ਜ਼ੀਰਾ/16 ਫਰਵਰੀ ( ਜੀ.ਐਸ.ਸਿੱਧੂ ) : ਜ਼ਿਲਾ ਫਿਰੋਜ਼ਪੁਰ ਦੇ ਸ਼ਹਿਰ ਮੱਖੂ ਨੇੜੇ ਵਾਪਰੇ ਸੜਕ ਹਾਦਸੇ ’ਚ ਕਾਰ ਸਵਾਰ 6 ਨੌਜਵਾਨਾਂ ਵਿੱਚੋਂ 4 ਦੀ ਮੌਕੇ ’ਤੇ ਮੌਤ ਅਤੇ 3 ਗੰਭੀਰ ਜਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿ੍ਰਤਕ ਗੁਰਦਾਸਪੁਰ ਜ਼ਿਲੇ ਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਕੀਰਤ ਸਿੰਘ ਪੁੱਤਰ ਜਤਿੰਦਰ ਸਿੰਘ ਵਾਸੀ ਛੋਟੇਪੁਰ, ਜਗਰਾਜ ਸਿੰਘ ਪੁੱਤਰ ਰਸ਼ਪਾਲ ਸਿੰਘ ਬੋਬਾ, ਵੈਸ਼ਦੀਪ ਸਿੰਘ ਪੁੱਤਰ ਜਤਿੰਦਰ ਸਿੰਘ ਮਹੱਲਾ ਥੋਹ ਪੱਤੀ ਗੁਰਦਾਸਪੁਰ, ਅਰਸ਼ਦੀਪ ਚੰਦ ਪੁੱਤਰ ਜਸਪਾਲ ਚੰਦ ਨਿਵਾਸੀ ਆਲੋਵਾਲ ਜ਼ਿਲਾ ਗੁਰਦਾਸਪੁਰ ਸੜਕ ਹਾਦਸੇ ’ਚ ਮੌਤ ਦੇ ਮੂੰਹ ਵਿੱਚ ਚਲੇ ਗਏ, ਜਦੋਂਕਿ ਗੁਰਮੁਨ ਸਿੰਘ ਪੁੱਤਰ ਰਣਧੀਰ ਸਿੰਘ ਵਾਸੀ ਗੁਰਦਾਸਪੁਰ ਅਤੇ ਜੋਬਨ ਵਾਸੀ ਪਠਾਨਕੋਟ ਜਖ਼ਮੀ ਹੋ ਗਏ ਹਨ। ਮਿ੍ਰਤਕ ਨੌਜਵਾਨ ਜ਼ਿਲਾ ਬਠਿੰਡਾ ਵਿੱਚ ਵੈਟਨਰੀ ਪੋਲੀਟੈਕਨਿਕ ਕਾਲਜ਼ ਕਾਲਝਰਾਣੀ ਵਿੱਚ ਪੇਪਰ ਦੇ ਕੇ ਆਪਣੇ ਘਰਾਂ ਨੂੰ ਪਰਤ ਰਹੇ ਸਨ, ਅਚਾਨਕ ਉਨਾਂ ਦੀ ਕਾਰ ਬੇਕਾਬੂ ਹੋ ਕੇ ਬਠਿੰਡਾ-ਅਮਿ੍ਰਤਸਰ ਹਾਈਵੇ ’ਤੇ ਸਥਿਤ ਕ੍ਰਾਊਨ ਕੈਸਟਲ ਪੈਲਸੇ ਮੱਖੂ ਦੀ ਕੰਧ ਦੇ ਨਾਲ ਜਾ ਟਕਰਾ ਕੇ ਪਲਟ ਗਈ, ਜਿਸ ਕਾਰਨ 4 ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ ਅਤੇ 2 ਗੰਭੀਰ ਰੂਪ ਵਿੱਚ ਜਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਗੱਡੀ ਸਪੀਡ ਦੇ ਨਾਲ ਆ ਰਹੀ ਸੀ, ਟਾਇਰ ਫੱਟਣ ਕਾਰਨ ਉਸ ਦਾ ਸੰਤੁਲਨ ਵਿਗੜ ਗਿਆ। ਜੋਬਨ ਨੂੰ ਅਮਿ੍ਰਤਸਰ ਰੈਫਰ ਕਰ ਦਿੱਤਾ ਗਿਆ ਹੈ, ਜਦਕਿ ਗੁਰਮਨ ਜ਼ੀਰਾ ਦੇ ਹਸਪਤਾਲ ’ਚ ਜ਼ੇਰੇ ਇਲਾਜ਼ ਹੈ। ਇਸ ਮੌਕੇ ਸਾਬਕਾ ਕਾਂਗਰਸ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੱਲੋਂ ਮੌਕੇ ਤੇ ਪੁੱਜ ਕੇ ਮਿ੍ਰਤਕ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁਖ ਸਾਂਝਾ ਕੀਤਾ ਅਤੇ ਜਖ਼ਮੀਆਂ ਦਾ ਹਾਲਚਾਲ ਪੁੱਛਿਆ।