ਭਵਾਨੀਗੜ੍ਹ, 29 ਜੂਨ, 2023: ਵਿਸ਼ਵ ਖ਼ੂਨਦਾਨੀ ਦਿਵਸ ਤੇ ਮਨਾਏ ਜਾ ਰਹੇ ਪੰਦਰਵਾੜੇ ਦੀ ਲੜੀ ਵਿੱਚ ਖੂਨਦਾਨ ਕੈਂਪ ਰਾਜਿੰਦਰਾ ਹਸਪਤਾਲ ਪਟਿਆਲਾ ਅਤੇ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਪੰਜਾਬ ਦੇ ਸਹਿਯੋਗ ਨਾਲ ਇੱਕ ਸਨਮਾਨ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸਵੈ ਇੱਛਕ ਖੂਨਦਾਨੀਆਂ ਅਤੇ ਖੂਨਦਾਨ ਲਹਿਰ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਰੋਟਰੀ ਕਲੱਬ ਦੇ ਸਾਬਕਾ ਗਵਰਨਰ ਧਰਮਵੀਰ ਗਰਗ ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਵੱਲੋਂ ਖੂਨਦਾਨ ਲਹਿਰ ਵਿੱਚ ਪਾਏ ਗਏ ਯੋਗਦਾਨ ਨੂੰ ਸਭ ਨਾਲ ਸਾਂਝਾ ਕੀਤਾ ਗਿਆ।
ਇਸ ਸਮਾਗਮ ਦੇ ਮੁੱਖ ਮਹਿਮਾਨ ਡਾਕਟਰ ਰਾਜਨ ਸਿੰਗਲਾ ਡਾਇਰੈਕਟਰ ਪ੍ਰਿੰਸੀਪਲ ਅਤੇ ਸਰਕਾਰੀ ਰਜਿੰਦਰਾ ਮੈਡੀਕਲ ਕਾਲਜ ਉਪਸਥਿਤ ਸਨ। ਇਸ ਮੌਕੇ ਉੱਤੇ ਧਰਮਵੀਰ ਗਰਗ ਨੇ ਕਿਹਾ ਕਿ ਉਹ ਸਾਲ 1995 ਤੋਂ ਖੂਨਦਾਨ ਦੀ ਮੁਹਿੰਮ ਨਾਲ ਜੁੜੇ ਹੋਏ ਹਨ। ਰੋਟਰੀ ਕਲੱਬ ਭਵਾਨੀਗੜ੍ਹ ਜਿਸਦੇ ਉਹ ਮੈਂਬਰ ਹਨ, ਉਨ੍ਹਾਂ ਵੱਲੋਂ 70 ਖੂਨਦਾਨ ਦੇ ਕੈਂਪ ਲਗਾਏ ਜਾ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਇਲਾਕੇ ਦੇ ਵੱਧ ਤੋਂ ਵੱਧ ਪਿੰਡਾਂ ਵਿੱਚ ਖੂਨਦਾਨ ਕੈਂਪ ਲਗਾ ਕੇ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਰੋਟਰੀ ਕਲੱਬ ਦੇ ਸਾਰੇ ਮੈਂਬਰ ਇਸ ਲਹਿਰ ਪ੍ਰਤੀ ਵਚਨਬੱਧ ਹਨ ਇਹ ਕੈਂਪ ਧਾਰਮਿਕ ਸਮਾਗਮਾਂ ਵਿੱਚ, ਖੁਸ਼ੀ ਦੇ ਮੌਕਿਆਂ ਉੱਤੇ, ਖੇਡ ਮੇਲਿਆਂ ਉੱਤੇ, ਬੱਚਿਆਂ ਦੇ ਜਨਮ ਦਿਨ ਮੌਕੇ ਲਗਾਉਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਂਦਾ ਹੈੈ। ਉਨ੍ਹਾਂ ਨੇ ਕਿਹਾ ਕਿ ਖ਼ੂਨ ਸਿਰਫ ਇੱਕ ਇਨਸਾਨ ਹੀ ਦੂਜੇ ਦੂਜੇ ਇਨਸਾਨ ਨੂੰ ਦੇ ਸਕਦਾ ਹੈ ਅਤੇ ਇੱਕ ਖੂਨਦਾਨ ਹੋਰ ਚਾਰ ਕੀਮਤੀ ਜਾਨਾਂ ਨੂੰ ਬਚਾਅ ਸਕਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਸਭ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਖੂਨਦਾਨ ਕਰਨਾ ਚਾਹੀਦਾ ਹੈ।