ਫਿਰੋਜ਼ਪੁਰ, 25 ਅਗਸਤ 2023:
ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਪ੍ਰਭਾਰੀ ਸਿਵਲ ਸਰਜਨ ਡਾ. ਮੀਨਾਕਸ਼ੀ ਅਬਰੋਲ ਦੀ ਅਗਵਾਈ ਹੇਠ ਵੱਖ-ਵੱਖ ਸਿਹਤ ਗਤੀਵਿਧੀਆਂ ਦੀ ਲੜੀ ਵਿੱਚ ਡੇਂਗੂ ਸੀਜਨ ਦੇ ਮੱਦੇਨਜ਼ਰ ਸਰਵੇਲੈਂਸ ਮੁਹਿੰਮ ਲਗਾਤਾਰ ਜਾਰੀ ਹੈ। ‘ਹਰ ਸ਼ੁਕਰਵਾਰ ਡੇਂਗੂ ਤੇ ਵਾਰ‘ ਤਹਿਤ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਦੇ ਬੱਸ ਸਟੈਂਡਾਂ ਅਤੇ ਰੇਲਵੇ ਸਟੇਸ਼ਨਾਂ ਵਿਖੇ ਵਿਸ਼ੇਸ਼ ਐਂਟੀਲਾਰਵਲ ਸਰਵੇਲੈਂਸ ਮੁਹਿੰਮ ਚਲਾਈ ਗਈ ਹੈ।
ਇਸ ਦੌਰਾਨ ਫਿਰੋਜ਼ਪੁਰ ਸ਼ਹਿਰ ਦੇ ਬੱਸ ਸਟੈਂਡ ਅਤੇ ਪੰਜਾਬ ਰੋਡਵੇਜ਼ ਵਰਕਸ਼ਾਪ ਵਿਖੇ ਵਿਭਾਗੀ ਮੁਹਿੰਮ ਦੀ ਅਗਵਾਈ ਕਰਨ ਪੁੱਜੇ ਪ੍ਰਭਾਰੀ ਸਿਵਲ ਸਰਜਨ ਡਾ. ਮੀਨਾਕਸ਼ੀ ਅਬਰੋਲ ਨੇ ਰੋਡਵੇਜ਼ ਅਧਿਕਾਰੀ ਨੂੰ ਬੱਸ ਸਟੈਂਡ ਅਤੇ ਵਰਕਸ਼ਾਪ ਵਿਖੇ ਡੇਂਗੂ ਮੱਛਰਾਂ ਦੇ ਲਾਰਵੇ ਅਤੇ ਮੱਛਰਾਂ ਦੀ ਪੈਦਾਇਸ਼ ਨੂੰ ਰੋਕਣ ਲਈ ਉਚਿੱਤ ਪ੍ਰਬੰਧ ਕਰਨ ਲਈ ਕਿਹਾ ਤਾਂ ਕਿ ਡੇਂਗੂ ਨਾ ਫੈਲੇ।
ਇਸ ਮੌਕੇ ਜ਼ਿਲ੍ਹਾ ਐਪੀਡੀਮਾਲੋਜ਼ਿਸਟ ਡਾ. ਸਮਿੰਦਰਪਾਲ ਨੇ ‘ਫਰਾਈ ਡੇ ਡਰਾਈ ਡੇ‘ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੁਹਿੰਮ ਤਹਿਤ ਵੱਖ-ਵੱਖ ਐਮ.ਪੀ.ਐਚ.ਡਬਲਯੂ ‘ਤੇ ਆਧਾਰਿਤ ਟੀਮਾਂ ਵੱਲੋਂ ਸਮੁੱਚੇ ਜ਼ਿਲ੍ਹੇ ਵਿੱਚ ਐਂਟੀਲਾਰਵਾ ਚੈਕਿੰਗ ਤੋਂ ਇਲਾਵਾ ਖੇਤਰ ਵਾਸੀਆਂ ਨੂੰ ਡੇਂਗੂ ਤੋਂ ਬਚਾਅ ਦੇ ਉਪਾਵਾਂ ਬਾਰੇ ਜਾਗਰੂਕ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ‘ਤੇ ਡੇਂਗੂ ਰੋਗ ਦੇ ਕਾਰਨ, ਲੱਛਣ ਅਤੇ ਬਚਾਅ ਬਾਰੇ ਲੋਕਾਂ ਨੂੰ ਵੱਖ-ਵੱਖ ਸਾਧਨਾਂ ਅਤੇ ਜਾਗਰੂਕਤਾ ਸਭਾਵਾਂ ਰਾਹੀਂ ਜਾਗਰੂਕ ਕੀਤਾ ਜਾਂਦਾ ਹੈ। ਪੀੜਿਤ ਵਿਅਕਤੀ ਨੂੰ ਤੇਜ ਬੁਖਾਰ ਅਤੇ ਅਸਹਿ ਦਰਦ ਦੀ ਸੂਰਤ ਵਿੱਚ ਨੇੜੇ ਦੇ ਸਿਹਤ ਕੇਂਦਰ ਨਾਲ ਸੰਪਰਕ ਕਰਨਾ ਚਾਹੀਦਾ ਅਤੇ ਇਹ ਵੀ ਕਿ ਡੇਂਗੂ ਦੀ ਜਾਂਚ ਅਤੇ ਇਲਾਜ਼ ਸਰਕਾਰੀ ਹਸਪਤਾਲਾਂ ਵਿਖੇ ਮੁਫਤ ਉਪਲੱਬਧ ਹਨ।
ਇਸ ਮੌਕੇ ਜੀ.ਐਮ. ਪੰਜਾਬ ਰੋਡਵੇਜ਼ ਫਿਰੋਜ਼ਪੁਰ ਪਰਮਜੀਤ ਸਿੰਘ, ਵਰਕਸ ਮੈਨੇਜਰ ਸੁਖਵਿੰਦਰ ਸਿੰਘ, ਟ੍ਰੈਫਿਕ ਮੈਨੇਜਰ ਨਛੱਤਰ ਸਿੰਘ, ਗੁਰਜੀਤ ਸਿੰਘ, ਰਾਮ ਪ੍ਰਤਾਪ, ਮਾਸ ਮੀਡੀਆ ਅਫਸਰ ਰੰਜੀਵ ਅਤੇ ਐਮ.ਪੀ.ਐਚ.ਡਬਲਯੂ ਨਰਿੰਦਰ ਸ਼ਰਮਾ ਹਾਜ਼ਰ ਸਨ। ਇਸੇ ਮੁਹਿੰਮ ਤਹਿਤ ਜ਼ਿਲ੍ਹਾ ਐਪੀਡੀਮਾਲੋਜਿਸਟ ਡਾ. ਯੁਵਰਾਜ ਨਾਰੰਗ ਦੀ ਅਗਵਾਈ ਵਾਲੀ ਟੀਮ ਨੇ ਬੱਸ ਸਟੈਂਡ ਫਿਰੋਜ਼ਪੁਰ ਕੈਂਟ ਅਤੇ ਰੇਲਵੇ ਸਟੇਸ਼ਨ ਫਿਰੋਜ਼ਪੁਰ ਕੈਂਟ ਵਿਖੇ ਸਰਵੇਲੈਂਸ ਕੀਤੀ। ਇਸ ਮੌਕੇ ਸਹਾਇਕ ਮਲੇਰੀਆ ਅਫਸਰ ਹਰਮੇਸ਼ ਚੰਦਰ, ਐਮ.ਪੀ.ਐਚ.ਡਬਲਯੂ. ਰਾਕੇਸ਼ ਕੁਮਾਰ ਅਤੇ ਵਿਕਾਸ ਵੀ ਹਾਜ਼ਰ ਰਹੇ।