Home » ਭਾਰਤ ਸਰਕਾਰ ਦੀ 2 ਰੋਜ਼ਾ ਚਿੱਤਰ ਪ੍ਰਦਰਸ਼ਨੀ ਦਾ ਖਾਲਸਾ ਕਾਲਜ਼ ਵਿੱਚ ਆਗਾਜ਼

ਭਾਰਤ ਸਰਕਾਰ ਦੀ 2 ਰੋਜ਼ਾ ਚਿੱਤਰ ਪ੍ਰਦਰਸ਼ਨੀ ਦਾ ਖਾਲਸਾ ਕਾਲਜ਼ ਵਿੱਚ ਆਗਾਜ਼

ਕਰਨਲ ਚੇਤਨ ਪਾਂਡੇ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

by Rakha Prabh
14 views

ਐਨ.ਸੀ.ਸੀ. ਦੀ 1 ਪੰਜਾਬ ਬਟਾਲੀਅਨ ਨੇ ਵੱਧ ਚੜ੍ਹ ਕੇ ਕੀਤੀ ਸ਼ਿਰਕਤ

ਅੰਜਲੀ ਨੇ ਚਿੱਤਰ ਅਤੇ ਮਨੁਸ਼ਾ ਨੇ ਲੇਖ ਮੁਕਾਬਲੇ ਵਿੱਚ ਮਾਰੀ ਬਾਜ਼ੀ

ਚਿੱਤਰ ਪ੍ਰਦਰਸ਼ਨੀ ਵੇਖਣ ਆਇਆ ਲੋਕਾਂ ਦਾ ਹੜ੍ਹ, ਕਲਾਕਾਰਾਂ ਨੇ ਸੱਭਿਆਚਾਰਕ ਪੇਸ਼ਕਾਰੀਆਂ ਨਾਲ ਬੰਨ੍ਹਿਆ ਸਮਾਂ

ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ) ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਕੇਂਦਰੀ ਸੰਚਾਰ ਬਿਊਰੋ ਵੱਲੋਂ ਦੇਸ਼ ਭਰ ਵਿੱਚ “9 ਸਾਲ ਸੇਵਾ, ਸੁਸ਼ਾਸਨ ਅਤੇ ਗਰੀਬ ਕਲਿਆਣ” ਦੀ ਥੀਮ ਉੱਤੇ ਵੱਖੋ-ਵੱਖ ਥਾਵਾਂ ‘ਤੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸੇ ਲੜੀ ਦੇ ਤਹਿਤ ਸ਼ਹਿਰ ਦੇ ਖਾਲਸਾ ਕਾਲਜ ਵਿੱਚ “9 ਸਾਲ ਸੇਵਾ, ਸੁਸ਼ਾਸਨ ਅਤੇ ਗਰੀਬ ਕਲਿਆਣ” ਦੀ ਥੀਮ ‘ਤੇ ਚਿੱਤਰ ਪ੍ਰਦਰਸ਼ਨੀ ਲਾਈ ਗਈ ਹੈ, ਜਿਸ ਦਾ ਵੀਰਵਾਰ ਨੂੰ ਆਗਾਜ਼ ਹੋ ਗਿਆ।
ਇਸ ਮੌਕੇ ਮੁੱਖ ਮਹਿਮਾਨ ਕਰਨਲ ਚੇਤਨ ਪਾਂਡੇ (ਏ.ਆਰ.ਓ. ਆਫ਼ਸ) ਨੇ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਭਵਿੱਖ ਵਿਚ ਵੀ ਆਯੋਜਿਤ ਕੀਤੇ ਜਾਣੇ ਚਾਹੀਦੇ ਹਨ। ਕਰਨਲ ਪਾਂਡੇ ਨੇ ਲੋਕਾਂ ਨੂੰ ਫ਼ੌਜ ਵਿੱਚ ਜਾਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਦੇਸ਼ ਦੀ ਸੇਵਾ ਕਰਨ ਲਈ ਫ਼ੌਜ ਇੱਕ ਬਿਹਤਰ ਮਾਧਿਅਮ ਹੈ। ਮੰਚ ਤੋਂ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਨੇ ਲੋਕਾਂ ਨੂੰ ਅਗਨੀਪਥ ਯੋਜਨਾ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਨੌਜ਼ਵਾਨ ਪੀੜ੍ਹੀ ਕੋਲ ਅਗਨੀਪਥ ਸਕੀਮ ਦੇ ਤਹਿਤ ਫ਼ੌਜ ਵਿੱਚ ਜਾ ਕੇ ਦੇਸ਼ ਸੇਵਾ ਕਰਨ ਦਾ ਇੱਕ ਚੰਗਾ ਮੌਕਾ ਹੈ।
ਇਸ ਮੌਕੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸੈਂਟਰਲ ਬਿਊਰੋ ਆਫ਼ ਕਮਿਊਨੀਕੇਸ਼ਨ ਅੰਮ੍ਰਿਤਸਰ ਦੇ ਮੁੱਖੀ ਗੁਰਮੀਤ ਸਿੰਘ (ਆਈ.ਆਈ.ਐੱਸ.) ਨੇ ਕਿਹਾ ਕਿ ਮੰਤਰਾਲੇ ਵੱਲੋਂ ਦੇਸ਼ ਭਰ ਵਿੱਚ ਅਜਿਹੇ ਜਾਗਰੂਕਤਾ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸੇ ਲੜੀ ਦੇ ਤਹਿਤ ਲਾਈ ਗਈ ਇਸ ਚਿੱਤਰ ਪ੍ਰਦਰਸ਼ਨੀ ਦੇ ਜ਼ਰੀਏ ਅੰਮ੍ਰਿਤਸਰ ਵਿੱਚ ਵੀ ਲੋਕਾਂ ਨੂੰ ਭਾਰਤ ਸਰਕਾਰ ਦੀਆਂ ਵੱਖੋ ਵੱਖ ਯੋਜਨਾਵਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਗੁਰਮੀਤ ਸਿੰਘ ਨੇ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਵਿਚ ਐਨ.ਸੀ.ਸੀ. ਦੀ 1 ਪੰਜਾਬ ਬਟਾਲੀਅਨ ਦੀ ਜੰਮ ਕੇ ਸ਼ਲਾਘਾ ਕੀਤੀ।
ਇਸ ਪ੍ਰੋਗਰਾਮ ਵਿੱਚ ਲੈਫਟੀਨੈਂਟ ਹਰਬਿਲਾਸ, ਸੂਬੇਦਾਰ ਗੁਰਪ੍ਰੀਤ ਸਿੰਘ, ਐਨ.ਸੀ.ਸੀ. ਦੇ ਟ੍ਰੇਨਿੰਗ ਅਫ਼ਸਰ ਸੁਖਪਾਲ ਸਿੰਘ ਖਾਸ ਤੌਰ ਉੱਤੇ ਮੌਜ਼ੂਦ ਰਹੇ ਅਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ।
ਇਸ ਦੌਰਾਨ ਵਿਦਿਆਰਥੀਆਂ ਦੇ ਪੋਸਟਰ ਮੇਕਿੰਗ ਅਤੇ ਲੇਖ ਮੁਕਾਬਲੇ ਵਿਚ ਵੱਖੋ-ਵੱਖ ਸਕੂਲਾਂ ਨੇ ਹਿੱਸਾ ਲਿਆ। ਪੋਸਟਰ ਮੇਕਿੰਗ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਦੀ ਅੰਜਲੀ ਕੁਮਾਰੀ ਨੇ ਪਹਿਲਾਂ, ਕੇਂਦਰੀ ਵਿਦਿਆਲਿਆ ਦੀ ਖੁਸ਼ੀ ਸਿੰਘ ਨੇ ਦੂਜਾ ਅਤੇ ਕੇਂਦਰੀ ਵਿਦਿਆਲਿਆਂ ਦੀ ਨਿਹਾਰਿਕਾ ਕੁਮਾਰੀ ਨੇ ਤੀਜਾ ਸਥਾਨ ਹਾਸਿਲ ਕੀਤਾ। ਜਦ ਕਿ ਲੇਖ ਮੁਕਾਬਲੇ ਵਿੱਚ ਕੇਂਦਰੀ ਵਿਦਿਆਲਿਆ ਦੀ ਮਨੁਸ਼ਾ ਸੁਨਾਰ ਨੇ ਪਹਿਲਾ, ਰਿਧਿਮਾ ਨੇ ਦੂਜਾ ਅਤੇ ਖਾਲਸਾ ਕਾਲਜ ਸਕੂਲ ਦੀ ਪਵਨਦੀਪ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ।
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਇਸ ਅਹਿਦ ਦੀ ਸ਼ਲਾਘਾ ਕਰਦਿਆਂ ਚਿੱਤਰ ਪ੍ਰਦਰਸ਼ਨੀ ਵੇਖਣ ਆਏ ਲੋਕਾਂ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਭਵਿੱਖ ਵਿੱਚ ਵੀ ਆਯੋਜਿਤ ਕਰਵਾਏ ਜਾਣੇ ਚਾਹੀਦੇ ਨੇ ਤਾਂ ਜੋ ਲੋਕਾਂ ਨੂੰ ਭਵਿੱਖ ਵਿੱਚ ਵੀ ਸਰਕਾਰ ਦੀਆਂ ਵੱਖੋ-ਵੱਖ ਯੋਜਨਾਵਾਂ ਤੋਂ ਜਾਣੂ ਕਰਵਾਇਆ ਜਾ ਸਕੇ।  ਇਸ ਪ੍ਰਦਰਸ਼ਨੀ ਦੌਰਾਨ ਨੁੱਕੜ ਨਾਟਕ ਸਣੇ ਹੋਰਨਾਂ ਪੇਸ਼ਕਾਰੀਆਂ ਨੇ ਲੋਕਾਂ ਦਾ ਦਿਲ ਜਿੱਤ ਲਿਆ। ਇਸ ਤੋਂ ਇਲਾਵਾਂ ਚਿੱਤਰ ਪ੍ਰਦਰਸ਼ਨੀ ਵੇਖਣ ਆਏ ਲੋਕਾਂ ਨੂੰ ਕੋਵਿਡ ਦੇ ਨਵੇਂ ਨੇਮਾਂ ਬਾਰੇ ਵੀ ਜਾਗਰੂਕ ਕੀਤਾ ਗਿਆ।

Related Articles

Leave a Comment