ਅਟਾਰੀ ਸਰਹੱਦ ’ਤੇ ਲਹਿਰਾਏਗਾ ਦੇਸ਼ ਦਾ ਸਭ ਤੋਂ ਉੱਚਾ ਤਿਰੰਗਾ
ਅੰਮ੍ਰਿਤਸਰ, 9 ਅਕਤੂਬਰ : ਤਿਰੰਗਾ ਦੇਸ਼ ਦੀ ਆਨ, ਬਾਨ ਅਤੇ ਸ਼ਾਨ ਹੈ। ਅੰਮ੍ਰਿਤਸਰ ਲਈ ਇਹ ਮਾਣ ਵਾਲੀ ਗੱਲ ਹੈ ਕਿ ਇੱਥੇ ਦੇਸ਼ ਦਾ ਸਭ ਤੋਂ ਉੱਚਾ ਤਿਰੰਗਾ ਲਹਿਰਾਇਆ ਜਾਵੇਗਾ।
ਕੌਮਾਂਤਰੀ ਅਟਾਰੀ ਸਰਹੱਦ ’ਤੇ 418 ਫੁੱਟ ਉੱਚਾ ਤਿਰੰਗਾ ਲਹਿਰਾਉਣ ਦੀ ਰੂਪ-ਰੇਖਾ ਤੈਅ ਕੀਤੀ ਜਾ ਚੁੱਕੀ ਹੈ। ਇਹ ਕੰਮ ਭਾਰਤੀ ਰਾਸ਼ਟਰੀ ਰਾਜ ਮਾਰਗ ਅਥਾਰਟੀ ਵੱਲੋਂ ਕੀਤਾ ਜਾਵੇਗਾ। ਇਸ ਤੋਂ ਪਹਿਲਾਂ 361 ਫੁੱਟ ਦਾ ਸਭ ਤੋਂ ਉੱਚਾ ਤਿਰੰਗਾ ਕਰਨਾਟਕ ਦੇ ਬੇਲਗਾਮ ਕਿਲ੍ਹੇ ’ਚ ਲਹਿਰਾਇਆ ਗਿਆ ਹੈ।
ਦਰਅਸਲ ਅਟਾਰੀ ਸਰਹੱਦ ’ਤੇ ਮੌਜੂਦਾ ਸਮੇਂ 360 ਫੁੱਟ ਉੱਚਾ ਤਿਰੰਗਾ ਲਹਿਰਾਇਆ ਜਾਂਦਾ ਹੈ। 2017 ’ਚ ਤਿੰਨ ਕਰੋੜ ਦੀ ਲਾਗਤ ਨਾਲ ਇਸ ਨੂੰ ਸਥਾਪਤ ਕੀਤਾ ਗਿਆ ਸੀ। ਇਸ ਤੋਂ ਬਾਅਦ ਵਾਹਗਾ ਚੈਕ ਪੋਸਟ ’ਤੇ ਪਾਕਿਸਤਾਨ ਨੇ ਆਪਣੇ ਝੰਡੇ ਦੀ ਉਚਾਈ 400 ਫੁੱਟ ਕਰ ਦਿੱਤੀ ਸੀ। ਹੁਣ ਭਾਰਤ ਵੱਲੋਂ ਤਿਰੰਗਾ ਸਥਾਪਤ ਕਰਨ ਤੋਂ ਬਾਅਦ ਇਹ ਪਾਕਿਸਤਾਨ ਦੇ ਝੰਡੇ ਤੋਂ 18 ਫੁੱਟ ਉੱਚਾ ਹੋਵੇਗਾ। ਇਸ ਅਸਮਾਨ ਛੂੰਹਦੇ ਝੰਡੇ ਨੂੰ ਰਾਸ਼ਟਰੀ ਝੰਡਾ ਸੰਯੁਕਤ ਚੈੱਕ ਪੋਸਟ ਦੀ ਦਰਸ਼ਕ ਗੈਲਰੀ ਨੇੜੇ ਸਥਾਪਤ ਕੀਤੇ ਜਾਣ ਦੀ ਚਰਚਾ ਹੈ। ਇਹ ਇਕ ਮਹੀਨੇ ਅੰਦਰ ਸਥਾਪਤ ਕੀਤਾ ਜਾਵੇਗਾ।