ਫਿਰੋਜ਼ਪੁਰ 1 ਜੂਨ (ਹਰਜੀਤ ਸਿੰਘ ਲਹੌਰੀਆ)
ਪੰਜਾਬ ਭਰ ਚ ਅੱਜ ਹੋ ਰਹੀਆਂ ਲੋਕ ਸਭਾ ਚੋਣਾਂ ਲਈ ਵੋਟ ਪਾਉਣ ਨੂੰ ਲੈ ਕੇ ਲੋਕਾਂ ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।
ਜਿੱਥੇ ਲੋਕ ਆਪਣੇ ਵੋਟ ਪਾਉਣ ਦਾ ਅਧਿਕਾਰ ਇਸਤਮਾਲ ਕਰਦੇ ਦੇਖੇ ਗਏ। ਚੋਣ ਕਮਿਸ਼ਨ ਵਲੋਂ ਵੀ ਚੋਣਾਂ ਨੂੰ ਸ਼ਾਂਤੀ ਅਤੇ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਵੱਖ ਵੱਖ ਹਦਾਇਤਾਂ ਜਾਰੀ ਕਰ ਰੱਖੀਆਂ ਹਨ। ਪਰ ਲੋਕ ਸਭਾ ਉਮੀਦਵਾਰ ਅਤੇ ਚੋਣ ਅਮਲੇ ਵਲੋਂ ਇੰਨਾ ਹਦਾਇਤਾਂ ਨੂੰ ਟਿੱਚ ਸਮਝਿਆ ਗਿਆ। ਦੱਸ ਦਈਏ ਕਿ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸੁਰਿੰਦਰ ਕੰਬੋਜ ਵਲੋਂ ਚੋਣ ਕਮਿਸ਼ਨ ਦੇ ਨਿਯਮਾਂ ਦੇ ਉਲਟ ਆਪਣੀ ਵੋਟ ਪਾਉਂਦੇ ਦੀ ਵੀਡਿਉ ਬਣਾ ਕੇ ਜਨਤਕ ਕੀਤੀ ਗਈ। ਜਿਸ ਤੇ ਚੋਣ ਕਮਿਸ਼ਨ ਵਲੋਂ ਬਸਪਾ ਉਮੀਦਵਾਰ ਖਿਲਾਫ ਥਾਣਾ ਗੁਰੁਹਰ ਸਹਾਏ ਚ ਪਰਚਾ ਦਰਜ ਕਰ ਦਿੱਤਾ ਗਿਆ। ਇਥੇ ਹੀ ਬੱਸ ਨਹੀਂ ਚੋਣ ਅਮਲੇ ਵਲੋਂ ਵੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੂੰ ਅਣਗੌਲਿਆ ਕਰਦੇ ਹੋਏ ਵਿਧਾਨ ਸਭਾ ਚੋਣ ਹਲਕਾ 76 ਫਿਰੋਜ਼ਪੁਰ ਸ਼ਹਿਰ, ਬੂਥ ਨੰਬਰ 137, ਐਚ ਐਮ ਸੀਨੀਅਰ ਸੈਕੰਡਰੀ ਸਕੂਲ ਅੰਦਰ ਬਣੇ ਬੂਥ ਚ ਵੀ ਇੱਕ ਲੋਕ ਸਭਾ ਉਮੀਦਵਾਰ ਦੀ ਚੋਣ ਸਮਗਰੀ ਦਾ ਢੇਰ ਵੀ ਦੇਖਣ ਨੂੰ ਮਿਲਿਆ। ਜਦ ਕਿ ਪੋਲਿੰਗ ਕੇਂਦਰ ਦੇ ਸੋ ਮੀਟਰ ਦੇ ਘੇਰੇ ਅੰਦਰ ਕਿਸੇ ਵੀ ਉਮੀਦਵਾਰ ਦੀ ਕੋਈ ਚੋਣ ਸਮਗਰੀ ਲੈ ਕੇ ਆਉਣਾ ਚੋਣ ਕਮਿਸ਼ਨ ਦੇ ਨਿਯਮਾਂ ਦੇ ਉਲਟ ਹੈ।
ਜਿਸ ਤੋਂ ਇਹ ਸਾਬਿਤ ਹੋ ਰਿਹਾ ਸੀ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਕਿਧਰੇ ਵੀ ਪਾਲਣਾ ਨਹੀਂ ਹੋ ਰਹੀ।