ਦਲਜੀਤ ਕੌਰ
ਭਵਾਨੀਗੜ੍ਹ/ਸੰਗਰੂਰ, 25 ਅਗਸਤ, 2023: ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਕੁਮਾਰ ਲੱਖਾ ਵੱਲੋਂ ਅੱਜ ਝਨੇੜੀ ਦੀ ਸਰਕਾਰੀ ਗਊਸ਼ਾਲਾ ਵਿਖੇ ਬਣਨ ਵਾਲੇ 2 ਨਵੇਂ ਸ਼ੈਡਾਂ ਦੇ ਕੰਮ ਦੀ ਸ਼ੁਰੂਆਤ ਕਹੀ ਨਾਲ ਟੱਕ ਲਗਾ ਕੇ ਕੀਤੀ ਗਈ। ਇਸ ਮੌਕੇ ਚੇਅਰਮੈਨ ਅਸ਼ੋਕ ਕੁਮਾਰ ਲੱਖਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੇਸਹਾਰਾ ਗਊ ਧੰਨ ਦੀ ਸਾਂਭ ਸੰਭਾਲ ਦੇ ਸਾਰਥਕ ਉਪਰਾਲੇ ਵਜੋਂ ਇਨ੍ਹਾਂ ਸ਼ੈਡਾਂ ਦੇ ਨਿਰਮਾਣ ਲਈ ਲਗਭਗ 65 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ ਤਾਂ ਜੋ ਸਮੇਂ ਸਮੇਂ ’ਤੇ ਪੈਣ ਵਾਲੀਆਂ ਧੁੱਪਾਂ, ਗਰਮੀ, ਸਰਦੀ, ਮੀਂਹ ਆਦਿ ਦੌਰਾਨ ਇਸ ਗਊਸ਼ਾਲਾ ਵਿਖੇ ਬੇਸਹਾਰਾ ਗਊਧੰਨ ਦੇ ਬਚਾਅ ਲਈ ਸੁਵਿਧਾ ਪ੍ਰਦਾਨ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਗਊਸ਼ਾਲਾ ਵਿੱਚ ਹਰਿਆਵਲ ਭਰਪੂਰ ਵਾਤਾਵਰਣ ਵਿਕਸਤ ਕਰਨ ਵੱਲ ਵੀ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਜਲਦੀ ਹੀ ਇਸ ਦਿਸ਼ਾ ਵਿੱਚ ਉਚਿਤ ਕਦਮ ਪੁੱਟੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਝਨੇੇੜੀ ਗਊਸ਼ਾਲਾ ਵਿਖੇ ਹੀ ਤੂੜੀ ਦੇ ਭੰਡਾਰ ਲਈ ਇੱਕ ਸ਼ੈਡ ਦਾ ਨਿਰਮਾਣ ਵੀ ਵੱਖਰੇ ਤੌਰ ’ਤੇ ਕਰਵਾਇਆ ਜਾਵੇਗਾ।
ਇਸ ਮੌਕੇ ਸੀਨੀਅਰ ਆਗੂ ਮਨਦੀਪ ਸਿੰਘ ਲੱਖੇਵਾਲ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਲਾਵਾਰਸ ਤੇ ਬੇਸਹਾਰਾ ਪਸ਼ੂ ਧੰਨ ਦੀ ਸਾਂਭ ਸੰਭਾਲ ਦੇ ਇਸ ਉਪਰਾਲੇ ਲਈ ਉਹ ਰਿਣੀ ਹਨ। ਇਸ ਮੌਕੇ ਉਪ ਮੰਡਲ ਮੈਜਿਸਟਰੇਟ ਭਵਾਨੀਗੜ੍ਹ ਵਿਨੀਤ ਕੁਮਾਰ, ਐਕਸੀਅਨ ਪੰਚਾਇਤੀ ਰਾਜ ਰਣਜੀਤ ਸਿੰਘ ਸ਼ੇਰਗਿੱਲ ਸਮੇਤ ਹੋਰ ਅਧਿਕਾਰੀ ਤੇ ਆਗੂ ਵੀ ਹਾਜ਼ਰ ਸਨ।