Home » ਇਸਲਾਮ ਮੁਹੱਬਤ ਦੇ ਪੈਗ਼ਾਮ ਜਰੀਏ ਜਾਂ ਤਲਵਾਰ ਜਰੀਏ ਭਾਰਤ ਆਇਆ ?

ਇਸਲਾਮ ਮੁਹੱਬਤ ਦੇ ਪੈਗ਼ਾਮ ਜਰੀਏ ਜਾਂ ਤਲਵਾਰ ਜਰੀਏ ਭਾਰਤ ਆਇਆ ?

ਦਿੱਲੀ ਦਾ ਚਾਂਦਨੀ ਚੌਕ ਅਤੇ ਸਰਹਿੰਦ ਦੀਆਂ ਨੀਂਹਾਂ ਮੁਗ਼ਲ ਜਬਰ ਜ਼ੁਲਮ ਦੇ ਗਵਾਹ ਹਨ।

by Rakha Prabh
63 views

ਕਸ਼ਮੀਰੀ ਨੇਤਾ ਗ਼ੁਲਾਮ ਨਬੀ ਆਜ਼ਾਦ ਨੇ ਕੁਝ ਦਿਨ ਪਹਿਲਾਂ ਖੜ੍ਹਕਵਾਦ (ਤਲਵਾਰ ਦੀ ਨੋਕ) ਨਾਲ ਇਸਲਾਮ ਦੇ ਗਹਿਰੇ ਸੰਬੰਧਾਂ ਦਾ ਖੰਡਨ ਕੀਤਾ ਅਤੇ “ਇਸਲਾਮ ਤਲਵਾਰ ਜਰੀਏ ਨਹੀਂ ਸਗੋਂ ਮੁਹੱਬਤ ਤੇ ਪਿਆਰ ਦੇ ਪੈਗ਼ਾਮ ਜਰੀਏ ਆਇਆ” ਕਹਿ ਕੇ ਸੱਚ ਤੋਂ ਪੱਲਾ ਝਾੜਦਿਆਂ ਵੱਡੀ ਚਰਚਾ ਛੇੜ ਗਈ ਹੈ। ਇਸਲਾਮ ਪ੍ਰਤੀ ਇਹ ਵਕਾਲਤ ਉਸ ਵੱਲੋਂ ਆਪਣੇ ਪਹਿਲੇ ਬਿਆਨ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ “ਭਾਰਤੀ ਮੁਸਲਮਾਨ ਪਹਿਲੇ ਹਿੰਦੂ ਹੀ ਸਨ,…. ਕਸ਼ਮੀਰ ਇਸ ਦੀ ਮਿਸਾਲ ਹੈ। ਕੋਈ 600 ਸਾਲ ਪਹਿਲਾਂ ਕਸ਼ਮੀਰ ਵਿੱਚ ਮੁਸਲਮਾਨ ਕੌਣ ਸਨ? ਸਾਰੇ ਪੰਡਿਤ ਸਨ।” ਨੂੰ ਲੈ ਕੇ ਇਸਲਾਮ ਜਗਤ ਵੱਲੋਂ ਹੀ ਕੀਤੀ ਜਾ ਰਹੀ ਆਲੋਚਨਾ ਤੋਂ ਤੁਰੰਤ ਬਾਅਦ ਆਪਣੀ ਸਫ਼ਾਈ ’ਚ ਕੀਤੀ ਗਈ ।

You Might Be Interested In

ਸਿਆਸੀ ਨਫ਼ਾ ਨੁਕਸਾਨ ਇਕ ਪਾਸੇ ਪਰ ਗ਼ੁਲਾਮ ਨਬੀ ਅਜ਼ਾਦ ਵਰਗੇ ਲੋਕਾਂ ਨੂੰ ਸਚਾਈ ’ਤੇ ਪਰਦਾ ਪਾਉਣ ਤੋਂ ਪਹਿਲਾਂ ਦੂਰ ਜਾਣ ਦੀ ਵੀ ਲੋੜ ਨਹੀਂ ਸੀ, ਕੇਵਲ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਵੱਲੋਂ ਕਸ਼ਮੀਰ ’ਚ ਵਰਤਾਏ ਗਏ ਕਹਿਰ ਨੂੰ ਵਾਚ ਲੈਣ ਦੀ ਹੀ ਲੋੜ ਸੀ। ਔਰੰਗਜ਼ੇਬ, ਇੱਕ ਜ਼ਾਲਮ ਕੱਟੜਪੰਥੀ ਸੀ ਜੋ ਭਾਰਤ ਵਿੱਚ ਤਲਵਾਰ ਦੀ ਜ਼ੋਰ ’ਤੇ ਮੁਸਲਿਮ ਕੱਟੜਪੰਥੀ ਰਾਜ ਦਾਰ-ਉਲ- ਇਸਲਾਮ ਨੂੰ ਸਥਾਪਿਤ ਕਰਨਾ ਚਾਹੁੰਦਾ ਸੀ। ਦਿੱਲੀ ਦਾ ਚਾਂਦਨੀ ਚੌਕ ਅਤੇ ਸਰਹਿੰਦ ਦੀਆਂ ਨੀਂਹਾਂ ਉਸ ਦੁਆਰਾ ਵਰਤਾਏ ਗਏ ਕਹਿਰ ਦੇ ਅੱਜ ਵੀ ਗਵਾਹ ਹਨ। ਉਸ ਨੇ ਹਿੰਦੂਆਂ ਨੂੰ ਇਸਲਾਮ ਜਾਂ ਮੌਤ ਵਿੱਚੋਂ ਇੱਕ ਦੀ ਚੋਣ ਪ੍ਰਤੀ ਮਜਬੂਰ ਕਰਨ ਲਈ ਦਹਿਸ਼ਤ ਅਤੇ ਜ਼ੁਲਮ ਦਾ ਦੌਰ ਚਲਾਇਆ ਸੀ। ਉਸ ਨੇ ਇਸਲਾਮਿਕ ਕੱਟੜਪੰਥੀ ਵਿਚਾਰਾਂ ਨੂੰ ਸਖ਼ਤੀ ਨਾਲ ਲਾਗੂ ਕਰਦਿਆਂ ਹਿੰਦੂਆਂ ਅਤੇ ਸਿੱਖਾਂ ਦੇ ਸਰੀਰਕ/ਮਾਨਸਿਕਤਾ, ਧਾਰਮਿਕ ਰਹੁ ਰੀਤਾਂ ਅਤੇ ਜੀਵਨ ਦੀਆਂ ਸਥਿਤੀਆਂ ਨੂੰ ਪ੍ਰਭਾਵਿਤ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਸੀ। ਹਿੰਦੂ ਧਰਮ ਦੇ ਖ਼ਾਤਮੇ ਦਾ ਟੀਚਾ ਮਿੱਥ ਲਿਆ ਗਿਆ।  ਹਿੰਦੂਆਂ ਨੂੰ ਧਰਮ ਛੱਡਣ ਲਈ ਮਜਬੂਰ ਕੀਤਾ ਜਾ ਸਕੇ, ਆਰਥਿਕ ਲੁੱਟ ਕਰਦਿਆਂ ਧਾਰਮਿਕ ਟੈਕਸ (ਜਜ਼ੀਆ) ਸਿਰਫ਼ ਹਿੰਦੂਆਂ ‘ਤੇ ਹੀ ਲਗਾਇਆ ਗਿਆ ਸੀ। ਉਨ੍ਹਾਂ ਦੀ ਇਸ ਦੌਰ ’ਚ ਸਭ ਤੋਂ ਪ੍ਰਸਿੱਧ ਹਿੰਦੂ ਤਿਉਹਾਰਾਂ, ਦੀਵਾਲੀ ਅਤੇ ਹੋਲੀ, ਮਨਾਉਣ ਤੇ ਇੱਥੋਂ  ਤਕ ਕਿ ਹਿੰਦੂਆਂ ਨੂੰ ਘੋੜੇ ’ਤੇ ਚੜ੍ਹਨ ਦੀ ਮਨਾਹੀ ਸੀ। ਬਹੁਤ ਸਾਰੇ ਮਹੱਤਵਪੂਰਨ ਅਤੇ ਪਵਿੱਤਰ ਹਿੰਦੂ ਮੰਦਰ ਤਾਂ ਬਹੁਤ ਪਹਿਲਾਂ ਹੀ ਢਾਹ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੀ ਥਾਂ ‘ਤੇ ਮਸਜਿਦਾਂ ਬਣਾਈਆਂ ਗਈਆਂ ਸਨ। ਇਸ ਤਰਾਂ ਹਿੰਦੂਆਂ ਦਾ ਜਬਰੀ ਧਰਮ ਪਰਿਵਰਤਨ ਭਾਰਤੀ ਇਸਲਾਮੀ ਰਾਜ ਦਾ ਪਹਿਲਾ ਅਤੇ ਪ੍ਰਮੁੱਖ ਕਾਰਜ ਬਣ ਗਿਆ। ( ਉਸ ਵੱਲੋਂ ਰੋਜ਼ਾਨਾ ਸਵਾ ਮਣ ਜਨੇਊ ਉਤਾਰਨ ਦੀ ਗਲ ਸਿੱਖ ਸਾਹਿਤ ’ਚ ਪ੍ਰਚਲਿਤ ਹੈ) ਇਹਨਾਂ ਅੱਤਿਆਚਾਰਾਂ ਦਾ ਵਿਰੋਧ ਕਰਨ ਦਾ ਮਤਲਬ ਇੱਜ਼ਤ ਅਤੇ ਜਾਨ ਗਵਾਉਣੀ ਸੀ। ਇਸ ਨਸਲਕੁਸ਼ੀ ਜ਼ੁਲਮ ਦੇ ਤਹਿਤ, ਲੱਖਾਂ ਹਿੰਦੂਆਂ ਦਾ ਕਤਲੇਆਮ ਕੀਤਾ ਗਿਆ ਅਤੇ ਉਨ੍ਹਾਂ ਦੀ ਜਾਇਦਾਦ ਲੁੱਟ ਲਈ ਗਈ। ਪ੍ਰਮਾਣਿਕ ਇਤਿਹਾਸ ਦੱਸਦਾ ਹੈ ਕਿ ਔਰੰਗਜ਼ੇਬ ਦੇ ਸ਼ਾਹੀ ਹੁਕਮਾਂ ਤਹਿਤ ਕਸ਼ਮੀਰ ’ਚ ਕੀਤੇ ਜਾ ਰਹੇ ਜ਼ੁਲਮ ਤਸ਼ੱਦਦ ਦਾ ਸਾਹਮਣਾ ਕਰਨ ਵਿੱਚ ਅਸਮਰਥ ਕਸ਼ਮੀਰੀ ਹਿੰਦੂ ਪੰਡਿਤ ਕ੍ਰਿਪਾ ਰਾਮ ਦੱਤ (ਜੋ ਬਾਅਦ ਵਿਚ ਬਾਲ ਗੋਬਿੰਦ ਰਾਏ ਦੇ ਵਿੱਦਿਆ ਉਸਤਾਦ ਬਣੇ ਅਤੇ ਚਮਕੌਰ ’ਚ ਸ਼ਹੀਦੀ ਪਾਈ) ਦੀ ਅਗਵਾਈ ’ਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਕੋਲ ਆਣ ਫ਼ਰਿਆਦੀ ਹੋਏ। ਉਨ੍ਹਾਂ ਦੀ ਦਰਦ ਭਰੀ ਕਹਾਣੀ ਸੁਣ ਕੇ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਹੌਸਲਾ ਦਿੱਤਾ ਅਤੇ ਕਿਹਾ ਕਿ ਮਹਾਨ ਆਤਮਾ ਦੀ ਸ਼ਹੀਦੀ ਦੀ ਲੋੜ ਹੈ। ਉਸ ਵਕਤ ਬਾਲ ਗੋਬਿੰਦ ਰਾਏ ਜੀ ਨੇ ਸੁਣਦਿਆਂ ਗੁਰੂ ਸਾਹਿਬ ਨੂੰ ਕਿਹਾ ਕਿ ਆਪ ਜੀ ਤੋਂ ਬਿਨਾ ਮਹਾਂ ਪੁਰਖ ਕੌਣ ਹੋ ਸਕਦਾ ਹੈ ? ਗੁਰੂ ਸਾਹਿਬ ਵੱਲੋਂ ਕਸ਼ਮੀਰੀ ਪੰਡਿਤਾਂ ਦੀ ਪ੍ਰਾਰਥਨਾ ਨੂੰ ਸਵੀਕਾਰ ਕਰ ਲਿਆ ਗਿਆ ਅਤੇ ਕਸ਼ਮੀਰੀ ਪੰਡਿਤਾਂ ਨੂੰ ਕਿਹਾ ਕਿ ਔਰੰਗਜ਼ੇਬ ਨੂੰ ਕਹਿ ਦਿਓ ਕਿ ਪਹਿਲਾਂ ਗੁਰੂ ਤੇਗ ਬਹਾਦਰ ਨੂੰ ਮੁਸਲਮਾਨ ਬਣਾ ਲੈ, ਫਿਰ ਅਸੀਂ ਵੀ ਬਣ ਜਾਵਾਂਗੇ। ਇਹ ਸੰਦੇਸ਼ ਪਾ ਕੇ ਔਰੰਗਜ਼ੇਬ ਨੇ ਗੁਰੂ ਜੀ ਨੂੰ ਦਿੱਲੀ ਬੁਲਾਇਆ। ਗੁਰੂ ਸਾਹਿਬ ਵੱਲੋਂ ਜੋ ਸਾਕਾ ਵਰਤਾਇਆ ਗਿਆ, ਉਹ ਮਨੁੱਖੀ ਤੇ ਧਰਮ ਦੇ ਇਤਿਹਾਸ ’ਚ ਪਹਿਲੀ ਵਾਰ ਸੀ, ਕਿ ਕੋਈ ਆਪਣਾ ਸੀਸ ਭੇਟ ਕਰਨ ਲਈ ਖ਼ੁਦ ’ਮਕਤਲ’ ਵਿਚ ਗਿਆ। ਜਬਰ ਦਾ ਮੁਕਾਬਲਾ ਸਬਰ ਨਾਲ ਕੀਤਾ। ਕਈ ਤਰਾਂ ਦੇ ਲਾਲਚ ਅਤੇ ਧਮਕੀਆਂ ਦੇ ਬਾਵਜੂਦ ਗੁਰੂ ਜੀ ਨੇ ਆਪਣਾ ਧਰਮ ਛੱਡ ਕੇ ਇਸਲਾਮ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ 11 ਨਵੰਬਰ 1675 ਨੂੰ ਗੁਰੂ ਤੇਗ ਬਹਾਦਰ ਸਾਹਿਬ ਨੂੰ ਚਾਂਦਨੀ ਚੌਕ ਵਿਖੇ ਜਨਤਕ ਤੌਰ ‘ਤੇ ਸਿਰ ਕਲਮ ਕਰਦਿਆਂ ਸ਼ਹੀਦ ਕਰ ਦਿੱਤਾ ਗਿਆ।

ਇਸ ਤੋਂ ਪਹਿਲਾਂ, ਉਨ੍ਹਾਂ ਦੇ ਅਨੁਆਈ ਸਿੱਖਾਂ ਭਾਈ ਸਤੀ ਦਾਸ, ਭਾਈ ਮਤੀ ਦਾਸ ਅਤੇ ਭਾਈ ਦਿਆਲਾ ਜੀ ਨੂੰ ਇਸਲਾਮ ਕਬੂਲ ਨਾ ਕਰਨ ’ਤੇ ਵਾਰੋ ਵਾਰੀ ਬੇਰਹਿਮੀ ਨਾਲ ਸ਼ਹੀਦ ਕਰ ਦਿੱਤੇ ਗਏ ਸਨ। ਗੁਰੂ ਸਾਹਿਬ ਦੀ ਸ਼ਹੀਦੀ ਹਿੰਦੂ ਧਰਮ ਦੀ ਰਾਖੀ ਲਈ ਸੀ, ਜਿਸ ਬਾਰੇ ਗੁਰੂ ਗੋਬਿੰਦ ਸਿੰਘ ਜੀ ਨੇ ਬਚਿੱਤਰ ਨਾਟਕ ’ਚ ਸਾਫ਼ ਲਿਖਿਆ ਹੈ। ’ਤਿਲਕ ਜੰਝੂ ਰਾਖਾ ਪ੍ਰਭ ਤਾਕਾ ।। ਕੀਨੋ ਬਡੋ ਕਲੂ ਮਹਿ ਸਾਕਾ ।। ’

ਇਸੇ ਤਰਾਂ ਇਸਲਾਮ ਕਬੂਲ ਨਾ ਕਰਨ ’ਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਿਹ ਸਿੰਘ ਨੂੰ ਸਰਹਿੰਦ ਵਿਚ ਨੀਂਹਾਂ ’ਚ ਚਿਣੇ ਜਾਣ ’ਤੇ ਵੀ ਜ਼ਾਲਮਾਂ ਨੂੰ ਸਬਰ ਨਹੀਂ ਆਇਆ ਅਤੇ ਨਿੱਕੀਆਂ ਜਿੰਦਾਂ ਨੂੰ ਕੋਹ ਕੋਹ ਕੇ ਸ਼ਹੀਦ  ਕਰ ਦਿੱਤਾ ਗਿਆ ਸੀ। ਇਸੇ ਤਰਾਂ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਨ ਪਿੱਛੇ ਵੀ ਸਿੱਖੀ ਨੂੰ ਪ੍ਰਫੁਲਿਤ ਹੋਣ ਤੋਂ ਰੋਕਣ ਦਾ ਹੀ ਏਜੰਡਾ ਸੀ। ਜਿਸ ਬਾਰੇ ਬਾਦਸ਼ਾਹ ਜਹਾਂਗੀਰ ਆਪਣੀ ਡਾਇਰੀ ਵਿਚ ਲਿਖਦਾ ਹੈ ਕਿ ਸਿੱਖੀ ਦੀ ਦੁਕਾਨ ਜੋ ਗੁਰੂ ਅਮਰਦਾਸ ਜੀ ਦੇ ਸਮੇਂ ਸ੍ਰੀ ਗੋਇੰਦਵਾਲ ਤੋਂ ਬੜੀ ਚਲਦੀ ਆ ਰਹੀ ਸੀ ਉਸ ਨੂੰ ਬੰਦ ਕਰਨ ਲਈ ਹੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ ਸੀ।

ਇਸ ਤੋਂ ਪਹਿਲਾਂ ਬਾਬਰ ਦੇ ਹਮਲਿਆਂ ਖ਼ਿਲਾਫ਼ ਗੁਰੂ ਨਾਨਕ ਸਾਹਿਬ ਨੇ ਐਮਨਾਬਾਦ ’ਚ ਬਾਬਰ ਨੂੰ ਜਾਬਰ ਅਤੇ  “ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥’ ਕਹਿ ਕੇ ਵਿਰੋਧ ਜਤਾ ਚੁੱਕੇ ਸਨ। ਇਸ ਤੋਂ ਵੀ ਪਹਿਲਾਂ ਭਗਤੀ ਲਹਿਰ ਦੇ ਸੰਤ ਮਹਾਂਪੁਰਸ਼ ਭਾਰਤ ਨੂੰ ਅਰਬ ਅਤੇ ਮੁਗ਼ਲ ਵਿਦੇਸ਼ੀਆਂ ਦੀ ਸਦੀਆਂ ਤੋਂ ਜਾਰੀ ਗ਼ੁਲਾਮੀ ਤੇ ਜ਼ੁਲਮਾਂ ਤੋਂ ਨਿਜਾਤ ਦਿਵਾਉਣਾ ਚਾਹੁੰਦੇ ਸਨ। ਇਸੇ ਲਈ ਭਗਤ ਕਬੀਰ ਜੀ ਨੇ ’’ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥’’ ਦਾ ਹੋਕਾ ਦਿੱਤਾ ਸੀ।

ਅਰਬੀ ਭਾਸ਼ਾ ’ਚ ਇਸਲਾਮ ਤੋਂ ਭਾਵ ਹੀ ’ਸ਼ਾਂਤੀ ਵਿਚ ਪ੍ਰਵੇਸ਼ ਕਰਨਾ’ ਹੈ। ਸ਼ੁਰੂਆਤੀ ਦੌਰ ’ਚ ਇਸਲਾਮ ਦੀ ਜਿੱਤ ਜਿੰਨੀ ਤੇਜ਼ੀ ਨਾਲ ਹੋਈ ਉਸ ਤੋਂ ਇਹ ਤਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸਲਾਮ ਦੇ ਆਖ਼ਰੀ ਰਸੂਲ ਹਜ਼ਰਤ ਮੁਹੰਮਦ ਸਾਹਿਬ ਅਤੇ ਉਨ੍ਹਾਂ ਦੇ ਉੱਤਰਾਧਿਕਾਰੀ ਖ਼ਲੀਫ਼ੇ ਅਬੂਬਕਰ, ਉਮਰ, ਉਸਮਾਨ ਅਤੇ ਅਲੀ ਉੱਚਕੋਟੀ ਦੇ ਕਿਰਦਾਰ ਵਾਲੇ ਹੋਣਗੇ। ਸ਼ੁਰੂਆਤ ’ਚ ਇਸਲਾਮ ਦਾ ਆਗਮਨ ਮਿੱਤਰਤਾ ਵਾਲਾ ਸੀ, ਜਿਨ੍ਹਾਂ ਤੋਂ ਆਮ ਲੋਕ ਅਵੱਸ਼ ਪ੍ਰਭਾਵਿਤ ਹੋਏ ਹੋਣਗੇ। ਇਸੇ ਲਈ ਇਸਲਾਮ ਅਰਬ ਤੋਂ ਇਰਾਕ, ਈਰਾਨ, ਮੱਧ ਏਸ਼ੀਆ ਤੇ ਸਪੇਨ ਤਕ ਫੈਲ ਗਿਆ। ਭਾਰਤ ’ਚ ਇਸਲਾਮ ਆਪਣੇ ਉਕਤ ਪ੍ਰਗਤੀਸ਼ੀਲ ਯੁੱਗ ਵਿਚ ਨਹੀਂ ਆਇਆ। ਹਜ਼ਰਤ ਮੁਹੰਮਦ ਸਾਹਿਬ ਦੀ ਮੌਤ ਤੋਂ 80 ਸਾਲ ਬਾਅਦ ਸੰਨ 712 ਈ. ਵਿਚ ਅਰਬੀ ਜਰਨਲ ਮੁਹੰਮਦ ਬਿਨ ਕਾਸਿਮ ਦੀ ਚੜ੍ਹਾਈ ਸਮੇਂ ਰਾਜੇ ਦਾਹਿਰ ਦੀ ਹਾਰ ਕਾਰਨ ਸਿੰਧ ਅਰਬਾਂ ਦੇ ਅਧੀਨਤਾ ਵਿਚ ਚਲਾ ਗਿਆ। ਗਿਆਰ੍ਹਵੀਂ ਸਦੀ ਤਕ ਪਹੁੰਚਦਿਆਂ ਮੁਸਲਮਾਨ ਹਾਕਮ ਜਿੱਥੇ ਵੀ ਗਏ ਉਨ੍ਹਾਂ ਲੋਕਾਂ ਸਾਹਮਣੇ ਤਿੰਨ ਸ਼ਰਤਾਂ ਰੱਖੀਆਂ ਇਕ, ਕੁਰਾਨ ਪੜ੍ਹਨ ਅਤੇ ਇਸਲਾਮ ਕਬੂਲ ਕਰ ਲੈਣ, ਦੂਜੀ ਕਰ (ਜਜ਼ੀਆ) ਦੇਣ ਅਤੇ ਅਧੀਨਗੀ ਕਬੂਲ ਕਰਨ, ਨਹੀਂ ਤਾਂ ਫਿਰ ਤਲਵਾਰ ਤਾਂ ਹਾਜ਼ਰ ਹੈ ਹੀ।  ਮਹਿਮੂਦ ਗਜਨਵੀਂ, ਮੁਹੰਮਦ ਗੌਰੀ ਅਤੇ ਬਾਬਰ ਇਸਲਾਮ ਦੇ ਸੱਚੇ ਪ੍ਰਤੀਨਿਧ ਨਹੀਂ ਸਨ, ਜਹਾਂਗੀਰ ਅਤੇ ਔਰੰਗਜ਼ੇਬ ਨੂੰ ਤਾਂ ਛੱਡ ਹੀ ਦਿਓ।

ਮਹਿਮੂਦ ਗਜਨਵੀਂ (1001 ਈ.) ਤਕ ਪਹੁੰਚਦਿਆਂ ਇਸਲਾਮ ਦੇ ਲਿਬਾਸ ਹੇਠ ਤੁਰਕਾਂ ’ਚ ਨਿਰਦਈਪੁਣਾ ਸਪਸ਼ਟ ਸਾਹਮਣੇ ਆਇਆ। ਉਸ ਨੇ ਭਾਰਤ ’ਤੇ 17 ਵਾਰ ਹਮਲੇ ਕੀਤੇ ਅਤੇ ਇੱਥੋਂ ਦੇ ਸੋਮਨਾਥ ਸਮੇਤ ਭਾਰੀ ਗਿਣਤੀ ਮੰਦਰਾਂ ਨੂੰ ਨਸ਼ਟ ਕੀਤਾ। ਗਜਨਵੀਂ ਨਾ ਅਰਬੀ ਸੀ ਨਾ ਈਰਾਨੀ। ਉਹ ਇਕ ਤੁਰਕ ਸੀ। ਅਰਬ ’ਚ ਇਸਲਾਮ ਦਾ ਉਦੈ ਹੋਇਆ ਤਾਂ ਤੁਰਕ ਵੀ ਮੁਸਲਮਾਨ ਬਣਨ ਲੱਗੇ। ਜਦੋਂ ਅਰਬੀ ਲੋਕ ਸਾਮਰਾਜ ਦੇ ਸੁੱਖਾਂ ਵਿਚ ਪੈ ਜਾਣ ਕਰਕੇ ਕਮਜ਼ੋਰ ਹੋ ਜਾਣ ਕਰਕੇ ਉਨ੍ਹਾਂ ਦਾ ਸਾਮਰਾਜ ਟੁੱਟਿਆ ਤਾਂ ਇਸਲਾਮ ਦੀ ਅਗਵਾਈ ਤੁਰਕਾਂ ਅਤੇ ਮੰਗੋਲਾਂ ਹੱਥ ਚਲੀ ਗਈ। ਖ਼ਿਲਾਫ਼ਤ ਦੇ ਕਮਜ਼ੋਰ ਹੁੰਦਿਆਂ ਹੀ ਈਰਾਨ ਤੁਰਕਾਂ ਲਈ ਖੋਲ੍ਹ ਦਿੱਤਾ ਗਿਆ । ਇਸੇ ਦੌਰ ’ਚ ਅਲਪਤਗੀਨ ਨੇ ਗ਼ਜ਼ਨੀ ਵਿਚ ਰਿਆਸਤ ਖੜੀ ਕਰ ਲਈ।  ਉਸ ਤੋਂ ਬਾਅਦ ਉਸ ਦਾ ਜਵਾਈ ਸੁਬੁਕਤਗੀਨ ਗ਼ਜ਼ਨੀ ਦਾ ਰਾਜਾ ਬਣਿਆ। ਜਿਸ ਦਾ ਪਿਤਾ ਤੁਰਕ ਸੀ ਅਤੇ ਮਾਤਾ ਈਰਾਨੀ। ਮਹਿਮੂਦ ਗਜਨਵੀਂ ਉਸੇ ਦਾ ਹੀ ਪੁੱਤਰ ਸੀ।  ਭਾਰਤ ਵਿਚ ਮੁਸਲਮਾਨੀ ਰਾਜ ਦਾ ਨੀਂਹ ਰੱਖਣ ਵਾਲਾ ਮੁਹੰਮਦ ਗੌਰੀ ਪਠਾਣ ਸੀ। ਭਾਰਤ ’ਚ ਮੁਗ਼ਲ ਵੰਸ਼ ਦਾ ਨੀਂਹ ਰੱਖਣ ਵਾਲਾ ਬਾਬਰ ਆਪਣਾ ਸੰਬੰਧ ਮੰਗੋਲ ਜਾਤੀ ਨਾਲ ਦੱਸਦਾ ਹੈ। ਜਿਸ ਦਾ ਨੇਤਾ ਚਿੰਗ- ਹਿਰ-ਹਾਨ ਜਿਸ ਨੂੰ ਇਤਿਹਾਸ ਚੰਗੇਜ਼ ਖਾਂ (1155 ਈ. ਤਕ) ਵਜੋਂ ਪ੍ਰਸਿੱਧੀ ਦਿੰਦਾ ਹੈ।  ਤੁਰਕ ਸਰਦਾਰ ਰਾਜੇ ਅਤੇ ਸੁਲਤਾਨ ਬਣ ਬੈਠੇ ਤਾਂ ਇਸਲਾਮ ਵਿਚ ਲੁੱਟ ਮਾਰ, ਅਨਿਆਂ ਅਤੇ ਅੱਤਿਆਚਾਰ ਦੀ ਪਰੰਪਰਾ ਵੀ ਸ਼ੁਰੂ ਹੋ ਗਈ ।  ਇਸ ਲਈ ਗ਼ਜ਼ਨਵੀ ਅਤੇ ਗੌਰੀ ਤੋਂ ਇਲਾਵਾ ਬਾਬਰ ਨਾਲ ਜਿਹੜਾ ਇਸਲਾਮ ਭਾਰਤ ਵਿਚ ਪਹੁੰਚਿਆ ਉਹ ਹਜ਼ਰਤ ਮੁਹੰਮਦ ਅਤੇ ਖ਼ਲੀਫ਼ਿਆਂ ਦੇ ਤਸੱਵਰ ਵਾਲਾ ਇਸਲਾਮ ਤਾਂ ਬਿਲਕੁਲ ਨਹੀਂ ਸੀ। ਤੈਮੂਰ, ਬਾਬਰ, ਨਾਦਰ ਹੋਵੇ ਜਾਂ ਅਬਦਾਲੀ ਭਾਰਤ ’ਚ ਇਸਲਾਮ ਰਾਜ ਸਥਾਪਿਤ ਕਰਨ ਲਈ ਨਹੀਂ ਆਏ ਸਨ, ਉਹ ਕੇਵਲ ਭਾਰਤ ਨੂੰ ਲੁੱਟਣ ਲਈ ਬੇਸਬਰ ਸਨ।

ਭਾਰਤ ਹਿੰਦੂ ਅਤੇ ਮੁਸਲਮਾਨਾਂ ਦੀ ਇਕ ਸਾਂਝੀ ਵਿਰਾਸਤ ਹੋਣ ਦੇ ਸੰਦਰਭ ਵਿਚ ਕਸ਼ਮੀਰੀ ਨੇਤਾ ਫ਼ਾਰੂਕ ਅਬਦੁੱਲਾ ਇਕਬਾਲ ਕਰਦਾ ਹੈ ਕਿ ਉਨ੍ਹਾਂ ਦੀਆਂ ਚਾਰ ਪੀੜੀਆਂ ਪਹਿਲੇ ਹਿੰਦੂ ਸਨ। ਭਾਰਤੀ ਮੁਸਲਮਾਨਾਂ ਦੇ ਬਹੁਤੇ ਪੁਰਖਿਆਂ ਨੂੰ ਧਰਮ ਪਰਿਵਰਤਨ ਲਈ ਮਜਬੂਰ ਕੀਤਾ ਗਿਆ ਸੀ। ਈਸਾਈਆਂ ਦੇ ਵਾਧੇ ਦਾ ਵੀ ਕੁਝ ਹੱਦ ਤਕ ਇਹੀ ਕਾਰਨ ਰਿਹਾ ਹੈ। ਸਦੀਆਂ ਪੁਰਾਣੇ ਇਸ ਪ੍ਰਵਾਹ ਨੂੰ ਅੱਜ ਤਕ ਵੀ ਖ਼ਤਮ ਨਹੀਂ ਕੀਤਾ ਜਾ ਸਕਿਆ । ਮਾਨਯੋਗ ਸੁਪਰੀਮ ਕੋਰਟ ਲਾਲਚ ਅਤੇ ਧੋਖੇ ਰਾਹੀਂ ਜਬਰੀ ਧਰਮ ਪਰਿਵਰਤਨ ’ਤੇ ਗੰਭੀਰ ਚਿੰਤਾ ਪ੍ਰਗਟਾ ਚੁੱਕੀ ਹੈ। ਮਾਮਲਾ ਇੰਨਾ ਗੰਭੀਰ ਹੈ ਕਿ ਨਿਆਂ ਵਿਵਸਥਾ ਵੱਲੋਂ ਜਬਰੀ ਤੇ ਲਾਲਚ ਵੱਸ ਧਰਮ ਪਰਿਵਰਤਨ ਨੂੰ ਦੇਸ਼ ਦੀ ਆਜ਼ਾਦੀ ਅਤੇ ਧਾਰਮਿਕ ਅਜ਼ਾਦੀ ਦੇ ਅਧਿਕਾਰ ਲਈ ਖ਼ਤਰਾ ਕਰਾਰ ਦਿੰਦਿਆਂ ਇਸ ਵਰਤਾਰੇ ਨੂੰ ਰੋਕਣ ਲਈ ਕੇਂਦਰ ਨੂੰ ਠੋਸ ਕਦਮ ਚੁੱਕਣ ਲਈ ਕਹਿਣਾ ਪਿਆ। ਕਿ ਧਾਰਮਿਕ ਅਜ਼ਾਦੀ ਦਾ ਇਹ ਮਤਲਬ ਨਹੀਂ ਕਿ ਧੋਖਾਦੇਹੀ, ਲਾਲਚ ਅਤੇ ਹੋਰ ਸਾਧਨਾਂ ਨਾਲ ਵਿਅਕਤੀ ਦਾ ਧਰਮ ਤਬਦੀਲ ਕੀਤਾ ਜਾਵੇ।

ਧਰਮ ਪਰਿਵਰਤਨ ਦੀ ਪ੍ਰਕ੍ਰਿਆ ਸਧਾਰਨ ਤੌਰ ’ਤੇ ਅਪ੍ਰਤੱਖ ਪਰ ਗਹਿਰਾਈ ਨਾਲ ਦੇਖਿਆ ਜਾਵੇ ਤਾਂ ਕਿਸੇ ਵੀ ਵਿਅਕਤੀ ਦਾ ਧਰਮ ਪਰਿਵਰਤਨ ਕੇਵਲ ਉਸ ਦੀ ਪੂਜਾ ਪੱਧਤੀ ਵਿਚ ਤਬਦੀਲੀ ਦਾ ਜਾਂ ਮਜ਼੍ਹਬੀ ਵਿਸ਼ਵਾਸ ਦੇ ਨਿਜ ਤਕ ਸੀਮਤ ਨਾ ਰਹਿ ਕੇ ਰਾਸ਼ਟਰੀ ਸਰੂਪ ਦਾ ਮਾਮਲਾ ਬਣਦਾ ਰਿਹਾ। ਧਰਮ ਪਰਿਵਰਤਨ ਦੇ ਮਾਰੂ ਨਤੀਜਿਆਂ ਬਾਰੇ ਇਤਿਹਾਸ ਗਵਾਹੀ ਦਿੰਦਾ ਹੈ। ਭਾਰਤ ਦੇ ਵਿਸ਼ਾਲ ਸਰਜ਼ਮੀਨ ਦੇ ਜਿਨ੍ਹਾਂ ਖੇਤਰਾਂ ਵਿਚ ਗੈਰ ਹਿੰਦੂ ਆਬਾਦੀ ਦਾ ਵਾਧਾ ਹੋਇਆ, ਇਕ ਨਵੇਂ ਮੁਲਕ ਨੇ ਦਸਤਕ ਦਿੱਤੀ । ਗੰਧਾਰ ਰਾਜ ਖੇਤਰ ਜੋ ਅੱਜ ਅਫ਼ਗ਼ਾਨਿਸਤਾਨ ਹੈ, ਕਿਸੇ ਸਮੇਂ ਭਾਰਤ ਅਤੇ ਭਾਰਤੀ ਸਭਿਆਚਾਰ ਦਾ ਹਿੱਸਾ ਸੀ। ਪਾਕਿਸਤਾਨ ਅਤੇ ਬੰਗਲਾਦੇਸ਼ ਦੀ ਵੀ ਇਹੀ ਕਹਾਣੀ ਹੈ। ਬੇਸ਼ੱਕ ਉੜੀਸਾ, ਮੱਧ ਪ੍ਰਦੇਸ਼, ਉਤਰ ਪ੍ਰਦੇਸ਼, ਗੁਜਰਾਤ, ਛੱਤੀਸਗੜ੍ਹ, ਝਾਰਖੰਡ, ਉਤਰਾਖੰਡ, ਕਰਨਾਟਕ ਅਤੇ ਹਰਿਆਣਾ ਸਮੇਤ ਇਨ੍ਹਾਂ 9 ਰਾਜਾਂ ਵਿਚ ਧਰਮ ਤਬਦੀਲ ਕਾਨੂੰਨ ਲਾਗੂ ਹੈ। ਫਿਰ ਵੀ ਜੋ ਲੋਕ ਅਤੇ ਸਮਾਜ ਆਪਣੀਆਂ ਪਿਛਲੀਆਂ ਭੁੱਲਾਂ ਤੋਂ ਸਬਕ ਨਹੀਂ ਸਿੱਖਦਾ, ਉਨ੍ਹਾਂ ਨੂੰ ਭਵਿੱਖ ’ਚ ਨਿਸ਼ਚਿਤ ਹੀ ਭੁੱਲਾਂ ਦੀ ਕੀਮਤ ਮੁੜ ਕੇ ਭੋਗਣੀਆਂ ਪੈਂਦੀਆਂ ਹਨ। ਸਭ ਜਾਣ ਦੇ ਹਨ ਕਿ ਇਕ ਸੁਤੰਤਰ ਅਤੇ ਖ਼ੁਸ਼ਹਾਲ ਭਾਰਤ ਨੂੰ ਮੁੱਠੀ ਭਰ ਵਿਦੇਸ਼ੀ ਹਮਲਾਵਰਾਂ ਨੇ ਹਾਰ ਦਿੱਤੀ। ਇਹ ਹਾਰ ਭਾਰਤੀਆਂ ਅੰਦਰ ’ਅਖੰਡ ਰਾਸ਼ਟਰੀ ਚੇਤਨਾ’ ਦੀ ਅਣਹੋਂਦ ਕਾਰਨ ਸੀ। ਰਾਜੇ ਇਕ ਦੂਜੇ ਦਾ ਤਮਾਸ਼ਾ ਦੇਖਦੇ ਸਨ। ਉਹ ਇਹ ਭੁੱਲ ਗਏ ਕਿ ਦੇਸ਼ ਦੇ ਇਕ ਹਿੱਸੇ ’ਤੇ ਆਈ ਮੁਸੀਬਤ ਦਾ ਸੇਕ ਜਲਦ ਉਨ੍ਹਾਂ ’ਤੇ ਵੀ ਪੈ ਸਕਦਾ ਹੈ। ਅਫਸੋਸ ਕਿ ਅੱਜ ਵੀ ਇਹੀ ਦ੍ਰਿਸ਼ਟੀਕੋਣ ਕੰਮ ਕਰ ਰਿਹਾ ਹੈ। ਜਿਸ ਕਰਕੇ ਭਾਰਤੀ ਸਮਾਜ ਅੰਦਰ ਆਤਮ ਬੋਧ ਅਤੇ ਕੌਮੀ ਚੇਤਨਾ ਨੂੰ ਪ੍ਰਬਲ ਕਰਨ ਦੀ ਅੱਜ ਸਖ਼ਤ ਲੋੜ ਹੈ।

Related Articles

Leave a Comment