Home » ਅਧਿਆਪਕਾਂ ਨੂੰ ਤਰਸਦੇ ਸਕੂਲਾਂ ਵਿੱਚੋਂ ਹੋਰ ਅਧਿਆਪਕ ਗੈਰ-ਵਿੱਦਿਅਕ ਡਿਊਟੀ ‘ਤੇ ਤੋਰੇ

ਅਧਿਆਪਕਾਂ ਨੂੰ ਤਰਸਦੇ ਸਕੂਲਾਂ ਵਿੱਚੋਂ ਹੋਰ ਅਧਿਆਪਕ ਗੈਰ-ਵਿੱਦਿਅਕ ਡਿਊਟੀ ‘ਤੇ ਤੋਰੇ

ਹਜ਼ਾਰਾਂ ਅਧਿਆਪਕਾਂ ਦੀ ਲੱਗੀ ਬੀ.ਐੱਲ.ਓ. ਡਿਊਟੀ ਮੁੱਢੋਂ ਰੱਦ ਹੋਵੇ: ਡੀ.ਟੀ.ਐੱਫ.

by Rakha Prabh
15 views
ਸੰਗਰੂਰ, 23 ਜੁਲਾਈ, 2023: ਅਧਿਆਪਕਾਂ ਨੂੰ ਗੈਰ ਵਿੱਦਿਅਕ ਕੰਮਾਂ ਛੁਟਕਾਰਾ ਦੁਆਉਣ ਦਾ ਦਾਅਵਾ ਕਰਨ ਵਾਲੀ ਪੰਜਾਬ ਸਰਕਾਰ ਵੱਲੋਂ ਇੱਕ ਮਹੀਨੇ ਲਈ ਸਕੂਲਾਂ ਵਿੱਚੋਂ ਹਜ਼ਾਰਾਂ ਅਧਿਆਪਕਾਂ ਨੂੰ ਬੀ.ਐੱਲ.ਓ. (ਬੂਥ ਲੈਵਲ ਅਫਸਰ) ਦੀ ਗੈਰ ਵਿੱਦਿਅਕ ਡਿਊਟੀ ‘ਤੇ ਤਾਇਨਾਤ ਕਰਨ ਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਇਸ ਸੰਬੰਧੀ ਡੀ.ਟੀ.ਐੱਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਬਿਆਨ ਜ਼ਾਰੀ ਕਰਦਿਆਂ ਦੱਸਿਆ ਕਿ ਸਰਕਾਰ ਦੇ ਅਜਿਹੇ ਫੈਸਲੇ ਨਾਲ ਸਿੱਖਿਆ ਨੂੰ ਪਹਿਲ ਦੇਣ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ। ਆਗੂਆਂ ਨੇ ਦੱਸਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਪਹਿਲਾਂ ਹੀ ਵੱਡੀ ਘਾਟ ਹੈ। ਬਹੁਤ ਸਾਰੇ ਸਕੂਲ ਅਜਿਹੇ ਹਨ, ਜਿੱਥੇ ਇੱਕ ਵੀ ਅਧਿਆਪਕ ਪੱਕੇ ਤੌਰ ‘ਤੇ ਤਾਇਨਾਤ ਨਹੀਂ ਹੈ ਅਤੇ ਕਈ ਸਕੂਲ ਸਿੰਗਲ ਟੀਚਰ ਹਨ। ਅਜਿਹੇ ਵਿੱਚ ਜਦੋਂ 15 ਹਜ਼ਾਰ ਤੋਂ ਵਧੇਰੇ ਸਰਕਾਰੀ ਅਧਿਆਪਕ ਪਹਿਲਾ ਹੀ ਬੀ.ਐੱਲ.ਓ. ਡਿਊਟੀਆਂ ਨਿਭਾਅ ਰਹੇ ਹਨ, ਹੁਣ ਪੰਜਾਬ ਸਰਕਾਰ ਵੱਲੋਂ ਵੱਡੀ ਗਿਣਤੀ ਹੋਰ ਅਧਿਆਪਕਾਂ ਨੂੰ ਇਸ ਗੈਰ ਵਿੱਦਿਅਕ ਡਿਊਟੀ ‘ਤੇ ਭੇਜਣ ਦਾ ਫੈਸਲਾ ਕੀਤਾ ਗਿਆ ਹੈ। ਜਿਸ ਤਹਿਤ ਹਜ਼ਾਰਾਂ ਦੀ ਗਿਣਤੀ ਵਿੱਚ ਅਧਿਆਪਕਾਂ ਨੂੰ ਸਕੂਲਾਂ ਵਿੱਚੋਂ ਕੱਢ ਕੇ ਇੱਕ ਮਹੀਨੇ ਲਈ ਬੀ.ਐੱਲ.ਓ. ਦੀ ਡੋਰ ਟੂ ਡੋਰ ਡਿਊਟੀ ‘ਤੇ ਤਾਇਨਾਤ ਕਰ ਦਿੱਤਾ ਗਿਆ ਹੈ। ਇਸ ਤਾਇਨਾਤੀ ਉਪਰੰਤ ਪਹਿਲਾਂ ਤੋਂ ਹੀ ਅਧਿਆਪਕਾਂ ਦੀ ਘਾਟ ਨਾਲ ਜੂਝ ਰਹੇ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਲਈ ਚੱਲਦੀ ਸਿੱਖਣ ਸਿਖਾਉਣ ਪ੍ਰਕ੍ਰਿਆ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ।
ਡੀ ਟੀ ਐੱਫ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਗਿਰ, ਜਨਰਲ ਸਕੱਤਰ ਅਮਨ ਵਿਸ਼ਿਸ਼ਟ, ਪ੍ਰੈੱਸ ਸਕੱਤਰ ਕਰਮਜੀਤ ਨਦਾਮਪੁਰ, ਆਗੂਆਂ ਮੇਘ ਰਾਜ, ਦਲਜੀਤ ਸਫੀਪੁਰ, ਕੁਲਵੰਤ ਖਨੌਰੀ, ਰਵਿੰਦਰ ਦਿੜ੍ਹਬਾ, ਡਾ. ਗੌਰਵਜੀਤ, ਕਮਲਜੀਤ ਬਨਭੌਰਾ, ਦੀਨਾ ਨਾਥ, ਰਾਜ਼ ਸੈਣੀ, ਕੰਵਰਜੀਤ ਸਿੰਘ, ਰਮਨ ਲਹਿਰਾ, ਗੁਰਦੀਪ ਚੀਮਾ, ਸੁਖਵਿੰਦਰ ਸੁਖ, ਮਨਜੀਤ ਸੱਭਰਵਾਲ, ਗੁਰਜੰਟ ਲਹਿਲ ਕਲਾਂ, ਗੁਰਜੀਤ ਸ਼ਰਮਾ ਅਤੇ ਸੁਖਬੀਰ ਸਿੰਘ ਆਦਿ ਨੇ ਮੰਗ ਕੀਤੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੀਤੇ ਵਾਅਦਿਆਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਧਾਨ ਸਭਾ ਤੋਂ ਲੈ ਕੇ ਵੱਖ-ਵੱਖ ਥਾਈਂ ਕੀਤੇ ਜਨਤਕ ਐਲਾਨਾਂ ਅਨੁਸਾਰ ਅਧਿਆਪਕਾਂ ਨੂੰ ਗੈਰ ਵਿੱਦਿਅਕ ਕੰਮਾਂ ਤੋਂ ਪੂਰੀ ਤਰ੍ਹਾਂ ਛੁਟਕਾਰਾ ਦਵਾ ਕੇ ਅਧਿਆਪਕਾਂ ਤੋਂ ਸਿਰਫ ਵਿੱਦਿਅਕ ਕੰਮ ਲਵੇ ਤਾਂ ਜੋ ਕੌਮ ਦਾ ਨਿਰਮਾਤਾ ਸਮਾਜ ਨਿਰਮਾਣ ਦੀ ਜਿੰਮੇਵਾਰੀ ਨੂੰ ਸਹੀ ਢੰਗ ਨਾਲ ਕਰ ਸਕੇ।

Related Articles

Leave a Comment