Home » ਸੂਬੇ ’ਚ ਝੋਨੇ ਦੀ ਸਰਕਾਰੀ ਖਰੀਦ ਅੱਜ ਤੋਂ ਹੋਵੇਗੀ ਸ਼ੁਰੂ, ਪੜੋ ਪੂਰੀ ਖ਼ਬਰ

ਸੂਬੇ ’ਚ ਝੋਨੇ ਦੀ ਸਰਕਾਰੀ ਖਰੀਦ ਅੱਜ ਤੋਂ ਹੋਵੇਗੀ ਸ਼ੁਰੂ, ਪੜੋ ਪੂਰੀ ਖ਼ਬਰ

by Rakha Prabh
89 views

ਸੂਬੇ ’ਚ ਝੋਨੇ ਦੀ ਸਰਕਾਰੀ ਖਰੀਦ ਅੱਜ ਤੋਂ ਹੋਵੇਗੀ ਸ਼ੁਰੂ, ਪੜੋ ਪੂਰੀ ਖ਼ਬਰ
ਚੰਡੀਗੜ੍ਹ, 1 ਅਕਤੂਬਰ : ਸੂਬੇ ਅੰਦਰ ਝੋਨੇ ਦੀ ਸਰਕਾਰੀ ਖਰੀਦ ਸ਼ਨਿੱਚਰਵਾਰ ਤੋਂ ਸ਼ੁਰੂ ਹੋ ਰਹੀ ਹੈ ਪਰ ਪਿਛਲੇ ਦਿਨੀਂ ਪਏ ਭਾਰੀ ਮੀਂਹ ਕਾਰਨ ਅਨਾਜ਼ ਮੰਡੀਆਂ ’ਚ ਝੋਨੇ ਦੀ ਫਸਲ ਪਛੜ ਕੇ ਆਉਣ ਦੀ ਸੰਭਾਵਨਾ ਹੈ। ਸੂਬੇ ਦੇ ਕਈ ਖੇਤਰਾਂ ’ਚ ਬਾਸਮਤੀ ਝੋਨੇ ਦੀ ਕਟਾਈ ਸ਼ੁਰੂ ਹੋ ਗਈ ਸੀ ਪਰ ਮੀਂਹ ਪੈਣ ਕਾਰਨ ਕਟਾਈ ਦਾ ਕੰਮ ਇਕ ਵਾਰ ਰੁਕ ਗਿਆ ਸੀ। ਪੰਜਾਬ ’ਚ ਇਸ ਵਾਰ 30.84 ਲੱਖ ਹੈਕਟੇਅਰ ਰਕਬੇ ’ਚ ਝੋਨੇ ਦੀ ਬਿਜਾਈ ਹੋਈ ਹੈ। ਇਸ ਵਾਰ ਪੰਜਾਬ ਸਰਕਾਰ ਨੇ 200 ਲੱਖ ਮੀਟਿ੍ਰਕ ਟਨ ਝੋਨੇ ਦੀ ਖਰੀਦ ਕਰਨ ਦਾ ਟੀਚਾ ਮਿਥਿਆ ਹੈ।

ਪਿਛਲੇ ਸਾਲ 181 ਲੱਖ ਮੀਟਿ੍ਰਕ ਝੋਨੇ ਦੀ ਖਰੀਦ ਕੀਤੀ ਗਈ ਸੀ। ਇਸ ਵਾਰ ਪਹਿਲਾਂ ਮੌਸਮ ਜਿਆਦਾ ਗਰਮ ਰਹਿਣ ਅਤੇ ਬਾਅਦ ’ਚ ਬੇਮੌਸਮੇ ਮੀਂਹ ਕਾਰਨ ਇਸ ਵਾਰ ਝੋਨੇ ਦੇ ਝਾੜ ਦੇ ਘਟਣ ਵੀ ਸੰਭਾਵਨਾ ਬਣੀ ਹੋਈ ਹੈ, ਜਦੋਂ ਕਿ ਇਸ ਵਾਰ ਪਿਛਲੇ ਸਾਲ ਨਾਲੋਂ ਝੋਨੇ ਹੇਠ ਰਕਬਾ ਵਧਿਆ ਹੈ। ਪਿਛਲੇ ਸਾਲ ਸੂਬੇ ਅੰਦਰ 30 ਲੱਖ ਹੈਕਟੇਅਰ ਤੋਂ ਜਿਆਦਾ ਰਕਬੇ ਵਿਚ ਝੋਨੇ ਦੀ ਬਿਜਾਈ ਹੋਈ ਸੀ। ਮਾਲਵਾ ਖੇਤਰ ’ਚ ਕਰੀਬ ਇਕ ਹਫਤਾ ਰੁਕ ਕੇ ਝੋਨੇ ਦੀ ਕਟਾਈ ਸ਼ੁਰੂ ਹੋਵੇਗੀ ਜਿਸ ਤੋਂ ਬਾਅਦ ਹੀ ਫ਼ਸਲ ਦਾਣਾ ਮੰਡੀਆਂ ’ਚ ਆਵੇਗੀ। ਝੋਨੇ ਦੀ ਖਰੀਦ ਲਈ ਪੰਜਾਬ ਮੰਡੀ ਬੋਰਡ ਨੇ ਸਾਰੇ ਪ੍ਰਬੰਧ ਕਰਨ ਦਾ ਦਾਅਵਾ ਕੀਤਾ ਹੈ। ਬਠਿੰਡਾ ਜ਼ਿਲ੍ਹੇ ’ਚ ਪਿਛਲੇ ਵਰ੍ਹੇ 1 ਲੱਖ 80 ਹਜਾਰ ਹੈਕਟੇਅਰ ਰਕਬੇ ’ਚ ਝੋਨੇ ਦੀ ਬਿਜਾਈ ਹੋਈ ਸੀ ਜਦੋਂ ਕਿ ਇਸ ਵਰ੍ਹੇ 1 ਲੱਖ 94 ਹਜ਼ਾਰ ਹੈਕਟੇਅਰ ਰਕਬੇ ਵਿਚ ਝੋਨਾ ਬੀਜਿਆ ਗਿਆ ਹੈ।

ਪਿਛਲੇ ਵਰ੍ਹੇ ਜ਼ਿਲ੍ਹੇ ’ਚ 13 ਲੱਖ 37 ਹਜਾਰ 932 ਮੀਟਿ੍ਰਕ ਟਨ ਝੋਨੇ ਦੀ ਦਾਣਾ ਮੰਡੀਆਂ ’ਚੋਂ ਖਰੀਦ ਹੋਈ ਸੀ, ਜਦੋਂਕਿ ਇਸ ਸਾਲ 14 ਲੱਖ 50 ਹਜਾਰ ਮੀਟਿ੍ਰਕ ਟਨ ਝੋਨਾ ਮੰਡੀਆਂ ’ਚ ਆਉਣ ਦੀ ਸੰਭਾਵਨਾ ਹੈ। ਇਸ ਵਾਰ ਝੋਨੇ ਦਾ ਸਰਕਾਰੀ ਭਾਅ 2060 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਗਿਆ ਹੈ। ਪੰਜਾਬ ਮੰਡੀ ਬੋਰਡ ਦੇ ਜੀਐਮ ਕੁਲਦੀਪ ਸਿੰਘ ਬਰਾੜ ਨੇ ਦੱਸਿਆ ਕਿ ਝੋਨੇ ਦੀ ਖਰੀਦ ਲਈ ਸੂਬੇ ਅੰਦਰ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।

ਉਨ੍ਹਾਂ ਦੱਸਿਆ ਕਿ ਦਾਣਾ ਮੰਡੀਆਂ ਦੀ ਸਾਫ ਸਫਾਈ ਦਾ ਕੰਮ ਹੋ ਗਿਆ ਹੈ ਜਦੋਂ ਕਿ ਰਾਤ ਸਮੇਂ ਲਾਇਟਾਂ ਅਤੇ ਕਿਸਾਨਾਂ ਦੀ ਸਹੂਲਤ ਦੇ ਹਰ ਪ੍ਰਬੰਧ ਮੰਡੀਆਂ ’ਚ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਵਾਰ 200 ਲੱਖ ਮੀਟਿ੍ਰਕ ਟਨ ਝੋਨੇ ਦੀ ਖਰੀਦ ਦਾ ਟੀਚਾ ਮਿਥਿਆ ਹੈ। ਬਰਾੜ ਨੇ ਦੱਸਿਆ ਕਿ ਝੋਨੇ ਦੀ ਖਰੀਦ ਲਈ ਸੂਬੇ ’ਚ 2168 ਖਰੀਦ ਕੇਂਦਰ ਬਣਾਏ ਗਏ ਹਨ।

ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਦਾਣਾ ਮੰਡੀਆਂ ਵਿਚ ਝੋਨੇ ਨੂੰ ਸੁਕਾ ਕੇ ਲਿਆਉਣ ਤਾਂ ਜੋ ਜਲਦੀ ਤੋਂ ਜਲਦੀ ਖਰੀਦ ਹੋ ਸਕੇ। ਉਨ੍ਹਾਂ ਦੱਸਿਆ ਕਿ ਝੋਨੇ ਦੀ ਖਰੀਦ ਲਈ ਇਸ ਵਾਰ 17 ਫੀਸਦੀ ਨਮੀ ਦਾ ਮਾਪਦੰਡ ਤੈਅ ਕੀਤਾ ਗਿਆ ਹੈ।

ਜਿਕਰਯੋਗ ਹੈ ਕਿ ਸੂਬੇ ਅੰਦਰ ਜਿਆਦਾ ਮੀਂਹ ਪੈਣ ਕਾਰਨ ਇਸ ਵਾਰ ਝੋਨੇ ਦੀ ਵਾਢੀ ਦਾ ਕੰਮ ਦੋ ਚਾਰ ਦਿਨ ਲੇਟ ਹੋ ਸਕਦਾ ਹੈ, ਜਿਸ ਕਾਰਨ ਫਸਲ ਵੀ ਕੁੱਝ ਦਿਨ ਲੇਟ ਹੀ ਦਾਣਾ ਮੰਡੀਆਂ ’ਚ ਪੁੱਜਣ ਦੀ ਸੰਭਾਵਨਾ ਹੈ। ਪਿਛਲੇ ਸਾਲ ਕੇਂਦਰ ਸਰਕਾਰ ਦੇ ਫੈਸਲੇ ਅਨੁਸਾਰ ਪੰਜਾਬ ਤੇ ਹਰਿਆਣਾ ’ਚ ਝੋਨੇ ਦੀ ਸਰਕਾਰੀ ਖਰੀਦ 1 ਅਕਤੂਬਰ ਦੀ ਬਜਾਏ 11 ਅਕਤੂਬਰ ਤੋਂ ਸ਼ੁਰੂ ਕੀਤੀ ਗਈ ਸੀ।

 

Related Articles

Leave a Comment