ਬਠਿੰਡਾ 13 ਸਤੰਬਰ ( ਰਾਖਾ ਪ੍ਰਭ ਬਿਉਰੋ
)ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਅਤੇ ਸੀਪੀਆਈ (ਐਮਐਲ) ਲਿਬ੍ਰੇਸ਼ਨ ਵਲੋਂ ਕੇਂਦਰ ਦੀ ਮੋਦੀ ਅਤੇ ਪੰਜਾਬ ਦੀ ਮਾਨ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਖਿਲਾਫ਼ ਅੰਬੇਡਕਰ ਪਾਰਕ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿੱਚ ਭਾਰੀ ਗਿਣਤੀ ਰਾਹੀਂ ਔਰਤਾਂ ਸਮੇਤ ਹਜ਼ਾਰਾਂ ਕਿਰਤੀ ਮਜ਼ਦੂਰ ਅਤੇ ਕਿਸਾਨ ਨੇ ਬੱਸ ਅੱਡੇ ਤੱਕ ਰੋਸ ਰੈਲੀ ਕੱਢੀ ਅਤੇ ਸਰਕਾਰ ਖ਼ਿਲਾਫ਼ ਜੰਮਕੇ ਨਾਅਰੇਬਾਜ਼ੀ ਕੀਤੀ ਗਈ ।
ਇਸ ਮੌਕੇ ਉਚੇਚੇ ਪੁੱਜੇ ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਸੰਬੋਧਨ ਕਰਦਿਆਂ ਆਰ. ਐਸ . ਐਸ ਧਰਮ ਅਧਾਰਤ ਕੱਟੜ ਹਿੰਦੂਤਵੀ ਰਾਜ ਕਾਇਮ ਕਰਨ ਦੀ ਵੰਡਵਾਦੀ ਸਾਜ਼ਿਸ਼ ਨੂੰ ਤਿੱਖੇ ਵਿਚਾਰਧਾਰਕ ਤੇ ਸਿਆਸੀ ਜਨ ਸੰਗਰਾਮ ਰਾਹੀਂ ਫੇਲ੍ਹ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਸੰਘ ਪਰਿਵਾਰ ਦੇ ਕੋਝੇ ਮਨਸੂਬੇ ਸਿਰੇ ਚੜ੍ਹ ਗਏ ਤਾਂ ਭਾਰਤ ਦਾ ਸੰਵਿਧਾਨ ਅਤੇ ਜਮਹੂਰੀ, ਧਰਮ ਨਿਰਪੱਖ ਤੇ ਫੈਡਰਲ ਢਾਂਚਾ, ਲਹੂ ਵੀਟਵੀਆਂ ਕੁਰਬਾਨੀਆਂ ਸਦਕਾ ਹਾਸਲ ਕੀਤੀ ਆਜ਼ਾਦੀ ਅਤੇ ਦੇਸ਼ ਦੀ ਏਕਤਾ-ਅਖੰਡਤਾ ਲਈ ਗਭੀਰ ਖਤਰੇ ਖੜ੍ਹੇ ਹੋ ਜਾਣਗੇ। ਇਸ ਦੌਰਾਨ ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਕਾਮਰੇਡ ਮਹੀਪਾਲ ਨੇ ਭਾਰਤੀ ਲੋਕਾਈ ਦੀਆਂ ਬੇਰੁਜ਼ਗਾਰੀ-ਮਹਿੰਗਾਈ, ਸਿੱਖਿਆ-ਸਿਹਤ ਸਹੂਲਤਾਂ, ਘਰਾਂ ਤੇ ਸਮਾਜਿਕ ਸੁਰੱਖਿਆ ਦੀ ਅਣਹੋਂਦ ਆਦਿ ਮੁਸੀਬਤਾਂ ‘ਚ ਅੰਤਾਂ ਦਾ ਵਾਧਾ ਕਰਕੇ ਅਡਾਨੀ-ਅੰਬਾਨੀ ਜਿਹੇ ਜੁੰਡੀ ਪੂੰਜੀਪਤੀਆਂ ਦੇ ਖਜ਼ਾਨੇ ਨੱਕੋ-ਨੱਕ ਭਰਨ ਵਾਲੀਆਂ ਨਵ ਉਦਾਰਵਾਦੀ ਨੀਤੀਆਂ ਦਾ ਫਸਤਾ ਵੱਢਣ ਦੇ ਸੰਗਰਾਮ ਪ੍ਰਚੰਡ ਕਰਨ ਦੀ ਅਪੀਲ ਕੀਤੀ।
ਸੀਪੀਆਈ (ਐਮਐਲ) ਲਿਬ੍ਰੇਸ਼ਨ ਦੇ ਸੂਬਾਈ ਆਗੂ ਗੁਰਤੇਜ ਸਿੰਘ ਮਹਿਰਾਜ ਨੇ ਵੀ ਆਪਣੇ ਵਿਚਾਰ ਰੱਖੇ।
ਇਸ ਮੌਕੇ ਪ੍ਰਕਾਸ਼ ਸਿੰਘ ਨੰਦਗੜ੍ਹ ਨੇ ਮੰਚ ਦੀ ਕਾਰਵਾਈ ਚਲਾਈ ਅਤੇ ਰਜਿੰਦਰ ਸਿੰਘ ਸਿਵੀਆਂ ਨੇ ਆਏਂ ਸਮੂਹ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੰਪੂਰਨ ਸਿੰਘ, ਹਰਜੀਤ ਸਿੰਘ ਬਰਾੜ, ਮਲਕੀਤ ਸਿੰਘ ਮਹਿਮਾ ਸਰਜਾ ਅਤੇ ਗੁਰਮੀਤ ਸਿੰਘ ਜੈ ਸਿੰਘ ਵਾਲਾ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਪਿੰਡਾ ਦੇ ਮਜ਼ਦੂਰਾਂ ਅਤੇ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ । ਇਸ ਦੌਰਾਨ ਆਗੂਆਂ ਵੱਲੋਂ ਬਠਿੰਡਾ ਤੋਂ ਲੋਕ ਸਭਾ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਦੇ ਪ੍ਰਤੀਨਿਧੀ ਇਕਬਾਲ ਸਿੰਘ ਢਿਲੋਂ ‘ਬਬਲੀ’ ਰਾਹੀਂ ਕੇਂਦਰ ਦੀ ਭਾਜਪਾ ਸਰਕਾਰ ਨੂੰ ਲੋਕ ਪੱਖੀ ਮੰਗ ਪੱਤਰ ਭੇਜਿਆ ਗਿਆ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੋਨੋਂ ਪਾਰਟੀਆਂ ਵੱਲੋਂ ਲੋਕ ਮਾਰੂ ਨੀਤੀਆਂ ਖਿਲਾਫ ਕੇਂਦਰ ਅਤੇ ਸੂਬਾ ਸਰਕਾਰ ਖਿਲਾਫ 9 ਤੋਂ 17 ਸਤੰਬਰ 2024 ਤੱਕ ਸਾਰੇ ਪੰਜਾਬ ਅੰਦਰ ਰੋਸ ਪ੍ਰਦਰਸ਼ਨ ਅਤੇ ਰੈਲੀਆਂ ਕੱਢੀਆਂ ਜਾ ਰਹੀਆਂ ਹਨ ।