ਗੁਰਾਇਆ 13 ਫਰਵਰੀ( )
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਬਲਾਕ ਰੁੜਕਾ ਕਲਾਂ ਜ਼ਿਲ੍ਹਾ ਜਲੰਧਰ ਦੀ ਮੀਟਿੰਗ ਬਲਾਕ ਪ੍ਰਧਾਨ ਕੁਲਵੰਤ ਰੁੜਕਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਦੇ ਫੈਸਲੇ ਪ੍ਰੈਸ ਨੂੰ ਜਾਰੀ ਕਰਦਿਆਂ ਪ.ਸ.ਸ ਫ. ਬਲਾਕ ਗੁਰਾਇਆ ਦੇ ਜਨਰਲ ਸਕੱਤਰ ਬਲਬੀਰ ਸਿੰਘ ਗੁਰਾਇਆ ਨੇ ਦੱਸਿਆ ਕਿ ਮੀਟਿੰਗ ਵਿੱਚ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੀਆਂ ਜ਼ਿਲ੍ਹਾ ਪੱਧਰੀ ਮੀਟਿੰਗਾਂ ਅਤੇ ਕਿਸਾਨ, ਮਜ਼ਦੂਰ ਯੂਨੀਅਨ ਸਮੇਤ ਬਾਕੀ ਜਨਤਕ ਜਥੇਬੰਦੀਆਂ ਨਾਲ ਤਹਿਸੀਲ ਅਤੇ ਜ਼ਿਲ੍ਹਾ ਪੱਧਰੀ ਹੋਈਆਂ ਮੀਟਿੰਗਾਂ ਦੇ ਫ਼ੈਸਲਿਆਂ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ।ਮੀਟਿੰਗ ਨੂੰ ਵਿਸ਼ੇਸ਼ ਤੌਰ ਤੇ ਸੰਬੋਧਨ ਕਰਦਿਆਂ ਪ.ਸ.ਸ.ਫ. ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਨੇ ਕਿਹਾ ਕਿ ਦੇਸ਼ ਅੰਦਰ 16 ਫਰਵਰੀ ਦੀ ਕੌਮੀ ਹੜਤਾਲ ਕੇਂਦਰ ਸਰਕਾਰ ਦੀਆਂ ਆਮ ਲੋਕਾਂ, ਮੁਲਾਜ਼ਮਾਂ, ਮਜ਼ਦੂਰਾਂ, ਕਿਰਤੀ ਲੋਕਾਂ ਦੀ ਲੁੱਟ ਕਰਨ ਵਾਲੀਆਂ ਨੀਤੀਆਂ, ਨਿੱਜੀਕਰਨ ਅਤੇ ਕਾਰਪੋਰੇਟ ਘਰਾਣਿਆਂ ਨੂੰ ਬੇਸ਼ਕੀਮਤੀ ਲਾਭ ਦੇਣ ਦੀਆਂ ਨੀਤੀਆਂ ਅਤੇ ਪਬਲਿਕ ਅਦਾਰਿਆਂ ਨੂੰ ਲਗਾਤਾਰ ਪ੍ਰਾਈਵੇਟ ਹੱਥਾਂ ਵਿੱਚ ਵੇਚਣ ਦੇ ਵਿਰੁੱਧ ਕੀਤੀ ਜਾ ਰਹੀ ਹੈ। ਕੌਮੀ ਹੜਤਾਲ ਦੇ ਮੁੱਦਿਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਪੀ ਐੱਫ ਆਰ ਡੀ ਏ ਬਿੱਲ ਰੱਦ ਕਰਵਾਉਣ, ਪਬਲਿਕ ਅਦਾਰਿਆਂ ਨੂੰ ਵੇਚਣ ਤੋਂ ਰੋਕਣ ਲਈ, ਨਵੀਂ ਪੈਂਨਸ਼ਨ ਸਕੀਮ ਰੱਦ ਕਰਵਾ ਕੇ ਪੁਰਾਣੀ ਪੈਂਨਸ਼ਨ ਬਹਾਲ ਕਰਵਾਉਣ, ਠੇਕੇਦਾਰੀ ਸਿਸਟਮ ਅਤੇ ਨਿੱਜੀਕਰਨ ਨੂੰ ਬੰਦ ਕਰਵਾਉਣ, ਅੱਠਵੇਂ ਵੇਤਨ ਅਯੋਗ ਦੀ ਸਥਾਪਨਾ ਕਰਵਾਉਣ, ਰੈਗੂਲਰ ਨਿਯੁਕਤੀਆਂ ਪੂਰੇ ਪੂਰੇ ਗਰੇਡਾਂ ਵਿੱਚ ਚਾਲੂ ਕਰਵਾਉਣ, ਸਿੱਖਿਆ ਨੀਤੀਆਂ 2020 ਨੂੰ ਰੱਦ ਕਰਵਾਉਣ,ਹਿੱਟ ਐਂਡ ਰਨ-ਕਾਲਾ ਕਾਨੂੰਨ ਰੱਦ ਕਰਵਾਉਣ, ਕਿਰਤ ਕਾਨੂੰਨਾਂ ਵਿੱਚ ਕੀਤੀਆਂ ਸੋਧਾਂ ਰੱਦ ਕਰਵਾਉਣ,ਟਰੇਡ ਯੂਨੀਅਨ ਅਧਿਕਾਰਾਂ ਨੂੰ ਬਹਾਲ ਕਰਵਾਉਣ ਆਦਿ ਮੁੱਦਿਆਂ ਲਈ ਕੀਤੀ ਜਾ ਰਹੀ ਹੈ। ਉਹਨਾਂ ਇਸ ਕੌਮੀ ਹੜਤਾਲ ਨੂੰ ਸਫਲ ਬਣਾਉਣ ਲਈ ਪੂਰੀ ਤਰ੍ਹਾਂ ਮੁਹਿੰਮ ਚਲਾਉਣ ਲਈ ਪ੍ਰੇਰਿਆ ਅਤੇ 16 ਫਰਵਰੀ ਨੂੰ ਜਾਮ ਲਗਾ ਕੇ ਕੀਤੀਆਂ ਜਾਣ ਵਾਲੀਆਂ ਰੈਲੀਆਂ ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਵੀ ਕੀਤਾ । ਦੂਜੇ ਮਤੇ ਰਾਹੀਂ 16 ਫਰਵਰੀ ਦੀ ਹੜਤਾਲ ਦੀ ਸਫਲਤਾ ਲਈ ਤਹਿਸੀਲ ਅਤੇ ਜਿਲਾ ਪੱਧਰ ਤੇ ਚੱਲ ਰਹੀ ਆਪਣੇ ਆਪਣੇ ਪੱਧਰ ਅਤੇ ਸਾਂਝੀ ਮੁਹਿੰਮ ‘ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ।ਇਸ ਸਮੇਂ ਹੋਰਨਾਂ ਤੋਂ ਇਲਾਵਾ ਮੀਟਿੰਗ ਵਿੱਚ ਨਿਰਮੋਲਕ ਸਿੰਘ ਹੀਰਾ, ਕੁਲਦੀਪ ਸਿੰਘ ਕੌੜਾ, ਕੁਲਵੰਤ ਰਾਮ ਰੁੜਕਾ,ਤਾਰਾ ਸਿੰਘ ਬੀਕਾ, ਬਲਵਿੰਦਰ ਕੁਮਾਰ, ਬਲਵੀਰ ਸਿੰਘ ਗੁਰਾਇਆ, ਰਾਜ ਕੁਮਾਰ, ਅਸ਼ੋਕ ਕੁਮਾਰ, ਅਜੀਤ ਸਿੰਘ,ਦੇਵ ਰਾਜ, ਗਣੇਸ਼ ਕੁਮਾਰ,ਮਰਗੇਸ਼ਨ,ਸੂਰਜ ਕੁਮਾਰ, ਮਨਜੀਤ ਕੁਮਾਰ,ਰਮਨ ਕੁਮਾਰ ,ਸ਼ਿਵ ਦਾਸ, ਬਲਜਿੰਦਰ ਕੁਮਾਰ,ਆਦਿ ਸਾਥੀ ਹਾਜ਼ਰ ਸਨ।