ਦੀਵਾਲੀ ਤੋਂ ਪਹਿਲਾਂ ਜਾਰੀ ਹੋਵੇਗੀ ਕਿਸਾਨ ਨਿਧੀ ਦੀ ਕਿਸ਼ਤ, ਪੜੋ ਪੂਰੀ ਖ਼ਬਰ
ਨਵੀਂ ਦਿੱਲੀ, 9 ਅਕਤੂਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਕਿਸਾਨਾਂ ਨੂੰ ਦੀਵਾਲੀ ਤੋਂ ਪਹਿਲਾਂ ਤੋਹਫ਼ਾ ਦੇਣਗੇ। ਪ੍ਰਧਾਨ ਮੰਤਰੀ ਇਸ ਦੇ ਲਈ 17 ਅਕਤੂਬਰ ਨੂੰ ਪੂਸਾ ਸਥਿਤ ਭਾਰਤੀ ਖੇਤੀਬਾੜੀ ਖੋਜ ਸੰਸਥਾਨ (ਆਈਏਆਰਆਈ) ’ਚ ਕਰਵਾਏ ਸਮਾਰੋਹ ’ਚ ਪੀਐਮ ਕਿਸਾਨ ਸਨਮਾਨ ਨਿਧੀ ਦੀ 12ਵੀਂ ਕਿਸ਼ਤ ਜਾਰੀ ਕਰਨਗੇ।
ਪ੍ਰਧਾਨ ਮੰਤਰੀ ਮੋਦੀ ਦੋ ਦਿਨਾ ਰਾਸ਼ਟਰੀ ਐਗਰੀ ਸਟਾਰਟਅਪ ਕਾਨਕਲੇਵ ਤੇ ਕਿਸਾਨ ਸੰਮੇਲਨ ਦਾ ਉਦਘਾਟਨ ਕਰਨ ਤੋਂ ਬਾਅਦ ਦੇਸ਼ ਦੇ ਕਿਸਾਨਾਂ ਨੂੰ ਵੀ ਸੰਬੋਧਤ ਕਰਨਗੇ। ਸੰਮੇਲਨ ’ਚ ਦੇਸ਼ ਭਰ ਤੋਂ ਤਕਰੀਬਨ 25 ਹਜ਼ਾਰ ਤੋਂ ਵੱਧ ਉੱਨਤ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਸੱਦਾ ਦਿੱਤਾ ਗਿਆ ਹੈ।
ਦੀਵਾਲੀ ਤੋਂ ਪਹਿਲਾਂ ਕਿਸਾਨਾਂ ਨੂੰ ਪੀਐਮ-ਕਿਸਾਨ ਨਿਧੀ ਦੀ 2000 ਰੁਪਏ ਦੀ 12ਵੀਂ ਕਿਸ਼ਤ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਅਨੁਮਾਨ ਹੈ ਕਿ ਇਸ ਵਾਰ ਕੁਲ 10 ਕਰੋੜ ਤੋਂ ਵੱਧ ਕਿਸਾਨਾਂ ਦੇ ਬੈਂਕ ਖ਼ਾਤਿਆਂ ’ਚ ਤਕਰੀਬਨ 20 ਹਜ਼ਾਰ ਕਰੋੜ ਰੁਪਏ ਪਹੁੰਚਾ ਦਿੱਤੇ ਜਾਣਗੇ। ਪੀਐਮ-ਕਿਸਾਨ ਸਨਮਾਨ ਨਿਧੀ ਨਾਲ ਦੇਸ਼ ਦੇ ਕੁਲ 11.30 ਕਰੋੜ ਕਿਸਾਨਾਂ ਨੂੰ 11 ਕਿਸ਼ਤਾਂ ’ਚ ਕੁਲ 2.10 ਲੱਖ ਕਰੋੜ ਰੁਪਏ ਦਿੱਤੇ ਜਾ ਚੁੱਕੇ ਹਨ। ਇਸ ਵਾਰ ਦੀ ਕਿਸ਼ਤ ਜਾਰੀ ਕਰਨ ਤੋਂ ਪਹਿਲਾਂ ਖੇਤੀਬਾੜੀ ਮੰਤਰਾਲੇ ਨੇ ਦੇਸ਼ ਦੇ ਸਾਰੇ ਸੂਬਿਆਂ ਨੂੰ ਆਪਣੇ ਇਥੇ ਕਿਸਾਨਾਂ ਦੀ ਯੋਗਤਾ ਦੀ ਜਾਂਚ ਕਰਨ ਦਾ ਨਿਰਦੇਸ਼ ਦਿੱਤਾ ਹੈ। ਜਿਨ੍ਹਾਂ ਦੇ ਬੈਂਕ ਖ਼ਾਤੇ, ਆਧਾਰ ਨੰਬਰ, ਜ਼ਮੀਨ ਦਾ ਡਿਜੀਟਲ ਵੇਰਵਾ ਸਮੇਤ ਨਿਰਧਾਰਤ ਮਾਪਦੰਡ ਪੂਰੇ ਨਹੀਂ ਹੋਣਗੇ, ਇਸ ਵਾਰ ਉਨ੍ਹਾਂ ਦੀ ਕਿਸ਼ਤ ਰੋਕੀ ਜਾ ਸਕਦੀ ਹੈ। ਯੋਗਤਾ ਸੂਚੀ ਨੂੰ ਅਪਡੇਟ ਕਰ ਕੇ ਮਾਪਦੰਡਾਂ ’ਤੇ ਖ਼ਰਾ ਉਤਰਣ ਵਾਲੇ ਕਿਸਾਨਾਂ ਨੂੰ ਹੀ ਇਸ ਵਾਰ ਵਾਲੀ ਕਿਸ਼ਤ ਦਿੱਤੀ ਜਾ ਸਕਦੀ ਹੈ।
ਪੂਸਾ ਮੇਲਾ ਗਰਾਊਂਡ ’ਚ ਹੋਣ ਵਾਲੇ 17 ਤੇ 18 ਅਕਤੂਬਰ ਦੇ ਰਾਸ਼ਟਰੀ ਸਟਾਰਟਅਪ ਕਾਨਕਲੇਵ ਤੇ ਕਿਸਾਨ ਸੰਮੇਲਨ ’ਚ ਉਨ੍ਹਾਂ ਕਿਸਾਨਾਂ ਦੇ ਪ੍ਰਤੀਨਿਧੀਆਂ ਨੂੰ ਬੁਲਾਇਆ ਗਿਆ ਹੈ, ਜਿਨ੍ਹਾਂ ਨੇ ਪਿਛਲੇ ਕੁਝ ਸਾਲਾਂ ’ਚ ਆਪਣੀ ਉੱਨਤ ਖੇਤੀ ਦੇ ਜ਼ੋਰ ’ਤੇ ਆਪਣੀ ਆਮਦਨ ਨੂੰ ਦੁੱਗਣਾ ਕਰ ਲਿਆ ਹੈ। ਸਮਾਗਮ ’ਚ 300 ਤੋਂ ਵੱਧ ਸਟਾਰਟਅਪ ਸਟਾਲ ਲਗਾਏ ਜਾਣਗੇ।
ਖੇਤੀਬਾੜੀ ਖੇਤਰ ’ਚ ਰਾਸ਼ਟਰੀ ਖੇਤੀਬਾੜੀ ਵਿਕਾਸ ਯੋਜਨਾ ਦੀ ਰਫ਼ਤਾਰ ਪ੍ਰੋਜੈਕਟ ਦੇ ਤਹਿਤ ਕੁਲ 3000 ਤੋਂ ਵੱਧ ਸਟਾਰਟਅਪ ਵਾਲੇ ਉੱਦਮੀਆਂ ਨੂੱ ਸਿਖਲਾਈ ਦਿੱਤੀ ਜਾ ਚੁੱਕੀ ਹੈ। ਅਗਾਮੀ ਤਿੰਨ ਸਾਲਾਂ ਦੇ ਅੰਦਰ ਕੁਲ 5000 ਸਟਾਰਟਅਪ ਉੱਦਮੀਆਂ ਨੂੰ ਸਿਖਲਾਈ ਦੇਣ ਦਾ ਟੀਚਾ ਹੈ। ਜਿਨ੍ਹਾਂ ਸਟਾਰਟਅਪ ਨੇ ਬਿਹਤਰ ਪ੍ਰਦਰਸ਼ਨ ਕੀਤਾ ਹੈ, ਉਨ੍ਹਾਂ ਦੀਆਂ ਪ੍ਰਾਪਤੀਆਂ ਦਾ ਖੇਤੀਬਾੜੀ ਖੇਤਰ ’ਚ ਉਪਯੋਗ ਕਰਨ ’ਤੇ ਜ਼ੋਰ ਦਿੱਤਾ ਜਾਵੇਗਾ। ਦੇਸ਼ ’ਚ ਸਟਾਰਟਅਪ ਨੂੰ ਵਿਕਸਿਤ ਕਰਨ ਲਈ ਸਰਕਾਰ ਨੇ ਇਕ ਹਜ਼ਾਰ ਕਰੋੜ ਰੁਪਏ ਦੇ ਸੀਡ ਫੰਡ ਦੀ ਵਿਵਸਥਾ ਕੀਤੀ ਹੈ।