ਯੂਟਿਊਬ ਤੋਂ ਹਟਾਇਆ ਗਿਆ ਪੰਜਾਬੀ ਗਾਇਕ ਜੈਨੀ ਜੌਹਲ ਦਾ ਨਵਾਂ ਗੀਤ ਲੈਟਰ ਟੂ ਸੀਐਮ
ਚੰਡੀਗੜ੍ਹ, 9 ਅਕਤੂਬਰ : ਪ੍ਰਸਿਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਸਮਰਪਿਤ ਅਤੇ ਉਨ੍ਹਾਂ ਦੇ ਕਤਲ ਦਾ ਇਨਸਾਫ਼ ਦੀ ਮੰਗ ਕਰਦਿਆਂ ਪੰਜਾਬੀ ਗਾਇਕਾ ਜੈਨੀ ਜੌਹਲ ਦੇ ਨਵੇਂ ਗੀਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਪੰਜਾਬ ਸਰਕਾਰ ’ਤੇ ਸਵਾਲ ਚੁੱਕਦਿਆਂ ਪੰਜਾਬੀ ਗਾਇਕ ਜੈਨੀ ਜੌਹਲ ਦਾ ਗਾਣਾ ਯੂਟਿਊਬ ਤੋਂ ਹਟਾ ਦਿੱਤਾ ਹੈ। ਗੀਤ ਦੇ ਯੂਟਿਊਬ ’ਤੇ 2 ਮਿਲੀਅਨ ਤੋਂ ਵੱਧ ਵਿਊਜ਼ ਹੋ ਗਏ ਸਨ।
ਜ਼ਿਕਰਯੋਗ ਹੈ ਕਿ 29 ਮਈ ਨੂੰ ਗੈਂਗਸਟਰਾਂ ਵੱਲੋਂ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਲਈ ਇਨਸਾਫ਼ ਦੀ ਮੰਗ ਕਰਦਿਆਂ ਪੰਜਾਬੀ ਗਾਇਕਾ ਜੈਨੀ ਜੌਹਲ ਦੇ ਨਵੇਂ ਗਾਣੇ ਨੇ ਤਹਿਲਕਾ ਮਚਾ ਦਿੱਤਾ ਹੈ।
ਗੀਤ ਦਾ ਟਾਇਟਲ ‘ਲੈਟਰ ਟੂ ਸੀਐੱਮ’ ਹੈ ਅਤੇ ਗੀਤ ’ਚ ਗਾਇਕਾ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਸਿੱਧੇ ਤੌਰ ’ਤੇ ਸੰਬੋਧਨ ਕਰਦਿਆਂ ਪੁੱਛਿਆ ਹੈ ਕਿ ਸਿੱਧੂ ਦੇ ਕਤਲ ਨੂੰ 4 ਮਹੀਨੇ ਬੀਤ ਚੁੱਕੇ ਹਨ, ਪਰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ! ਗੀਤ ਦੇ ਬੋਲ ਜੈਨੀ ਜੌਹਲ ਨੇ ਖੁਦ ਲਿਖੇ ਹਨ ਅਤੇ ਗੀਤ ’ਚ ਸਿੱਧੂ ਦੀ ਸੁਰੱਖਿਆ ਦੀ ਖ਼ਬਰ ਮੀਡੀਆ ’ਚ ਲੀਕ ਹੋਣ ਦਾ ਮੁੱਦਾ ਵੀ ਜੋਰ ਸ਼ੋਰ ਨਾਲ ਚੁੱਕਦਿਆਂ ਸਵਾਲ ਕੀਤਾ ਹੈ ਕੀ ਲਿਸਟ ਜਨਤਕ ਕਰਨ ਵਾਲੇ ਦਾ ਅਜੇ ਤੱਕ ਖੁਲਾਸਾ ਕਿਉਂ ਨਹੀਂ ਕੀਤਾ ਗਿਆ।
ਇਸ ਦੇ ਨਾਲ ਹੀ ਸਿੱਧੂ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਦੀ ਸਿਹਤ ਅਤੇ ਸੁਰੱਖਿਆ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਸ ਸਭ ਤੋਂ ਇਲਾਵਾ ਗੈਂਗਸਟਰ ਦੀਪਕ ਟੀਨੂੰ ਦੇ ਪੁਲਿਸ ਕਸਟੱਡੀ ’ਚੋਂ ਫਰਾਰ ਹੋਣ ਨੂੰ ਲੈ ਕੇ ਵੀ ਪ੍ਰਸ਼ਾਸਨ ਨੂੰ ਨਿਸ਼ਾਨੇ ’ਤੇ ਲਿਆ ਹੈ। ਇਸ ਗੀਤ ਨੂੰ ਸਿੱਧੂ ਦੇ ਚਾਹੁਣ ਵਾਲਿਆਂ ਵੱਲੋਂ ਬੇਹੱਦ ਪਿਆਰ ਦਿੱਤਾ ਜਾ ਰਿਹਾ ਹੈ ਅਤੇ ਰਿਲੀਜ਼ ਹੋਣ ਦੇ ਮਹਿਜ਼ ਕੁਝ ਘੰਟਿਆਂ ਦੇ ਅੰਦਰ ਹੀ ਲੱਖਾਂ ਵਾਰ ਦੇਖਿਆ ਜਾ ਚੁੱਕਿਆ ਹੈ। ਇਸ ਤੋਂ ਇਲਾਵਾ ਕੁਮੈਟਾਂ ’ਚ ਵੀ ਲੋਕ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ।