Big News : ਇਸ ਹਫਤੇ ਚੱਲਣਗੀਆਂ ਪੰਚਕੂਲਾ ਅਤੇ ਮੋਹਾਲੀ ਰੂਟਾਂ ’ਤੇ ਨਵੀਆਂ ਇਲੈਕਟ੍ਰਿਕ ਬੱਸਾਂ
ਚੰਡੀਗੜ੍ਹ, 9 ਅਕਤੂਬਰ : ਚੰਡੀਗੜ੍ਹ ’ਚ 40 ਨਵੀਆਂ ਇਲੈਕਟ੍ਰਿਕ ਬੱਸਾਂ ਆ ਗਈਆਂ ਹਨ। ਕਰਵਾ ਚੌਥ ਤੋਂ ਬਾਅਦ ਪ੍ਰਸਾਸਨ ਨੇ ਇਨ੍ਹਾਂ ਬੱਸਾਂ ਨੂੰ ਦੀਵਾਲੀ ਤੋਂ ਪਹਿਲਾਂ 15 ਅਕਤੂਬਰ ਨੂੰ ਚਲਾਉਣ ਦਾ ਫੈਸਲਾ ਕੀਤਾ ਹੈ।
ਨਵੀਆਂ ਬੱਸਾਂ ਸੀਟੀਯੂ ਟ੍ਰਾਈਸਿਟੀ (ਚੰਡੀਗੜ੍ਹ, ਪੰਚਕੂਲਾ ਅਤੇ ਮੋਹਾਲੀ) ਦੇ ਵੱਖ-ਵੱਖ ਰੂਟਾਂ ’ਤੇ ਚੱਲਣਗੀਆਂ। ਹਰ ਰੋਜ ਲੱਖਾਂ ਲੋਕ ਪੰਚਕੂਲਾ ਅਤੇ ਮੋਹਾਲੀ ਤੋਂ ਚੰਡੀਗੜ੍ਹ ਜਾਂਦੇ ਹਨ। ਇਸ ਸਮੇਂ ਟ੍ਰਾਈਸਿਟੀ ਦੇ ਲੋਕਲ ਰੂਟ ’ਤੇ 300 ਤੋਂ ਵੱਧ ਏਸੀ, ਨਾਨ ਏਸੀ ਬੱਸਾਂ ਚੱਲ ਰਹੀਆਂ ਹਨ। ਇਨ੍ਹਾਂ ਬੱਸਾਂ ’ਚ ਡੀਜਲ ਦੀਆਂ ਬੱਸਾਂ ਵੀ ਹਨ। ਇਨ੍ਹਾਂ ’ਚ ਰੋਜਾਨਾ ਦੋ ਲੱਖ ਤੋਂ ਵੱਧ ਯਾਤਰੀ ਸਫਰ ਕਰਦੇ ਹਨ। 40 ਨਵੀਆਂ ਬੱਸਾਂ ਦੇ ਆਉਣ ਨਾਲ ਇਲੈਕਟ੍ਰਿਕ ਬੱਸਾਂ ਦੀ ਗਿਣਤੀ 80 ਹੋ ਗਈ ਹੈ। ਇਸ ਨਾਲ ਲੋਕਲ ਬੱਸ ਸੇਵਾ ’ਚ ਸੁਧਾਰ ਹੋਵੇਗਾ।
ਚੰਡੀਗੜ੍ਹ ਪ੍ਰਸਾਸਨ ਵੱਲੋਂ ਪਿਛਲੇ ਮਹੀਨੇ ਹੀ ਸ਼ਹਿਰ ’ਚ ਇਲੈਕਟ੍ਰਿਕ ਵਹੀਕਲ ਪਾਲਿਸੀ ਲਾਗੂ ਕੀਤੀ ਗਈ ਹੈ। 2026 ਤੱਕ ਸ਼ਹਿਰ ’ਚ 100 ਫੀਸਦੀ ਇਲੈਕਟਿ੍ਰਕ ਬੱਸਾਂ ਚੱਲਣਗੀਆਂ। ਉਸ ਸਮੇਂ ਪ੍ਰਾਈਵੇਟ ਕਾਰਾਂ ਨੂੰ ਛੱਡ ਕੇ ਬਾਕੀ ਸਾਰੇ ਇਲੈਕਟ੍ਰਿਕ ਵਾਹਨ ਰਜਿਸਟਰਡ ਹੋਣਗੇ। ਪ੍ਰਸਾਸਨ ਮੁਤਾਬਕ ਇਲੈਕਟ੍ਰਿਕ ਬੱਸਾਂ ਚਲਾਉਣ ਨਾਲ ਸ਼ਹਿਰ ਦਾ ਵਾਤਾਵਰਨ ਸੁਰੱਖਿਅਤ ਰਹੇਗਾ। ਇਨ੍ਹਾਂ ਬੱਸਾਂ ਨਾਲ ਪ੍ਰਦੂਸਣ ’ਚ ਕਾਫੀ ਕਮੀ ਆਵੇਗੀ।
ਟਰਾਂਸਪੋਰਟ ਵਿਭਾਗ ਦੇ ਡਾਇਰੈਕਟਰ ਪ੍ਰਦਿਊਮਨ ਸਿੰਘ ਦਾ ਕਹਿਣਾ ਹੈ ਕਿ ਸ਼ਹਿਰ ’ਚ 40 ਨਵੀਆਂ ਇਲੈਕਟਿ੍ਰਕ ਬੱਸਾਂ ਪਹੁੰਚ ਚੁੱਕੀਆਂ ਹਨ। ਬੱਸਾਂ ਦੀ ਰਜਿਸਟ੍ਰੇਸਨ ਦਾ ਕੰਮ ਚੱਲ ਰਿਹਾ ਹੈ। ਇਨ੍ਹਾਂ ਇਲੈਕਟ੍ਰਿਕ ਬੱਸਾਂ ਤੋਂ 4.62 ਲੱਖ ਲੀਟਰ ਡੀਜਲ ਦੀ ਵੀ ਬੱਚਤ ਹੋਵੇਗੀ। ਇਸ ਤੋਂ ਪਹਿਲਾਂ ਸਤੰਬਰ 2020 ’ਚ ਸ਼ਹਿਰ ’ਚ 40 ਇਲੈਕਟ੍ਰਿਕ ਬੱਸਾਂ ਪੇਸ਼ ਕੀਤੀਆਂ ਗਈਆਂ ਸਨ।