ਕੁਰੜ (ਮਹਿਲ ਕਲਾਂ), 25 ਮਈ, 2024:
ਲੋਕ ਸਭਾ ਸੰਗਰੂਰ ਦੀ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਰੋਜ਼ਾਨਾ ਕਿਸੇ ਨਾ ਕਿਸੇ ਵਿਧਾਨ ਸਭਾ ਹਲਕੇ ਦੇ ਦੌਰੇ ਉਪਰ ਹੁੰਦੇ ਹਨ ਅਤੇ ਰੋਜ਼ਾਨਾ ਦੋ ਦਰਜਨ ਤੋਂ ਵੱਧ ਪਿੰਡਾਂ ਵਿੱਚ ਚੋਣ ਸਭਾਵਾਂ ਨੂੰ ਸੰਬੋਧਨ ਕਰਦੇ ਹਨ। ਮੀਤ ਹੇਅਰ ਦਾ ਕੱਲ੍ਹ ਵਿਧਾਨ ਸਭਾ ਹਲਕਾ ਮਹਿਲ ਕਲਾਂ ਦਾ ਦੌਰਾ ਬੀਤੀ ਦੇਰ ਰਾਤ ਸਮਾਪਤ ਹੋਇਆ ਅਤੇ ਇਸ ਦੌਰਾਨ ਉਹ ਆਪਣੇ ਜੱਦੀ ਪਿੰਡ ਕੁਰੜ ਪੁੱਜੇ।ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੀ ਹਾਜ਼ਰ ਸਨ।
ਮੀਤ ਹੇਅਰ ਨੇ ਪਿੰਡ ਵਾਸੀਆਂ ਨਾਲ ਵਾਅਦਾ ਕੀਤਾ ਕਿ ਉਹ ਲੋਕਾਂ ਦੀ ਸੇਵਾ, ਸੱਚੀ-ਸੁੱਚੀ ਇਮਾਨਦਾਰੀ ਵਾਲੀ ਰਾਜਨੀਤੀ ਕਰਨ ਲਈ ਸਿਆਸਤ ਵਿੱਚ ਆਇਆ ਹੈ ਅਤੇ ਕਦੇ ਵੀ ਅਜਿਹਾ ਕੰਮ ਨਹੀਂ ਕਰੇਗਾ ਜਿਸ ਨਾਲ ਕੁਰੜ ਵਾਸੀਆਂ ਨੂੰ ਸ਼ਰਮਿੰਦਾ ਹੋਣਾ ਪਵੇ। ਕੁਰੜ ਵਾਸੀ ਸਦਾ ਆਪਣੇ ਪੁੱਤਰ ਉੱਤੇ ਮਾਣ ਕਰਨਗੇ। ਉਨ੍ਹਾਂ ਕਿਹਾ ਕਿ ਕਿ ਪਿੰਡ ਵਿੱਚ ਦੋ ਛੱਪੜ ਦੇ ਨਵੀਨੀਕਰਨ ਦਾ ਕੰਮ ਕੀਤਾ, ਖੇਡ ਨਰਸਰੀ ਵੀ ਖੁੱਲ੍ਹਣ ਜਾ ਰਹੀ ਹੈ। ਸੇਵਾ ਕੇਂਦਰ ਸਥਾਪਤ ਕੀਤਾ ਗਿਆ ਹੈ। ਨਹਿਰੀ ਖਾਲ ਬਣਾਉਣ ਲਈ ਫੰਡ ਦਿੱਤੇ। ਕੇਂਦਰ ਵਿੱਚ ਆਪ ਦੇ ਸਹਿਯੋਗ ਵਾਲੀ ਸਰਕਾਰ ਬਣਨ ਉੱਤੇ ਇਸ ਇਲਾਕੇ ਲਈ ਵੱਡਾ ਪ੍ਰਾਜੈਕਟ ਲਿਆਂਦਾ ਜਾਵੇਗਾ।
ਮੀਤ ਹੇਅਰ ਨੇ ਕਿਹਾ ਕਿ ਕੁਰੜ ਦੀ ਮਿੱਟੀ ਦਾ ਕਰਜ਼ ਉਸ ਦਾ ਪਰਿਵਾਰ ਸਾਰੀ ਉਮਰ ਨਹੀਂ ਚੁਕਾ ਸਕਦਾ। ਉਨ੍ਹਾਂ ਕਿਹਾ ਕਿ ਕੁਰੜ ਪਿੰਡ ਨੇ ਉਸ ਦੀ ਹਰ ਚੋਣ ਵਿੱਚ ਮੱਦਦ ਕੀਤੀ ਹੈ ਅਤੇ ਐਤਕੀਂ ਲੋਕ ਸਭਾ ਚੋਣ ਕਰਕੇ ਪਿੰਡੋਂ ਸਪੋਰਟ ਦੇ ਨਾਲ ਵੋਟ ਵੀ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਕਰਦਿਆਂ ਉਹ ਕਿਸੇ ਵੀ ਪਿੰਡ ਜਾਂ ਸ਼ਹਿਰ ਜਾਂਦਾ ਹੈ ਤਾਂ ਉੱਥੇ ਕੋਈ ਨਾ ਕੋਈ ਅਜਿਹਾ ਮਿਲ ਜਾਂਦਾ ਹੈ ਜੋ ਆਖਦਾ ਹੈ ਕਿ ਕੁਰੜ ਤੋਂ ਸਪੋਰਟ ਵਾਸਤੇ ਫੋਨ ਆਇਆ ਸੀ।