ਅੰਮ੍ਰਿਤਸਰ, 30 ਮਈ ( ਜੀ ਐੱਸ ਸਿੱਧੂ ) ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਅਤੇ ਭਾਜਪਾ ਦੇ ਕਾਰਜਕਾਰਨੀ ਮੈਂਬਰ ਪ੍ਰੋ. ਸਰਚਾਂਦ ਸਿੰਘ ਖਿਆਲਾ ਅਤੇ ਭਾਜਪਾ ਬੁੱਧੀਜੀਵੀ ਸੈੱਲ ਪੰਜਾਬ ਦੇ ਕੋ-ਕਨਵੀਨਰ ਡਾ: ਸਰਬਜੀਤ ਸਿੰਘ ਸਠਿਆਲਾ ਨੇ ਓ ਟੀ. ਟੀ. ਪਲੇਟਫਾਰਮ ਨੈਟਫਲਿਕਸ Netflix ‘ਤੇ 1997 ‘ਚ ਦਿੱਲੀ ਉਪਹਾਰ ਸਿਨੇਮਾ ਅੱਗਨੀ ਦੁਖਾਂਤ ‘ਤੇ ਆਧਾਰਿਤ ਵੈੱਬ ਸੀਰੀਜ਼ ‘ਟਰਾਇਲ ਬਾਈ ਫਾਇਰ’ ‘ਚ ਕਈ ਜਾਨਾਂ ਬਚਾਉਣ ਵਾਲੇ ਬਹਾਦਰ ਸਿੱਖ ਕੈਪਟਨ ਮਨਜਿੰਦਰ ਸਿੰਘ ਭਿੰਡਰ ਦੀ ਕੁਰਬਾਨੀ, ਉਨ੍ਹਾਂ ਦੀ ਪਤਨੀ ਅਤੇ ਪੁੱਤਰ ਦੀ ਭੂਮਿਕਾ ਨੂੰ ਨਜ਼ਰਅੰਦਾਜ਼ ਕਰਨ ’ਤੇ ਅਫਸੋਸ ਅਤੇ ਰੋਸ ਦਾ ਪ੍ਰਗਟਵਾ ਕੀਤਾ ਹੈ।
ਪ੍ਰੋ: ਸਰਚਾਂਦ ਸਿੰਘ ਨੇ ਇਸ ਮਾਮਲੇ ਵਿੱਚ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਵੱਲੋਂ ਵੈੱਬ ਸੀਰੀਜ਼ ਦੇ ਨਿਰਮਾਤਾ ਖ਼ਿਲਾਫ਼ ਲਏ ਗਏ ਗੰਭੀਰ ਨੋਟਿਸ ਦਾ ਸਵਾਗਤ ਕੀਤਾ ਹੈ। ਅਤੇ ਲੜੀਵਾਰ ਦੇ ਨਿਰਮਾਤਾ ਨੂੰ ਇੱਕ ਬਹਾਦਰ ਸਿੱਖ ਦੀ ਭੂਮਿਕਾ ਨਾਲ ਵਿਤਕਰਾ ਕਰਨ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਬਾਰੇ ਮੁੜ ਸੋਚਣ ਦਾ ਸੱਦਾ ਦਿੰਦਿਆਂ ਕਿਹਾ ਕਿ ਸਾਰੀ ਦੁਨੀਆਂ ਜਾਣਦੀ ਹੈ ਕਿ ਉੱਪਹਾਰ ਸਿਨੇਮਾ ਦੀ ਅੱਗਨੀ ਕਾਂਡ ਭਾਰਤੀ ਸਿਨੇਮਾ ਇਤਿਹਾਸ ਦੀ ਸਭ ਤੋਂ ਭਿਆਨਕ ਅੱਗਨੀ ਘਟਨਾਵਾਂ ਵਿੱਚੋਂ ਇੱਕ ਹੈ। ਜਿਸ ਵਿਚ ਅੰਦਰ ਫਸੇ 59 ਲੋਕਾਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ ਅਤੇ ਭਗਦੜ ਕਾਰਨ 103 ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਉਨ੍ਹਾਂ ਕਿਹਾ ਕਿ 13 ਜੂਨ 1997 ਨੂੰ ਉਪਹਾਰ ਸਿਨੇਮਾ, ਗ੍ਰੀਨ ਪਾਰਕ,ਦਿੱਲੀ ਵਿਖੇ ਲੱਗੀ ਅੱਗ ਦੌਰਾਨ ਭਾਰਤੀ ਫੌਜ ਦੀ 61ਵੀਂ ਕੈਵਲਰੀ ਦੇ ਕੈਪਟਨ ਮਨਜਿੰਦਰ ਸਿੰਘ ਭਿੰਡਰ ਨੇ ਫਾਇਰ ਬ੍ਰਿਗੇਡ ਸੇਵਾਵਾਂ ਵਿੱਚ ਦੇਰੀ ਕਾਰਨ ਸਹਮਣੇ ਵਾਪਰ ਰਹੇ ਦੁਖਾਂਤ ਦੀ ਗੰਭੀਰਤਾ ਨੂੰ ਮਹਿਸੂਸ ਕੀਤਾ ਅਤੇ ਅੱਗ ਵਿੱਚ ਫਸੇ ਲੋਕਾਂ ਨੂੰ ਬਚਾਉਣ ਦਾ ਫੈਸਲਾ ਕੀਤਾ। ਉਸ ਸਮੇਂ ਕਰੀਬ 150 ਲੋਕ ਅੱਗ ਦੀ ਲਪੇਟ ‘ਚ ਆ ਗਏ ਸਨ, ਜਦਕਿ ਕੈਪਟਨ ਭਿੰਡਰ ਅਤੇ ਉਨ੍ਹਾਂ ਦਾ ਪਰਿਵਾਰ ਆਸਾਨੀ ਨਾਲ ਬਚ ਸਕਦਾ ਸੀ। ਪਰ ਉਸਨੇ ਦੂਜਿਆਂ ਦੀ ਜਾਨ ਬਚਾਉਂਦੇ ਹੋਏ ਆਪਣੀ ਜਾਨ ਕੁਰਬਾਨ ਕਰ ਦਿੱਤੀ।
ਡਾ: ਸਰਬਜੀਤ ਸਿੰਘ ਸਤਿਆਲਾ ਨੇ ਕਿਹਾ ਕਿ ਕੈਪਟਨ ਮਨਜਿੰਦਰ ਸਿੰਘ ਭਿੰਡਰ ਅੰਮ੍ਰਿਤਸਰ ਦੇ ਪਿੰਡ ਮਹਿਤਾ ਦੇ ਵਸਨੀਕ ਸਨ ਅਤੇ ਉਨ੍ਹਾਂ ਦੀ ਯਾਦ ਵਿਚ ਸੰਨ 2000 ਦੌਰਾਨ ਤਤਕਾਲੀ ਵਿਧਾਇਕ ਸ. ਮਨਮੋਹਨ ਸਿੰਘ ਸਠਿਆਲਾ ਨੇ ਉਨ੍ਹਾਂ ਦੇ ਨਾਂ ’ਤੇ ਬਣਾਏ ਗਏ ਖੇਡ ਸਟੇਡੀਅਮ ਦਾ ਉਦਘਾਟਨ ਕੀਤਾ। ਉਨ੍ਹਾਂ ਕੈਪਟਨ ਭਿੰਡਰ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਉਪਹਾਰ ਦੁਖਾਂਤ ਵਿੱਚ ਕਈ ਜਾਨਾਂ ਬਚਾਈਆਂ ਪਰ ਆਪਣੀ ਜਾਨ ਕੁਰਬਾਨ ਕਰ ਦਿੱਤੀ। ਉਨ੍ਹਾਂ ਕਿਹਾ ਕਿ ਨਿਰਮਾਤਾ ਨੇ ਜਾਣਬੁੱਝ ਕੇ ਇਕ ਬਹਾਦਰ ਸਿੱਖ ਦੀ ਭੂਮਿਕਾ ਅਤੇ ਕੁਰਬਾਨੀ ਨਾਲ ਇਨਸਾਫ਼ ਨਹੀਂ ਕੀਤਾ। ਉਨ੍ਹਾਂ ਨੇ ਲੜੀਵਾਰ ਦੇ ਨਿਰਮਾਤਾ ਨੂੰ ਕਹਾਣੀ ਦੀ ਪੂਰੀ ਸੱਚਾਈ ਲੋਕਾਂ ਦੇ ਸਾਹਮਣੇ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਡਾ. ਜਸਵਿੰਦਰ ਸਿੰਘ ਢਿਲੋਂ, ਸ. ਕੁਲਦੀਪ ਸਿੰਘ ਕਾਹਲੋਂ, ਮਨਮੋਹਨ ਸਿੰਘ ਸਠਿਆਲਾ ਅਤੇ ਸ੍ਰੀ ਰਮਨ ਗੁਪਤਾ ਵ ਮੌਜੂਦ ਸਨ।
ਕੈਪਸ਼ਨ : ਵੈੱਬ ਸੀਰੀਜ਼ ‘ਟਰਾਇਲ ਬਾਇ ਫਾਇਰ’ ‘ਤੇ ਵਿਚਾਰ ਚਰਚਾ ਕਰਦੇ ਹੋਏ ਪ੍ਰੋ. ਸਰਚਾਂਦ ਸਿੰਘ ਖਿਆਲਾ, ਡਾ. ਜਸਵਿੰਦਰ ਸਿੰਘ ਢਿਲੋਂ,ਡਾ: ਸਰਬਜੀਤ ਸਿੰਘ ਸਠਿਆਲਾ, ਸ. ਕੁਲਦੀਪ ਸਿੰਘ ਕਾਹਲੋਂ, ਮਨਮੋਹਨ ਸਿੰਘ ਸਠਿਆਲਾ ਅਤੇ ਸ੍ਰੀ ਰਮਨ ਗੁਪਤਾ