ਜ਼ੀਰਾ/ ਫਿਰੋਜ਼ਪੁਰ 25 ਅਪ੍ਰੈਲ (ਗੁਰਪ੍ਰੀਤ ਸਿੰਘ ਸਿੱਧੂ )
ਸੂਬੇ ਅੰਦਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਸ਼ੈਲਰ ਉਦਯੋਗ ਨੂੰ ਬਚਾਉਣ ਲਈ ਪੰਜਾਬ ਦੇ ਕਿਸਾਨ ਝੋਨੇ ਦੀ ਪੀ. ਆਰ -126 ਕਿਸਮ ਦੀ ਬੀਜਾਈ ਨਾ ਕਰਨ । ਪੰਜਾਬ ਦੇ ਕਿਸਾਨਾਂ ਨੂੰ ਇਹ ਅਪੀਲ ਕਰਦਿਆਂ ਸੁਮਿਤ ਨਰੂਲਾ ਜੁਆਇੰਟ ਸੈਕਟਰੀ ਸ਼ੈਲਰ ਐਸੋਸ਼ੀਏਸ਼ਨ ਪੰਜਾਬ ਨੇ ਕਿਹਾ ਕਿ ਚਾਵਲ ਖ੍ਰੀਦਣ ਸਮੇਂ ਸਰਕਾਰ ਇੱਕ ਕੁਇੰਟਲ ਝੋਨੇ ਦੇ ਬਦਲੇ ਵਿੱਚ ਸ਼ੈਲਰ ਮਾਲਕਾਂ ਪਾਸੋ 67 ਕਿਲੋ ਚਾਵਲ ਲੈਂਦੀ ਹੈ। ਜਦੋਂ ਕਿ ਇੱਕ ਕੁਇੰਟਲ ਝੋਨੇ ਵਿੱਚੋਂ ਕੇਵਲ 60 ਤੋਂ 62 ਕਿਲੋ ਚਾਵਲ ਹੀ ਪ੍ਰਾਪਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਵਰ੍ਹੇ ਚਾਵਲਾਂ ਦੀ ਇੱਕ ਗੱਡੀ ਪਿੱਛੇ 50 ਤੋਂ 60 ਗੱਟੇ ਚਾਵਲ ਖਰਾਬ ਤੇ ਬਦਰੰਗ ਨਿਕਲੇ ਹਨ , ਜਿਸ ਦਾ ਸ਼ੈਲਰ ਮਾਲਕਾਂ ਨੂੰ ਵੱਡੀ ਪੱਧਰ ਤੇ ਆਰਥਿਕ ਨੁਕਸਾਨ ਹੋਇਆ ਹੈ । ਸੁਮਿਤ ਨਰੂਲਾ ਨੇ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਹੈ ਕਿ ਇਸ ਵਾਰ ਝੋਨੇ ਦੀ ਬਜਾਈ ਦੇ ਆ ਰਹੇ ਸੀਜਨ ਨੂੰ ਮੁੱਖ ਰੱਖਦਿਆਂ ਪੀ .ਆਰ -126 ਕਿਸਮ ਝੋਨੇ ਦੀ ਬਜਾਈ ਉੱਪਰ ਰੋਕ ਲਗਾਈ ਜਾਵੇ ਤਾਂ ਜੋ ਸ਼ੈਲਰ ਉਦਯੋਗ ਬਚ ਸਕੇ ।