ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਅੰਮ੍ਰਿਤਪਾਲ ਸਿੰਘ ਖਿਲਾਫ਼ ਡੀ.ਜੀ.ਪੀ. ਨੂੰ ਸ਼ਿਕਾਇਤ
ਚੰਡੀਗੜ੍ਹ, 7 ਅਕਤੂਬਰ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨੌਜਵਾਨ ਆਗੂ ਅੰਮ੍ਰਿਤਪਾਲ ਸਿੰਘ ਦੀਆਂ ਗਤੀਵਿਧੀਆਂ ਨੂੰ ਲੈ ਕੇ ਡੀਜੀਪੀ ਗੌਰਵ ਯਾਦਵ ਨੂੰ ਪੱਤਰ ਲਿਖਿਆ ਹੈ। ਇਸ ’ਚ ਉਨ੍ਹਾਂ ਕਿਹਾ ਅੰਮ੍ਰਿਤਪਾਲ ਸਿੰਘ ਨੌਜਵਾਨਾਂ ਨੂੰ ਅੱਤਵਾਦ ਵੱਲ ਧੱਕ ਰਿਹਾ ਹੈ। ਅਸੀਂ ਨੌਜਵਾਨਾਂ ਨੂੰ ਇਸ ਪਾਸੇ ਨਹੀਂ ਜਾਣ ਦਿਆਂਗੇ।
ਰਾਜਾ ਵੜਿੰਗ ਨੇ ਆਪਣੇ ਪੱਤਰ ’ਚ ਕਿਹਾ ਕਿ ਅੰਮ੍ਰਿਤਪਾਲ ਸਿੰਘ ਲਈ 29 ਸਤੰਬਰ ਨੂੰ ਮੋਗਾ ਦੇ ਪਿੰਡ ਰੋਡੇ ’ਚ ਹੋਏ ਸਮਾਗਮ ਤੋਂ ਲੋਕਾਂ ’ਚ ਕਈ ਖਦਸੇ ਪੈਦਾ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਧਾਰਮਿਕ ਸਮਾਗਮ ’ਚ ਜਿਸ ਤਰ੍ਹਾਂ ਦੇ ਭਾਸ਼ਣ ਦਿੱਤੇ ਗਏ ਹਨ, ਉਸ ਕਾਰਨ ਲੋਕਾਂ ’ਚ ਡਰ ਦਾ ਮਾਹੌਲ ਹੈ। ਉਨ੍ਹਾਂ ਲਿਖਿਆ ਕਿ ਇਸ ਸਮਾਗਮ ’ਚ ਅੰਮ੍ਰਿਤਪਾਲ ਨੇ ਬਹੁਤ ਹੀ ਭੜਕਾਊ ਦਲੀਲਾਂ ਦਿੱਤੀਆਂ ਹਨ। ਇਹ ਮਾਹੌਲ ਖਰਾਬ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਅੰਮ੍ਰਿਤਪਾਲ ਨੇ ਅਜਿਹਾ ਭਾਸ਼ਣ ਕਿਉਂ ਦਿੱਤਾ ਹੈ ਜੋ ਨੌਜਵਾਨਾਂ ਨੂੰ ਗੁੰਮਰਾਹ ਕਰ ਸਕਦਾ ਹੈ।
ਰਾਜਾ ਵੜਿੰਗ ਨੇ ਪੱਤਰ ’ਚ ਕਿਹਾ ਕਿ ਉਹ ਇੰਟਰਨੈੱਟ ਮੀਡੀਆ ’ਤੇ ਅੰਮ੍ਰਿਤਪਾਲ ਸਿੰਘ ਦੀਆਂ ਪੋਸਟਾਂ ’ਤੇ ਨੌਜਵਾਨਾਂ ਵੱਲੋਂ ਆ ਰਹੇ ਸੰਦੇਸ਼ਾਂ ਨੂੰ ਦੇਖ ਕੇ ਚਿੰਤਤ ਹਨ। ਉਨ੍ਹਾਂ ਡੀਜੀਪੀ ਨੂੰ ਕਿਹਾ ਕਿ ਮੈਨੂੰ ਯਕੀਨ ਹੈ ਕਿ ਪੁਲਿਸ ਦੀਆਂ ਗਤੀਵਿਧੀਆਂ ’ਤੇ ਵੀ ਤਿੱਖੀ ਨਜਰ ਹੋਵੇਗੀ, ਪਰ ਫਿਰ ਵੀ ਇਕ ਪੰਜਾਬੀ ਅਤੇ ਦੇਸ਼ ਦਾ ਨਾਗਰਿਕ ਹੋਣ ਦੇ ਨਾਤੇ ਮੈਂ ਅਪੀਲ ਕਰਦਾ ਹਾਂ ਕਿ ਅੰਮ੍ਰਿਤਪਾਲ ਸਿੰਘ ਦੀਆਂ ਗਤੀਵਿਧੀਆਂ ’ਤੇ ਤਿੱਖੀ ਨਜਰ ਰੱਖੀ ਜਾਵੇ। ਅਜਿਹਾ ਨਾ ਹੋਵੇ ਕਿ ਹਾਲਾਤ ਕਾਬੂ ਤੋਂ ਬਾਹਰ ਹੋ ਜਾਣ। ਅੰਮ੍ਰਿਤਪਾਲ ਨੇ ‘ਵਾਰਿਸ ਪੰਜਾਬ ਨਾਂ‘ ਦੀ ਜੋ ਸੰਸਥਾ ਬਣਾਈ ਹੈ, ਉਸ ਦਾ ਅਸਲ ਮਕਸਦ ਪਤਾ ਹੋਣਾ ਚਾਹੀਦਾ ਹੈ।
ਰਾਜਾ ਵੜਿੰਗ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੁਬਈ ’ਚ ਸਥਾਪਤ ਕਾਰੋਬਾਰੀ ਸੀ, ਇਸ ਲਈ ਪੁਲਿਸ ਨੂੰ ਉਸ ਦੇ ਪੰਜਾਬ ਵਾਪਸ ਆਉਣ ਦੇ ਕਾਰਨਾਂ ’ਤੇ ਨਜਰ ਰੱਖਣੀ ਚਾਹੀਦੀ ਹੈ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੰਜਾਬ ਨੇ ਡੇਢ ਦਹਾਕੇ ਤੋਂ ਕਾਲਾ ਦੌਰ ਦੇਖਿਆ ਹੈ ਅਤੇ ਪੂਰੀ ਪੀੜ੍ਹੀ ਨੂੰ ਮਰਦੇ ਦੇਖਿਆ ਹੈ। ਪੰਜਾਬੀ ਹੁਣ ਮੁੜ ਉਸ ਸਥਿਤੀ ’ਚ ਨਹੀਂ ਜਾਣਾ ਚਾਹੁੰਦੇ।