ਜ਼ੀਰਾ ( ਗੁਰਪ੍ਰੀਤ ਸਿੰਘ ਸਿੱਧੂ ) : ਜ਼ੀਰਾ ‘ਚ 13 ਸਾਲਾ ਮਾਸੂਮ ਜਸ਼ਨ ਦੇ ਕਤਲ ਮਾਮਲੇ ‘ਚ ਵੱਡਾ ਖ਼ੁਲਾਸਾ ਹੋਇਆ ਹੈ। ਜਾਣਕਾਰੀ ਮੁਤਾਬਕ ਆਪਣੀ ਜੀਜੇ ਵੱਲੋਂ ਉਸਦੀ ਦੂਸਰੀ ਭੈਣ ‘ਤੇ ਮਾੜੀ ਨਜ਼ਰ ਰੱਖਣ ਦੀ ਭਿਣਕ ਲੱਗਣ ‘ਤੇ ਜਸ਼ਨ ਦੇ ਜੀਜੇ ਵੱਲੋਂ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਮਿਤੀ 9 ਦਸੰਬਰ ਨੂੰ ਜ਼ੀਰਾ ਕੋਟ ਇਸੇ ਖਾਂ ਰੋਡ ‘ਤੇ ਸਥਿਤ ਇੱਕ ਪਰਿਵਾਰ ਦਾ 13 ਸਾਲ ਦਾ ਮਾਸੂਮ ਮੁੰਡਾ ਜਸਵਿੰਦਰ ਸਿੰਘ ਉਰਫ ਜਸ਼ਨ ਪੁੱਤਰ ਚੇਤਰ ਸਿੰਘ ਸ਼ਾਮ ਸਮੇਂ ਭੇਦਭਰੀ ਹਾਲਤ ਵਿਚ ਲਾਪਤਾ ਹੋਣ ਮਗਰੋਂ ਉਸਦੀ ਲਾਸ਼ 2 ਦਿਨ ਬਾਅਦ ਖੇਤ ‘ਚੋਂ ਬਰਾਮਦ ਹੋਈ ਸੀ । ਇਸ ਸਬੰਧ ਵਿਚ ਪ੍ਰੈਸ ਕਾਨਫਰੰਸ ਦੇ ਦੌਰਾਨ ਐੱਸ. ਐੱਸ. ਪੀ ਫਿਰੋਜ਼ਪੁਰ ਕੰਵਰਦੀਪ ਕੌਰ ਨੇ ਥਾਣਾ ਸਦਰ ਜ਼ੀਰਾ ਵਿਖੇ ਦੱਸਿਆ ਕਿ 13 ਸਾਲਾ ਮਾਸੂਮ ਜਸ਼ਨ ਵਾਸੀ ਜ਼ੀਰਾ ਦੇ ਕਤਲ ਮਾਮਲੇ ਨੂੰ ਸੁਲਝਾਉਣ ਲਈ ਜ਼ਿਲ੍ਹਾ ਪੁਲਸ ਵੱਲੋਂ ਗੰਭੀਰਤਾ ਨਾਲ ਮਾਮਲੇ ਦੇ ਹਰ ਪਹਿਲੂ ਬਾਰੇ ਤਫਤੀਸ਼ ਵਿੱਢੀ ਗਈ। ਜਿਸ ਤੋਂ ਬਾਅਦ ਪੁਲਸ ਵੱਲੋਂ 14 ਦਸੰਬਰ ਨੂੰ ਕਾਤਲ ਨੂੰ ਟਰੇਸ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਸਮੁੱਚੀ ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਮ੍ਰਿਤਕ ਜਸਵਿੰਦਰ ਸਿੰਘ ਉਰਫ ਜਸ਼ਨ ਦੀ ਇੱਕ ਭੈਣ ਜਸਪ੍ਰੀਤ ਸਿੰਘ ਪੁੱਤਰ ਸਰਬਨ ਸਿੰਘ ਵਾਸੀ ਦੌਲਤਪੁਰਾ ਨੀਵਾ ਜ਼ਿਲ੍ਹਾ ਮੋਗਾ ਨਾਲ ਵਿਆਹਿਆ ਹੋਇਆ ਹੈ ਅਤੇ ਉਹ ਆਪਣੀ ਜਸ਼ਨ ਦੀ ਦੂਜੀ ਭੈਣ ਨੌਰਾ ‘ਤੇ ਮਾੜੀ ਨਜ਼ਰ ਰੱਖਦਾ ਸੀ, ਜਿਸ ਬਾਰੇ ਜਸ਼ਨ ਨੂੰ ਪਤਾ ਲੱਗ ਗਿਆ ਸੀ। ਜਿਸ ਦੇ ਚੱਲਦਿਆਂ 9 ਨਵੰਬਰ ਨੂੰ ਉਕਤ ਜਸਪ੍ਰੀਤ ਸਿੰਘ ਆਪਣੇ ਨਾਬਾਲਗ ਸਾਲੇ ਜਸ਼ਨ ਨੂੰ ਆਪਣੇ ਨਾਲ ਮੋਟਰ ‘ਤੇ ਲੈ ਗਿਆ ਅਤੇ ਮਾਮੂਮ ਜ਼ਸਨ ਦਾ ਗਲ਼ ਘੁੱਟ ਕੇ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਦੋਸ਼ੀ ਜਸਪ੍ਰੀਤ ਸਿੰਘ ਨੇ ਜਸ਼ਨ ਦਾ ਚਿਹਰਾ ਵਿਗੜਨ ਦੀ ਵੀ ਕੋਸ਼ਿਸ਼ ਕੀਤੀ। ਜਿਸ ‘ਤੇ ਦੋਸ਼ੀ ਜਸਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਿਸ ਕੋਲੋਂ ਗਲਾ ਘੁੱਟਣ ਲਈ ਵਰਤੀ ਗਈ ਰੱਸੀ, ਦੋਸ਼ੀ ਵੱਲੋਂ ਵਾਰਦਾਤ ਦੌਰਾਨ ਪਹਿਣੇ ਕੱਪੜੇ ਅਤੇ ਮ੍ਰਿਤਕ ਜਸ਼ਨ ਮੋਬਾਇਲ ਫੋਨ ਬਰਾਮਦ ਹੋਇਆ ਹੈ। ਇਸ ਤੋਂ ਇਲਾਵਾ ਪੁਲਸ ਵੱਲੋਂ ਹੁਣ ਵੀ ਉਸ ਕੋਲੋਂ ਗੰਭੀਰਤਾ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਕਾਤਲ ਨੂੰ ਅਦਾਲਤ ‘ਚ ਪੇਸ਼ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ 13 ਸਾਲਾ ਜਸ਼ਨ 9 ਨਵੰਬਰ ਨੂੰ ਭੇਦਭਰੇ ਹਾਲਾਤ ‘ਚ ਘਰੋਂ ਲਾਪਤਾ ਹੋ ਗਿਆ ਸੀ। ਜਿਸ ਹੋਣ ਦੀ ਸੂਚਨਾ ਉਸਦੇ ਪਿਤਾ ਵੱਲੋਂ ਥਾਣਾ ਸਿਟੀ ਜ਼ੀਰਾ ਵਿਖੇ ਦਿੱਤੀ ਗਈ ਸੀ, ਜਿਸ ‘ਤੇ ਤੁਰੰਤ ਕਾਰਵਾਈ ਕਰਦਿਆਂ ਪੁਲਸ ਵੱਲੋਂ ਨਾਬਾਲਗ ਦੀ ਗੁੰਮਸ਼ੁਦਗੀ ਬਾਬਤ ਰਿਪੋਰਟ ਦਰਜ ਕਰਕੇ ਇਸ਼ਤਿਹਾਰ ਜਾਰੀ ਕੀਤੇ ਗਏ ਅਤੇ ਗੁੰਮਸ਼ੁਦਾ ਮੁੰਡੇ ਨੂੰ ਟਰੇਸ ਕਰਨ ਲਈ ਉਪਰਾਲੇ ਸ਼ੁਰੂ ਕੀਤੇ ਗਏ। ਇਸੇ ਦੌਰਾਨ ਬੀਤੀ 11 ਦਸੰਬਰ ਨੂੰ ਲਾਪਤਾ ਹੋਏ ਜਸ਼ਨ ਦੀ ਲਾਸ਼ ਸ਼ਾਹਵਾਲਾ ਰੋਡ ਜ਼ੀਰਾ ਦੇ ਲਾਗਲੇ ਖੇਤਾਂ ਵਿੱਚੋਂ ਬਰਾਮਦ ਹੋਈ ਸੀ। ਜਿਸ ਸਬੰਧੀ ਉਸਦੇ ਪਿਤਾ ਚੇਤਰ ਸਿੰਘ ਦੇ ਬਿਆਨ ‘ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ ਅਤੇ 5 ਦਿਨਾਂ ਬਾਅਦ ਉਸ ਦੇ ਕਾਤਲ ਨੂੰ ਕਾਬੂ ਕਰ ਲਿਆ ਗਿਆ ਹੈ।