Home » ਸ਼ੰਭੂ ਅਤੇ ਖਨੌਰੀ ਬਾਰਡਰ ਤੇ ਕਿਸਾਨਾਂ ਦਾ ਭਾਰੀ ਇਕੱਠ, ਕਿਸਾਨ ਹਰ ਹੀਲੇ ਦਿੱਲੀ ਜਾਣ ਦੀ ਤਿਆਰੀ ‘ਚ

ਸ਼ੰਭੂ ਅਤੇ ਖਨੌਰੀ ਬਾਰਡਰ ਤੇ ਕਿਸਾਨਾਂ ਦਾ ਭਾਰੀ ਇਕੱਠ, ਕਿਸਾਨ ਹਰ ਹੀਲੇ ਦਿੱਲੀ ਜਾਣ ਦੀ ਤਿਆਰੀ ‘ਚ

ਦਿੱਲੀ ਪੁਲੀਸ ਨੇ ਕਿਸਾਨਾਂ ਨੂੰ ਰੋਕਣ ਲਈ ਹੰਝੂ ਗੈਸ ਦੇ 30 ਹਜ਼ਾਰ ਗੋਲੇ ਮੰਗਵਾਏ

by Rakha Prabh
27 views
ਚੰਡੀਗੜ੍ਹ, 15 ਫਰਵਰੀ
ਰਾਖਾ ਪ੍ਰਭ ਬਿਊਰੋ
 ਕਿਸਾਨ ਅੰਦੋਲਨ ਦੇ ਤੀਜੇ ਦਿਨ ਵੀ ਪੰਜਾਬ ਦੇ ਕਿਸਾਨਾਂ ਨੇ ਦਿੱਲੀ ਜਾਣ ਲਈ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਡੇਰੇ ਲਗਾਏ ਹੋਏ ਹਨ ਅਤੇ ਕਿਸਾਨ ਵਾਪਸ ਮੁੜਣ ਲਈ ਤਿਆਰ ਨਹੀਂ ਹਨ। ਦੂਜੇ ਪਾਸੇ ਹਰਿਆਣਾ ਪੁਲੀਸ ਵਲੋਂ ਕਿਸਾਨਾਂ ਨੂੰ ਰੋਕਣ ਲਈ ਭਾਰੀ ਪੁਲੀਸ ਫੋਰਸ ਤੈਨਾਤ ਕੀਤੀ ਹੋਈ ਹੈ ਅਤੇ ਜਦੋਂ ਵੀ ਕਿਸਾਨਾਂ ਦਾ ਟੋਲਾ ਬੈਰੀਕੇਡ ਹਟਾਉਣ ਲਈ ਅੱਗੇ ਆਉਂਦਾ ਹੈ ਤਾਂ ਪੁਲੀਸ ਵਲੋਂ ਕਿਸਾਨਾਂ ਤੇ ਹੰਝੂ ਗੈਸ ਦੇ ਗੋਲੇ ਸੁੱਟੇ ਜਾਂਦੇ ਹਨ।
ਇਸ ਦੌਰਾਨ ਕਿਸਾਨਾਂ ਵਲੋਂ ਇਹਨਾਂ ਥਾਵਾਂ ਤੇ ਪੱਕਾ ਮੋਰਚਾ ਲਗਾ ਲਿਆ ਗਿਆ ਹੈ ਅਤੇ ਇੱਥੇ ਹੀ ਲੰਗਰ ਤਿਆਰ ਕੀਤਾ ਜਾ ਰਿਹਾ ਹੈ। ਕਿਸਾਨ ਆਗੂਆਂ ਵਲੋਂ ਕੇਂਦਰ ਸਰਕਾਰ ਤੇ ਵਾਇਦਾਖਿਲਾਫੀ ਦੇ ਇਲਜਾਮ ਲਗਾਉਂਦਿਆਂ 13 ਫਰਵਰੀ ਨੂੰ ਦਿੱਲੀ ਚਲੋ ਦਾ ਸੱਦਾ ਦਿੱਤਾ ਗਿਆ ਸੀ ਪਰੰਤੂ ਹਰਿਆਣਾ ਸਰਕਾਰ ਵਲੋਂ ਪੰਜਾਬ ਦੇ ਸ਼ੰਭੂ ਅਤੇ ਖਨੌਰੀ ਬਾਰਡਰ ਨੂੰ ਪੂਰੀ ਤਰ੍ਹਾਂ ਸੀਲ ਕਰਕੇ ਉੱਥੇ ਕਈ ਲੇਅਰਾਂ ਦੀ ਬੈਰੀਕੇਡਿੰਗ ਕਰ ਲਈ ਗਈ ਅਤੇ ਸੜਕ ਵਿਚ ਲੋਹੇ ਦੀਆਂ ਨੁਕੀਲੀਆਂ ਰਾਡਾਂ ਲਗਾ ਦਿੱਤੀਆਂ ਗਈਆਂ ਤਾਂ ਜੋ ਕਿਸਾਨਾਂ ਦੇ ਵਾਹਨਾਂ ਨੂੰ ਰੋਕਿਆ ਜਾ ਸਕੇ। ਇਸ ਕਾਰਨ ਇਹਨਾਂ ਦੋਵਾਂ ਥਾਵਾਂ ਤੇ ਰੇੜਕਾ ਕਾਇਮ ਹੈ ਅਤੇ ਇਸ ਦੌਰਾਨ ਪੁਲੀਸ ਅਤੇ ਕਿਸਾਨਾਂ ਵਿੱਚ ਲਗਾਤਾਰ ਟਕਰਾਅ ਦੇ ਹਾਲਾਤ ਬਣੇ ਹੋਏ ਹਨ।
ਇਸ ਦੌਰਾਨ ਅੱਜ ਕਿਸਾਨਾਂ ਵਲੋਂ ਪੰਜਾਬ ਵਿੱਚ ਰੇਲਾਂ ਦੀ ਆਵਾਜਾਈ ਰੋਕ ਦਿੱਤੀ ਗਈ। ਇਸ ਸੰਬੰਧੀ ਬੀਤੇ ਕੱਲ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਐਲਾਨ ਕੀਤਾ ਗਿਆ ਸੀ। ਕਿਸਾਨਾਂ ਵਲੋਂ ਪੰਜਾਬ ਦੇ ਕਈ ਟੋਲ ਪਲਾਜੇ ਵੀ ਅੱਜ ਮੁਫਤ ਕਰਵਾ ਦਿੱਤੇ ਗਏ ਅਤੇ ਟੋਲ ਟੈਕਸ ਦੀ ਵਸੂਲੀ ਬੰਦ ਕਰਵਾ ਦਿੱਤੀ। ਸੰਯੁਕਤ ਕਿਸਾਨ ਮੋਰਚਾ ਨੇ ਪੰਜਾਬ ਦੇ ਸਾਰੇ ਟੋਲ ਪਲਾਜ਼ਿਆਂ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਫ੍ਰੀ ਕਰ ਦਿੱਤਾ ਗਿਆ। ਕਿਸਾਨਾਂ ਨੇ ਟੋਲ ਪਲਾਜ਼ਿਆਂ ਤੇ ਧਰਨੇ ਦਿੰਦਿਆਂ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਕਿਸਾਨ ਅੰਦੋਲਨ ਲਈ ਦਿੱਲੀ ਜਾ ਰਹੇ ਕਿਸਾਨਾਂ ਨੂੰ ਸ਼ੰਭੂ ਬਾਰਡਰ ਤੇ ਰੋਕਣ ਅਤੇ ਧੱਕੇਸ਼ਾਹੀ ਕਰਨ ਤੇ ਹਰਿਆਣਾ ਸਰਕਾਰ ਅਤੇ ਮੋਦੀ ਸਰਕਾਰ ਦੇ ਖ਼ਿਲਾਫ਼ ਰੋਹ ਜਤਾਇਆ। ਇਸ ਦੇ ਨਾਲ ਹੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੱਦੇ ਤੇ ਦੁਪਹਿਰ 12 ਵਜੇ ਤੋਂ 3 ਵੱਜੇ ਤੱਕ ਰੇਲਾਂ ਦਾ ਵੀ ਚੱਕਾ ਜਾਮ ਕੀਤਾ ਗਿਆ। ਪੰਜਾਬ ਦੇ 6 ਜ਼ਿਲ੍ਹਿਆਂ ਲੁਧਿਆਣਾ, ਅੰਮ੍ਰਿਤਸਰ, ਬਠਿੰਡਾ, ਬਰਨਾਲਾ, ਫਤਹਿਗੜ੍ਹ ਸਾਹਿਬ ਅਤੇ ਮੋਗਾ ਵਿੱਚ ਟਰੇਨਾਂ ਨੂੰ ਰੋਕਿਆ ਗਿਆ।
ਇਸ ਦੌਰਾਨ ਹਰਿਆਣਾ ਦੇ ਕਿਸਾਨ ਨੇਤਾ ਗੁਰਨਾਮ ਸਿੰਘ ਚਢੂਨੀ ਨੇ ਐਲਾਨ ਕੀਤਾ ਹੈ ਕਿ ਕੱਲ੍ਹ ਤੋਂ ਹਰਿਆਣਾ ਦੇ ਟੋਲ ਪਲਾਜ਼ੇ ਵੀ 3 ਘੰਟੇ ਲਈ ਟੋਲ ਫ੍ਰੀ ਹੋਣਗੇ। ਉਹਨਾਂ ਕਿਹਾ ਕਿ ਇਸਦੇ ਨਾਲ ਹੀ ਪੱਛਮੀ ਉੱਤਰ ਪ੍ਰਦੇਸ਼ ਵਿੱਚ ਵੀ ਟੋਲ ਫ੍ਰੀ ਕਰਵਾਉਣ ਦਾ ਕੰਮ ਕੀਤਾ ਜਾਵੇਗਾ। ਚਢੂਨੀ ਨੇ ਕਿਹਾ ਕਿ 17 ਫਰਵਰੀ ਨੂੰ ਭਾਰਤੀ ਕਿਸਾਨ ਯੂਨੀਅਨ ਟਰੈਕਟਰ ਮਾਰਚ ਕੱਢਣਗੇ।
ਆਪਣੀਆਂ ਮੰਗਾਂ ਨੂੰ ਲੈ ਕੇ ‘ਦਿੱਲੀ ਚਲੋ’ ਅੰਦੋਲਨ ਚਲਾ ਰਹੇ ਕਿਸਾਨਾਂ ਨੂੰ ਰਾਸ਼ਟਰੀ ਰਾਜਧਾਨੀ ਵਿਚ ਦਾਖ਼ਲ ਹੋਣ ਤੋਂ ਰੋਕਣ ਲਈ ਦਿੱਲੀ ਪੁਲੀਸ ਵਲੋਂ ਪੂਰੀ ਤਿਆਰੀ ਕੀਤੀ ਗਈ ਹੈ। ਇਸਦੇ ਤਹਿਤ ਦਿੱਲੀ ਪੁਲੀਸ ਨੇ ਹੰਝੂ ਗੈਸ ਦੇ 30,000 ਗੋਲੇ ਮੰਗਵਾਏ ਹਨ। ਦਿੱਲੀ ਪੁਲੀਸ ਦੇ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨਾਂ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਪ੍ਰਵੇਸ਼ ਕਰਨ ਤੋਂ ਰੋਕਣ ਲਈ ਦਿੱਲੀ ਪੁਲੀਸ ਵਲੋਂ ਪਹਿਲਾਂ ਹੀ ਵੱਡੀ ਗਿਣਤੀ ਵਿਚ ਹੰਝੂ ਗੈਸ ਦੇ ਗੋਲੇ ਇਕੱਠੇ ਕਰ ਲਏ ਗਏ ਹਨ। ਇਸ ਦੇ ਨਾਲ ਹੀ ਮੱਧ ਪ੍ਰਦੇਸ਼ ਦੇ ਗਵਾਲੀਅਰ ਦੇ ਟੇਕਨਪੁਰ ਸਥਿਤ ਬੀ. ਐਸ. ਐਫ. ਦੀ ‘ਟੀਅਰ ਸਮੋਕ ਯੂਨਿਟ’ ਤੋਂ 30,000 ਗੋਲਿਆਂ ਦੀ ਨਵੀਂ ਖੇਪ ਮੰਗਵਾਈ ਗਈ ਹੈ। ਦਿੱਲੀ ਪੁਲੀਸ ਦੇ ਇੱਕ ਅਧਿਕਾਰੀ ਅਨੁਸਾਰ ਇਹ ਗੋਲੇ ਗਵਾਲੀਅਰ ਤੋਂ ਦਿੱਲੀ ਲਿਆਂਦੇ ਜਾ ਰਹੇ ਹਨ।

Related Articles

Leave a Comment