ਫਗਵਾੜਾ 23 ਜੁਲਾਈ (ਸ਼ਿਵ ਕੋੜਾ) ਇਲੈਵਨ ਸਟਾਰ ਹੰਡਰੇਡ ਪਰਸੈਂਟ ਐਕਟਿਵ ਲਾਇਨਜ਼ ਕਲੱਬ ਫਗਵਾੜਾ ਸਿਟੀ ਦੀ ਨਵੀਂ ਟੀਮ ਦੀ ਪਹਿਲੀ ਮਹੀਨਾਵਾਰ ਮੀਟਿੰਗ ਕਲੱਬ ਦੇ ਪ੍ਰਧਾਨ ਲਾਇਨ ਆਸ਼ੂ ਮਾਰਕੰਡਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਪਰਸਨ (ਹਿਊਮੈਨਟੇਰੀਅਨ) ਲਾਇਨ ਗੁਰਦੀਪ ਸਿੰਘ ਕੰਗ, ਡਿਸਟ੍ਰਿਕਟ ਚੇਅਰਮੈਨ ਲਾਇਨ ਅਤੁਲ ਜੈਨ, ਡਿਸਟ੍ਰਿਕਟ ਚੇਅਰਮੈਨ (ਮਨੋਰੰਜਨ) ਲਾਇਨ ਜਸਬੀਰ ਮਾਹੀ ਅਤੇ ਜ਼ੋਨ ਚੇਅਰਮੈਨ ਲਾਇਨ ਸੁਨੀਲ ਢੀਂਗਰਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਜਿਨ੍ਹਾਂ ਨੂੰ ਕਲੱਬ ਦੀ ਨਵੀਂ ਟੀਮ ਵੱਲੋਂ ਸਨਮਾਨਤ ਕੀਤਾ ਗਿਆ। ਕਲੱਬ ਦੇ ਪ੍ਰਧਾਨ ਲਾਇਨ ਆਸ਼ੂ ਮਾਰਕੰਡਾ ਨੇ ਦੱਸਿਆ ਕਿ ਲਾਇਨਜ਼ ਇੰਟਰਨੈਸ਼ਨਲ 321-ਡੀ ਵੱਲੋਂ ਉਪਰੋਕਤ ਸਾਰੇ ਸੀਨੀਅਰ ਅਹੁਦੇਦਾਰਾਂ ਨੂੰ ਅਹਿਮ ਅਹੁਦੇ ਹਾਸਲ ਹੋਣ ਅਤੇ ਕਲੱਬ ਦੀ ਟੀਮ ਦਾ ਵਧੀਆ ਮਾਰਗ ਦਰਸ਼ਨ ਕਰਨ ਲਈ ਸਨਮਾਨਤ ਕੀਤਾ ਗਿਆ ਹੈ। ਕਲੱਬ ਦੇ ਸਕੱਤਰ ਲਾਇਨ ਸੰਜੀਵ ਲਾਂਬਾ ਨੇ ਪਹਿਲੇ ਮਹੀਨੇ ਦੀ ਰਿਪੋਰਟ ਪੇਸ਼ ਕਰਦਿਆਂ ਦੱਸਿਆ ਕਿ ਨਵੀਂ ਟੀਮ ਨੇ ਚਾਰਜ ਸੰਭਾਲਣ ਤੋਂ ਬਾਅਦ ਪਹਿਲੇ ਮਹੀਨੇ ਵਿੱਚ ਹੀ ਚਾਰ ਪ੍ਰੋਜੈਕਟ ਕੀਤੇ ਹਨ। ਜਿਸ ਵਿੱਚ ਫੂਡ ਫਾਰ ਹੰਗਰ ਤਹਿਤ ਸਿਵਲ ਹਸਪਤਾਲ ਵਿੱਚ ਮਰੀਜ਼ਾਂ ਨੂੰ ਦੁੱਧ, ਫਲ ਆਦਿ ਵੰਡੇ ਗਏ। ਦੂਜੇ ਪ੍ਰੋਜੈਕਟ ਵਿੱਚ ਦਿਲ ਦੇ ਇੱਕ ਮਰੀਜ਼ ਨੂੰ ਦਵਾਈਆਂ ਦਿੱਤੀਆਂ ਗਈਆਂ। ਤੀਸਰੇ ਪ੍ਰੋਜੈਕਟ ਤਹਿਤ ਸਥਾਨਕ ਸਕੂਲ ਦੇ ਵਿਹੜੇ ਵਿੱਚ ਮੈਗਾ ਟਰੀ ਪਲਾਂਟੇਸ਼ਨ ਕੀਤਾ ਗਿਆ ਜਦਕਿ ਚੌਥੇ ਪ੍ਰੋਜੈਕਟ ਤਹਿਤ ਇੱਕ ਲੋੜਵੰਦ ਵਿਅਕਤੀ ਨੂੰ ਇਲਾਜ ਲਈ ਆਰਥਿਕ ਸਹਾਇਤਾ ਭੇਂਟ ਕੀਤੀ ਗਈ। ਕਲੱਬ ਦੇ ਕੈਸ਼ੀਅਰ ਲਾਇਨ ਜੁਗਲ ਬਵੇਜਾ ਨੇ ਸਮੂਹ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਵੀਂ ਟੀਮ ਕਲੱਬ ਦੇ ਪ੍ਰਧਾਨ ਲਾਇਨ ਆਸ਼ੂ ਮਾਰਕੰਡਾ ਦੀ ਅਗਵਾਈ ਹੇਠ ਪੂਰੇ ਉਤਸ਼ਾਹ ਨਾਲ ਸਮਾਜ ਸੇਵਾ ਦੇ ਕੰਮਾਂ ਨੂੰ ਅੱਗੇ ਵਧਾ ਰਹੀ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਅਗਲੇ ਇੱਕ ਸਾਲ ਵਿੱਚ ਉਨ੍ਹਾਂ ਦੀ ਟੀਮ ਸਾਲਾਨਾ ਪ੍ਰਾਜੈਕਟਾਂ ਦਾ ਨਵਾਂ ਰਿਕਾਰਡ ਕਾਇਮ ਕਰੇਗੀ। ਇਸ ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਕਲੱਬ ਦੇ ਪ੍ਰਧਾਨ ਲਾਇਨ ਆਸ਼ੂ ਮਾਰਕੰਡਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਆਉਣ ਵਾਲੇ ਮਹੀਨੇ ਦੇ ਪ੍ਰੋਜੈਕਟਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਜਿਸ ਵਿੱਚ ਸਥਾਈ ਪ੍ਰੋਜੈਕਟ ਤਹਿਤ ਲੋੜਵੰਦ ਔਰਤਾਂ ਨੂੰ ਮਹੀਨਾਵਾਰ ਪੈਨਸ਼ਨ, ਖੂਨਦਾਨ ਕੈਂਪ, ਸ਼ਹਿਰ ਵਿੱਚ ਵਾਰਡ ਪੱਧਰ ’ਤੇ ਸ਼ੂਗਰ ਚੈੱਕਅਪ ਕੈਂਪ ਤੋਂ ਇਲਾਵਾ ਰੁੱਖ ਲਗਾ ਕੇ ਵਾਤਾਵਰਨ ਦੀ ਸੰਭਾਲ ਦਾ ਸੁਨੇਹਾ ਦੇਣਾ ਸ਼ਾਮਲ ਹੈ। ਇਸ ਮੌਕੇ ਕਲੱਬ ਦੇ ਪੀ.ਆਰ.ਓ. ਸੁਮਿਤ ਭੰਡਾਰੀ, ਲਾਇਨ ਅਸ਼ੋਕ ਵਧਵਾ, ਲਾਇਨ ਵਿਪਨ ਠਾਕੁਰ, ਲਾਇਨ ਓਮ ਪ੍ਰਕਾਸ਼, ਲਾਇਨ ਦਿਨੇਸ਼ ਖਰਬੰਦਾ, ਲਾਇਨ ਵਿਨੀਤ ਗਾਬਾ, ਲਾਇਨ ਨਵੀਨ ਵਧਵਾ, ਲਾਇਨ ਸਤਵਿੰਦਰ ਸਿੰਘ ਬਿੱਟੂ ਭਮਰਾ, ਲਾਇਨ ਐਡਵੋਕੇਟ ਐਸ.ਕੇ.ਅਗਰਵਾਲ, ਲਾਇਨ ਪੁਨੀਤ ਸੇਠੀ, ਲਾਇਨ ਰਾਜੇਸ਼ ਸੇਠੀ ਆਦਿ ਹਾਜ਼ਰ ਸਨ।