ਚੰਡੀਗੜ੍ਹ, 21 ਮਈ
ਜੇਠ ਦਾ ਮਹੀਨਾ ਚੜ੍ਹਦੇ ਹੀ ਸਿਟੀ ਬਿਊਟੀਫੁੱਲ ਵਿੱਚ ਗਰਮੀ ਨੇ ਜ਼ੋਰ ਫੜ ਲਿਆ ਹੈ। ਸ਼ਹਿਰ ਦਾ ਤਾਪਮਾਨ 41 ਡਿਗਰੀ ਸੈਲਸੀਅਸ ’ਤੇ ਪਹੁੰਚ ਗਿਆ ਹੈ। ਲੂ ਚੱਲਣ ਕਾਰਨ ਲੋਕਾਂ ਦਾ ਘਰਾਂ ਤੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ। ਅੱਜ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 40.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਜੋ ਆਮ ਨਾਲੋਂ ਵੱਧ ਰਿਹਾ। ਇਸੇ ਤਰ੍ਹਾਂ ਘੱਟ ਤੋਂ ਘੱਟ ਤਾਪਮਾਨ 23.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਜੋ ਆਮ ਦੇ ਬਰਾਬਰ ਹੀ ਰਿਹਾ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਮੁੜ ਤੋਂ ਮੌਸਮ ਵਿੱਚ ਤਬਦੀਲੀ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਗਿਆਨੀਆਂ ਨੇ ਕਿਹਾ ਕਿ 23, 24 ਅਤੇ 25 ਮਈ ਨੂੰ ਸ਼ਹਿਰ ਵਿੱਚ ਮੀਂਹ ਤੇ ਤੇਜ਼ ਹਵਾਵਾਂ ਚੱਲਣਗੀਆਂ। ਉਸ ਤੋਂ ਬਾਅਦ 26 ਤੇ 27 ਮਈ ਨੂੰ ਵੀ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਮੌਸਮ ਵਿੱਚ ਆਉਣ ਵਾਲੀ ਤਬਦੀਲੀ ਕਰਕੇ ਲੋਕਾਂ ਨੂੰ ਕੁਝ ਦਿਨ ਗਰਮੀ ਤੋਂ ਰਾਹਤ ਮਿਲੇਗੀ। ਮਈ ਦੇ ਅਖੀਰ ਵਿੱਚ ਅੱਤ ਦੀ ਗਰਮੀ ਪਵੇਗੀ। ਅੱਜ ਸ਼ਹਿਰ ਵਿੱਚ ਤਾਪਮਾਨ ਵਧਣ ਕਰਕੇ ਲੋਕ ਘੱਟ ਗਿਣਤੀ ਵਿੱਚ ਸੜਕਾਂ ’ਤੇ ਦਿਖਾਈ ਦਿੱਤੇ। ਇੰਜ ਹੀ ਸ਼ਹਿਰ ਦੇ ਪਾਰਕਾਂ ਅਤੇ ਹੋਰਨਾਂ ਘੁੰਮਣ ਵਾਲੀਆਂ ਥਾਵਾਂ ’ਤੇ ਲੋਕਾਂ ਦੀ ਆਵਾਜਾਈ ਆਮ ਨਾਲੋਂ ਘੱਟ ਰਹੀ ਹੈ। ਮਈ ਮਹੀਨੇ ਵਿੱਚ ਮੌਸਮ ਵਿੱਚ ਤਬਦੀਲੀ ਆਉਣ ਨਾਲ ਹੀ ਸ਼ਹਿਰ ਦੇ ਬਾਜ਼ਾਰਾਂ ਵਿੱਚ ਸੁੰਨ ਪਸਰ ਗਈ ਹੈ।
ਪੰਚਕੂਲਾ (ਪੀ.ਪੀ. ਵਰਮਾ):
ਟ੍ਰਾਈਸਿਟੀ ਵਿੱਚ ਦੋ ਦਿਨਾਂ ਬਾਅਦ ਲੋਕਾਂ ਨੂੰ ਨੂੰ ਗਰਮੀ ਤੋਂ ਰਾਹਿਤ ਮਿਲਣ ਦੀ ਪੂਰੀ ਸੰਭਾਵਲਾ ਹੈ ਕਿਉਂਕਿ ਮੌਸਮ ਵਿਭਾਗ ਨੇ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਅਨੁਸਾਰ 24 ਮਈ ਤੋਂ 28 ਮਈ ਤੱਕ ਬਰਸਾਤ ਹੋਣ ਦੀ ਸੰਭਾਵਨਾ ਦਰਸਾਈ ਹੈ।
ਆਬਕਾਰੀ ਇੰਸਪੈਕਟਰ ਦਾ ਪੇਪਰ ਦੇਣ ਆਏ ਉਮੀਦਵਾਰਾਂ ਦੇ ਗਰਮੀ ਨੇ ਵੱਟ ਕੱਢੇ
ਅੱਜ ਐੱਸਐੱਸਐੱਸ ਬੋਰਡ ਵੱਲੋਂ ਪੰਜਾਬ ਸਰਕਾਰ ਦੇ ਕਰ ਤੇ ਆਬਕਾਰੀ ਵਿਭਾਗ ਵਿੱਚ ਇੰਸਪੈਕਟਰ ਦੀਆਂ ਅਸਾਮੀਆਂ ਲਈ ਲਿਖਤੀ ਪ੍ਰੀਖਿਆ ਲਈ ਗਈ। ਇਸ ਲਈ ਚੰਡੀਗੜ੍ਹ ਤੇ ਮੁਹਾਲੀ ’ਚ 100 ਤੋਂ ਵੱਧ ਸੈਂਟਰ ਬਣਾਏ ਗਏ। ਅੱਜ ਪੈ ਰਹੀ ਅੱਤ ਦੀ ਗਰਮੀ ਕਰਕੇ ਕਰ ਤੇ ਆਬਕਾਰੀ ਇੰਸਪੈਕਟਰ ਦਾ ਪੇਪਰ ਦੇਣ ਆਏ ਉਮੀਦਵਾਰਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।