ਅੰਮ਼੍ਰਿਤਸਰ ( ਰਣਜੀਤ ਸਿੰਘ ਮਸੌਣ / ਰਾਘਵ ਅਰੋੜਾ) ਭੋਪਾਲ ਵਿਖੇ ਆਯੋਜਿਤ ਸਕੂਲ ਨੈਸ਼ਨਲ ਬਾਕਸਿੰਗ ਮੁਕਾਬਲਿਆਂ ਦੇ ਦੌਰਾਨ ਪੰਜਾਬ ਦੀ ਇੱਕੋਂ-ਇੱਕ ਬਾਕਸਿੰਗ ਖਿਡਾਰਨ ਨੇ ਤਿੰਨ ਮੈਂਡਲ ਜਿੱਤ ਕੇ ਪੰਜਾਬ ਦੀ ਸ਼ਾਨ ਨੂੰ ਵਧਾਇਆ ਹੈ। ਵਾਪਿਸ ਪਰਤੀ ਇਸ ਖਿਡਾਰਨ ਅਤੇ ਕੌਮਾਂਤਰੀ ਬਾਕਸਿੰਗ ਕੋਚ ਬਲਕਾਰ ਸਿੰਘ ਦਾ ਜੀਐਨਡੀਯੂ ਦੇ ਸ਼ਰੀਰਿਕ ਸਿੱਖਿਆ ਵਿਭਾਗ ਮੁੱਖੀ ਤੇ ਕੈਂਪਸ ਸਪੋਰਟਸ ਇੰਚਾਰਜ ਡਾ. ਅਮਨਦੀਪ ਸਿੰਘ, ਸਾਬਕਾ ਡਾਇਰੈਕਟਰ ਤੇ ਸਾਬਕਾ ਸ਼ਰੀਰਿਕ ਸਿੱਖਿਆ ਵਿਭਾਗ ਮੁੱਖੀ ਡਾ. ਸੁਖਦੇਵ ਸਿੰਘ ਆਦਿ ਦੇ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਸਬੰਧੀ ਵਿੱਚ ਹੋਰ ਵਧੇਰੇ ਜਾਣਕਾਰੀ ਦਿੰਦਿਆ ਕੌਮਾਂਤਰੀ ਬਾਕਸਿੰਗ ਕੋਚ ਬਲਕਾਰ ਸਿੰਘ ਨੇ ਦੱਸਿਆਂ ਕਿ ਵੈਸੇ ਤਾਂ ਭੋਪਾਲ ਵਿਖੇ ਆਯੋਜਿਤ ਸਕੂਲ ਨੈਸ਼ਨਲ ਬਾਕਸਿੰਗ ਮੁਕਾਬਲਿਆਂ ਦੇ ਦੌਰਾਨ ਪੰਜਾਬ ਦੀਆਂ ਦੋਵਾਂ ਵਰਗਾਂ ਦੇ ਖਿਡਾਰੀ ਸ਼ਮੂਲੀਅਤ ਕਰਨ ਪਹੁੰਚੇ ਸਨ। ਪਰ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੁਤਲੀਘਰ (ਬੇਦੀ ਸਕੂਲ) ਦੀ ਇੱਕੋਂ-ਇੱਕ ਵਿਦਿਆਰਥਣ ਅਮਨਦੀਪ ਕੌਰ ਨੇ ਅੰਡਰ 19 ਸਾਲ ਉਮਰ ਤੇ 75 ਤੋਂ 81 ਕਿਲੋਗ੍ਰਾਮ ਭਾਰ ਵਰਗ ਦੇ ਵਿੱਚ 3 ਮੈਂਡਲ ਹਾਂਸਲ ਕਰਕੇ ਕੋਚ ਅਧਿਆਪਕਾਂ ਅਤੇ ਮਾਪਿਆ ਦਾ ਨਾਮ ਰੌਸ਼ਨ ਕੀਤਾ ਹੈ। ਇੰਨ੍ਹਾਂ ਮੈਡਲਾਂ ਦੀ ਸੂਚੀ ਵਿੱਚ ਇੱਕ ਗੋਲਡ ਤੇ ਦੋ ਬਰਾਊਂਜ ਮੈਡਲ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਅਮਨਦੀਪ ਕੌਰ ਬਹੁਤ ਹੀ ਮਿਹਨਤੀ ਅਤੇ ਸਿਰੜੀ ਕੌਮੀ ਬਾਕਸਿੰਗ ਖਿਡਾਰਨ ਹੈ। ਜੋ ਕਿ ਸਵੇਰੇ ਸ਼ਾਮ ਕਰੜਾ ਅਭਿਆਸ ਕਰਦੀ ਹੈ। ਇਸ ਤੋਂ ਪਹਿਲਾਂ ਵੀ ਉਹ ਕਈ ਪ੍ਰਕਾਰ ਦੇ ਬਾਕਸਿੰਗ ਖੇਡ ਮੁਕਾਬਲਿਆਂ ਦੇ ਦੌਰਾਨ ਆਪਣੀਆਂ ਨਿੱਕਟ ਵਿਰੋਧੀ ਖਿਡਾਰਨਾਂ ਨੂੰ ਧੂਲ ਚਟਾ ਕੇ ਕਈ ਵੱਕਾਰੀ ਮੈਡਲ ਤੇ ਟ੍ਰਾਫੀਆਂ ਆਪਣੇ ਨਾਮ ਕਰ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਭੋਪਾਲ ਵਿਖੇ ਸੰਪੰਨ ਹੋਏ ਕੌਮੀ ਪੱਧਰ ਦੇ ਬਾਕਸਿੰਗ ਖੇਡ ਮੁਕਾਬਲਿਆਂ ਦੇ ਦੌਰਾਨ ਉਸ ਦਾ ਪ੍ਰਦਰਸ਼ਨ ਸ਼ਾਨਦਾਰ ਤੇ ਬੇਹਤਰ ਰਿਹਾ ਹੈ। ਸੂਬੇ ਦੀ ਇੱਕਲੌਤੀ ਖਿਡਾਰਨ ਦੇ ਵੱਲੋਂ ਜਿੱਤੇ ਗਏ 3 ਮੈਡਲਾਂ ਦੀ ਚੁਫੇਰਿਓੂਂ ਪ੍ਰਸ਼ੰਸ਼ਾ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਉਹ ਅਗਲੇਰੇ ਖੇਡ ਮੁਕਾਬਲਿਆਂ ਦੀ ਤਿਆਰੀ ਵਿੱਚ ਰੁੱਝੀ ਹੋਈ ਹੈ। ਇਸ ਮੌਕੇ ਜੀਐਨਡੀਯੂ ਦੇ ਸ਼ਰੀਰਿਕ ਸਿੱਖਿਆ ਵਿਭਾਗ ਮੁੱਖੀ ਤੇ ਕੈਂਪਸ ਸਪੋਰਟਸ ਇੰਚਾਰਜ ਡਾ. ਅਮਨਦੀਪ ਸਿੰਘ ਨੇ ਕਿਹਾ ਕਿ ਜੀਐਨਡੀਯੂ ਅਜਿਹੀਆਂ ਖਿਡਾਰਨਾਂ ਨੂੰ ਵਿੱਦਿਅਕ ਤੇ ਖੇਡ ਖੇਤਰ ਦੇ ਵਿੱਚ ਬਣਦੀਆਂ ਰਿਆਇਤਾ, ਸਹੂਲਤਾਂ ਤੇ ਸੰਭਵ ਸਹਾਇਤਾ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਖਿਡਾਰਨਾਂ ਦੀ ਖੇਡਸ਼ੈਲੀ ਦੇ ਬਲਬੂਤੇ ਜੀਐਨਡੀਯੂ 24 ਵਾਰ ਮਾਕਾ ਟ੍ਰਾਫੀ ਹਾਂਸਲ ਕਰਨ ਵਿੱਚ ਕਾਮਯਾਬ ਹੋਈ ਹੈ। ਉਨ੍ਹਾਂ ਦੱਸਿਆ ਕਿ ਮਾਨਯੋਗ ਵੀਸੀ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਤੇ ਖਿਡਾਰੀਆਂ ਨੂੰ ਹਰਿਆ ਭਰਿਆ ਸ਼ਾਂਤ ਤੇ ਖੁਸ਼ਗਵਾਰ ਖੇਡ ਮਾਹੌਲ ਦੇਣ ਤੋਂ ਇਲਾਵਾ ਹਰ ਉਹ ਚੀਜ਼ ਤੇ ਸਮੱਗਰੀ ਮੁਹੱਈਆਂ ਕੀਤੀ ਜਾ ਰਹੀ ਹੈ, ਜਿਸ ਦੇ ਉਹ ਅਸਲੀ ਹੱਕਦਾਰ ਹਨ। ਉਨ੍ਹਾਂ ਅਮਨਦੀਪ ਕੌਰ ਦੀ ਸੂਬੇ ਵਾਸਤੇ ਕੀਤੀ ਗਈ ਇਸ ਪ੍ਰਾਪਤੀ ਨੂੰ ਲੈ ਕੇ ਜਿੱਥੇ ਕੋਚ ਅਧਿਆਪਕਾਂ ਅਤੇ ਮਾਪਿਆ ਨੂੰ ਵਧਾਈ ਦਿੱਤੀ ਹੈ ਉੱਥੇ ਖਿਡਾਰਨ ਨੇ ਹੋਰ ਵੀ ਚੰਗਾ ਤੇ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਨਾ ਦਿੱਤੀ ਹੈ