ ਸਕੀਮ ਤਹਿਤ 214.16 ਕਰੋੜ ਰੁਪਏ ਜਾਰੀ ਕੀਤੇ। ਇਸ ਬਾਰੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਵਿਭਾਗ ਦਾ ਚਾਰਜ ਸੰਭਾਲਣ ਤੋਂ ਬਾਅਦ ਉਨ੍ਹਾਂ ਵੱਲੋਂ ਬਕਾਏ ਨਿਪਟਾਉਣ ਸਬੰਧੀ ਕੀਤੇ ਗਏ ਵਾਅਦੇ ਮੁਤਾਬਕ ਪੋਸਟ-ਮੈਟ੍ਰਿਕ ਸਕਾਲਰਸ਼ਿਪ ਤਹਿਤ ਮਾਰਚ 2022 ਤੱਕ ਦੇ ਬਕਾਇਆਂ ਨੂੰ ਕਲੀਅਰ ਕਰਦਿਆਂ 184 ਕਰੋੜ ਰੁਪਏ ਜਾਰੀ ਕੀਤੇ ਗਏ ਹਨ, ਜਦਕਿ ਸ਼ਗਨ ਸਕੀਮ ਤਹਿਤ ਦਸੰਬਰ 2021 ਤੱਕ 30.16 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਕੈਬਨਿਟ ਮੰਤਰੀ ਨੇ ਦੱਸਿਆ ਕਿ ਹਰ ਜ਼ਿਲ੍ਹੇ ’ਚ ਅੰਬੇਡਕਰ ਭਵਨ ਬਣਾਏ ਜਾਣਗੇ।

ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਨ੍ਹਾਂ ਭਵਨਾਂ ਦੀ ਉਸਾਰੀ ਲਈ ਕਿਫ਼ਾਇਤੀ ਢੰਗ ਨਾਲ ਹੋਰ ਸਰਕਾਰੀ ਅਦਾਰਿਆਂ ਦੀ ਮੁਹਾਰਤ ਪ੍ਰਾਪਤ ਕਰਨ। ਮੌਜੂਦਾ ਅੰਬੇਡਕਰ ਭਵਨਾਂ ਦੀ ਸਾਂਭ-ਸੰਭਾਲ ਦੀ ਲੋੜ ’ਤੇ ਜ਼ੋਰ ਦਿੰਦਿਆਂ ਡਾ. ਬਲਜੀਤ ਕੌਰ ਨੇ ਕਿਹਾ ਕਿ ਕੁਝ ਪੁਰਾਣੀਆਂ ਇਮਾਰਤਾਂ ਦੀ ਫੌਰੀ ਸਾਂਭ-ਸੰਭਾਲ ਦੀ ਲੋੜ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ੀ ਅਗਵਾਈ ਹੇਠ ‘ਆਪ’ ਸਰਕਾਰ ਅੰਬੇਡਕਰ ਭਵਨਾਂ ਦੀ ਉਸਾਰੀ ਅਤੇ ਸਾਂਭ-ਸੰਭਾਲ ਲਈ ਵਚਨਬੱਧ ਹੈ। ਵੱਖ-ਵੱਖ ਭਲਾਈ ਸਕੀਮਾਂ ਦਾ ਜਾਇਜ਼ਾ ਲੈਂਦਿਆਂ ਕੈਬਨਿਟ ਮੰਤਰੀ ਨੇ ਸਾਰੀਆਂ ਭਲਾਈ ਸਕੀਮਾਂ ਲਈ ਵਾਧੂ ਫੰਡ ਅਲਾਟ ਕਰਨ ਦਾ ਭਰੋਸਾ ਦਿੱਤਾ।

ਕੇਂਦਰੀ ਫੰਡ ਵਾਲੀਆਂ ਸਕੀਮਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਅੱਗੇ ਕਿਹਾ ਕਿ ਉਹ ਫੰਡ ਜਲਦੀ ਜਾਰੀ ਕਰਨ ਲਈ ਕੇਂਦਰ ਸਰਕਾਰ ਦੇ ਸਬੰਧਤ ਵਿਭਾਗਾਂ ਕੋਲ ਮਾਮਲਾ ਉਠਾਉਣਗੇ ਤਾਂ ਜੋ ਸਾਡੇ ਕਮਜ਼ੋਰ ਵਰਗਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਡਾ. ਕੌਰ ਨੇ ਅੱਗੇ ਕਿਹਾ ਕਿ ਬੈਂਕਫਿੰਕੋ ਦੀਆਂ ਵੱਖ-ਵੱਖ ਲੋਨ ਸਕੀਮਾਂ, ਜਿਵੇਂ ਕਿ ਡਾਇਰੈਕਟ ਲੋਨ ਸਕੀਮ, ਐੱਨ. ਬੀ. ਸੀ. ਐੱਫ. ਡੀ. ਸੀ., ਐਜੂਕੇਸ਼ਨ ਲੋਨ ਸਕੀਮ, ਮਾਈਕ੍ਰੋ ਫਾਈਨਾਂਸ ਸਕੀਮ, ਮਹਿਲਾ ਸਮ੍ਰਿਧੀ ਯੋਜਨਾ ਅਤੇ ਹੋਰ ਸਕੀਮਾਂ ਦਾ ਲਾਭ ਲੋਕਾਂ ਨੂੰ ਯਕੀਨੀ ਬਣਾਇਆ ਜਾਵੇ। ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਪ੍ਰਮੁੱਖ ਸਕੱਤਰ ਸਮਾਜਿਕ ਨਿਆਂ ਤੇ ਅਧਿਕਾਰਤਾ ਅਤੇ ਘੱਟਗਿਣਤੀ ਜੀ. ਰਮੇਸ਼ ਗੰਟਾ, ਕਾਰਜਕਾਰੀ ਡਾਇਰੈਕਟਰ ਐੱਸ. ਸੀ. ਅਤੇ ਬੀ. ਸੀ. ਕਾਰਪੋਰੇਸ਼ਨ ਮਾਲਵਿੰਦਰ ਸਿੰਘ ਜੱਗੀ, ਡਾਇਰੈਕਟਰ ਐੱਸ.ਜੇ.ਈ.ਐੱਮ. ਅਤੇ ਸਬ-ਪਲਾਨ ਰਾਜ ਬਹਾਦਰ ਸਿੰਘ ਹਾਜ਼ਰ ਸਨ।

Related Articles

Leave a Comment