ਸਿਵਲ ਹਸਪਤਾਲ ਸੰਗਰੂਰ ਦੀ ਪਾਣੀ ਵਾਲੀ ਟੈਂਕੀ ’ਤੇ ਚੜ੍ਹੇ ਈ.ਟੀ.ਟੀ. ਬੇਰੁਜ਼ਗਾਰ ਅਧਿਆਪਕ
ਸੰਗਰੂਰ, 9 ਅਕਤੂਬਰ : ਈਟੀਟੀ ਟੈਟ ਪਾਸ ਬੇਰੁਜਗਾਰ 2364 ਸੰਘਰਸ ਕਮੇਟੀ ਪੰਜਾਬ ਵੱਲੋਂ ਸੰਗਰੂਰ ਦੇ ਡੀਸੀ ਦਫਤਰ ਦੇ ਬਾਹਰ ਸੁਰਿੰਦਰਪਾਲ ਗੁਰਦਾਸਪੁਰ ਅਤੇ ਸੁਖਚੈਨ ਸਿੰਘ ਮਾਨਸਾ ਵੱਲੋਂ ਅਪਣਾ ਮਰਨ ਵਰਤ ਪਿਛਲੇ 7 ਦਿਨਾਂ ਤੋਂ ਚੱਲ ਰਿਹਾ ਸੀ। ਅੱਜ ਸਵੇਰੇ ਹੀ ਸੁਰਿੰਦਰਪਾਲ ਗੁਰਦਾਸਪੁਰ ਅਤੇ ਰਵੀ ਕੁਮਾਰ ਕਟਾਰੂਚੱਕ ਸਰਕਾਰੀ ਹਸਪਤਾਲ ਸੰਗਰੂਰ ਦੀ ਪਾਣੀ ਵਾਲੀ ਟੈਂਕੀ ’ਤੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਚੜ੍ਹ ਗਏ ਹਨ।
ਸੁਰਿੰਦਰਪਾਲ ਗੁਰਦਾਸਪੁਰ ਨੇ ਕਿਹਾ ਕਿ ਸੰਗਰੂਰ ਪ੍ਰਸਾਸਨ ਲਗਾਤਾਰ ਸਾਡੀਆਂ ਮੰਗਾਂ ਨੂੰ ਠੰਢੇ ਬਸਤੇ ’ਚ ਪਾ ਰਿਹਾ ਸੀ ਜਿਸ ਕਰਕੇ ਅੱਜ ਮਜਬੂਰਨ ਉਨ੍ਹਾਂ ਨੂੰ ਪਾਣੀ ਵਾਲੀ ਟੈਂਕੀ ’ਤੇ ਚੜ੍ਹਨਾ ਪਿਆ।
ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਸਿੱਖਿਆ ਮੰਤਰੀ ਪੰਜਾਬ ਨੇ ਇਕ ਬਿਆਨ ਦਿੱਤਾ ਸੀ ਜਿਸ ’ਚ ਕਿਹਾ ਗਿਆ ਕਿ ਸਾਡੀ ਈਟੀਟੀ 2364 ਅਧਿਆਪਕਾਂ ਦੀ ਕੋਰਟ ਕੇਸ ਪ੍ਰਤੀ ਸਾਡੀ ਨੀਅਤ ਸਾਫ ਹੈ। ਜੇਕਰ ਪੰਜਾਬ ਸਰਕਾਰ ਦੀ ਇਸ ਭਰਤੀ ਲਈ ਨੀਅਤ ਸਾਫ ਹੈ ਤਾਂ ਫਿਰ ਕੋਰਟ ’ਚ ਹਲਫਨਾਮਾ ਦਾਇਰ ਕਿਉਂ ਨਹੀਂ ਕੀਤਾ ਜਾ ਰਿਹਾ। ਪਹਿਲਾਂ ਸੰਗਰੂਰ ਪ੍ਰਸਾਸਨ ਵੱਲੋਂ ਦੱਸਿਆ ਗਿਆ ਸੀ ਕਿ ਈਟੀਟੀ 2364 ਭਰਤੀ ਲਈ ਪਹਿਲਾਂ ਦੋ ਵਾਰ ਹਲਫਨਾਮਾ ਤਿਆਰ ਕੀਤਾ ਗਿਆ ਪਰ ਦੋਵੋ ਵਾਰ ਰਿਜੈਕਟ ਹੋ ਚੁੱਕਾ ਹੈ ਹੁਣ ਤੀਸਰੀ ਵਾਰ ਹਲਫਨਾਮਾ ਤਿਆਰ ਹੋ ਰਿਹਾ ਹੈ।
ਸੁਰਿੰਦਰਪਾਲ ਗੁਰਦਾਸਪੁਰ ਨੇ ਕਿਹਾ ਕਿ ਸਾਡੀ ਮੰਗ ਹੈ ਕਿ ਹਲਫਨਾਮਾ ਤਿਆਰ ਕਰਨ ਲਈ ਕਾਬਿਲ ਅਧਿਕਾਰੀਆਂ ਨੂੰ ਲਗਾਇਆ ਜਾਵੇ ਅਤੇ ਇੱਕ ਦੋ ਦਿਨਾਂ ’ਚ ਹੀ ਹਲਫਨਾਮਾ ਦਾਇਰ ਕੀਤਾ ਜਾਵੇ ਨਹੀਂ ਤਾਂ ਪੰਜਾਬ ਸਰਕਾਰ ਵਿਰੁੱਧ ਹੋਰ ਵੀ ਗੁਪਤ ਐਕਸਨ ਕੀਤੇ ਜਾਣਗੇ। ਉਨ੍ਹਾਂ ਕਿਹਾ ਿਿਕ ਇਹ ਮਰਨ ਵਰਤ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਹਲਫਨਾਮਾ ਪੇਸ ਨਹੀਂ ਕੀਤਾ ਜਾਂਦਾ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਕ ਵਾਰ ਫਿਰ ਯਾਦ ਕਰਵਾਇਆ ਕਿ ਇਹ ਸੁਰਿੰਦਰਪਾਲ ਗੁਰਦਾਸਪੁਰ ਉਹੀ ਬੇਰੁਜਗਾਰ ਅਧਿਆਪਕ ਸਾਥੀ ਹੈ ਜਿਸ ਨਾਲ ਤੁਸੀਂ ਫੋਨ ’ਤੇ ਗੱਲਬਾਤ ਕਰਦਿਆ ਕਿਹਾ ਸੀ ਕਿ ਸਾਡੀ ਸਰਕਾਰ ਬਣਨ ’ਤੇ ਤੁਹਾਡਾ ਪਹਿਲ ਦੇ ਆਧਾਰ ’ਤੇ ਕੰਮ ਕੀਤਾ ਜਾਵੇਗਾ ਪਰ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਸ਼ਹਿਰ ’ਚ ਉਨ੍ਹਾਂ ਨੂੰ ਪਾਣੀ ਵਾਲੀ ਟੈਂਕੀ ’ਤੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਚੜ੍ਹਨਾ ਪੈ ਰਿਹਾ ਹੈ ਅਤੇ ਮਰਨ ਵਰਤ ਰੱਖਣਾ ਪੈ ਰਿਹਾ ਹੈ।
ਇਸ ਮੌਕ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਗੁਰਸਿਮਰਤ ਮਾਲੇਰਕੋਟਲਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚਾਹੀਦਾ ਹੈ ਕਿ ਉਹ ਗੁਜਰਾਤ ਅਤੇ ਹਿਮਾਚਲ ਪ੍ਰਦੇਸ ਦੇ ਚੋਣ ਪ੍ਰਚਾਰ ਨੂੰ ਛੱਡ ਕੇ ਪੰਜਾਬ ਦੇ ਲੋਕਾਂ ਦੇ ਦੁੱਖ ਦਰਦ ਨੂੰ ਮਹਿਸੂਸ ਕਰਨ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ।