ਦਲਜੀਤ ਕੌਰ
ਸੰਗਰੂਰ, 5 ਸਤੰਬਰ, 2023: ਅਧਿਆਪਕ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਰੁਜ਼ਗਾਰ ਮੰਗਣ ਗਏ ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਦੀ ਪੁਲਿਸ ਵੱਲੋਂ ਖਿੱਚਧੂਹ ਕੀਤੀ ਗਈ। ਆਪਣੀ ਹੱਕੀ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ 5994 ਬੇਰੁਜ਼ਗਾਰ ਈ.ਟੀ.ਟੀ. ਅਧਿਆਪਕ ਅੱਜ ਸਵੇਰੇ ਤੋਂ ਹੀ ਸਥਾਨਕ ਵੇਰਕਾ ਮਿਲਕ ਪਲਾਂਟ ਵਿਖੇ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਫਿਰ ਇਸ ਬੇਰੁਜ਼ਗਾਰ ਰੋਸ ਮਾਰਚ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਤੱਕ ਪਹੁੰਚੇ ਜਿੱਥੇ ਭਾਰੀ ਪੁਲਿਸ ਭਲ ਲਗਾਕੇ ਇਨ੍ਹਾਂ ਨੂੰ ਰੋਕਿਆ ਗਿਆ। ਜਿੱਥੇ ਪੁਲਿਸ ਦੇ ਨਾਲ ਬੇਰੁਜ਼ਗਾਰ ਅਧਿਆਪਕ ਧੱਕਾਮੁੱਕੀ ਹੋਏ ਤੇ ਪ੍ਰਸ਼ਾਸਨ ਵੱਲੋਂ ਵਾਰ ਹੱਲ ਕਰਾਉਣ ਦੇ ਭਰੋਸੇ ਤੋਂ ਬੇਰੁਜ਼ਗਾਰ ਸਾਂਤ ਹੋਏ। ਫਿਰ ਬੇਰੁਜ਼ਗਾਰ ਅਧਿਆਪਕਾਂ ਨੇ ਉੱਥੇ ਸੜਕ ਤੇ ਬੈਠ ਕੇ ਹੀ ਪੰਜਾਬ ਸਰਕਾਰ ਖ਼ਿਲਾਫ਼ ਪਿੱਟ ਸਿਆਪਾ ਕੀਤਾ। ਜ਼ਿਲ੍ਹਾ ਸੰਗਰੂਰ ਪ੍ਰਸ਼ਾਸਨ ਵੱਲੋਂ ਜੱਥੇਬੰਦੀ ਦੀ 16 ਸਤੰਬਰ ਨੂੰ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਤੈਅ ਕਰਵਾ ਕੇ ਉਸ ਦਾ ਲਿਖਤੀ ਪੱਤਰ ਸੌਂਪਣ ਤੋਂ ਬਾਅਦ ਇਹ ਬੇਰੁਜ਼ਗਾਰ ਅਧਿਆਪਕ ਸ਼ਾਂਤ ਹੋਏ ਅਤੇ ਉਨ੍ਹਾਂ ਆਪਣਾ ਇਹ ਧਰਨਾ ਖ਼ਤਮ ਕਰ ਦਿੱਤਾ।
ਇਸ ਮੌਕੇ ਬੇਰੁਜ਼ਗਾਰ ਈਟੀਟੀ 5994 ਯੂਨੀਅਨ ਸੂਬਾ ਕਮੇਟੀ ਆਗੂ ਬਲਿਹਾਰ ਸਿੰਘ ਬੱਲੀ ਨੇ ਦੱਸਿਆ ਕਿ ਤਕਰੀਬਨ 1 ਸਾਲ ਦਾ ਸਮਾਂ ਭਰਤੀ ਨੂੰ ਹੋ ਚੱਲਿਆ ਹੈ, 5 ਮਾਰਚ, 2023 ਨੂੰ ਵਿਭਾਗ ਵੱਲੋਂ ਪੇਪਰ ਲਿਆ ਗਿਆ, ਜਿਸ ਤੋਂ ਬਾਅਦ ਜੁਲਾਈ ਵਿਚ ਉਮੀਦਵਾਰਾਂ ਦੀ ਡਾਕੂਮੈਂਟ ਵੈਰੀਫਿਕੇਸ਼ਨ ਲਈ ਹੋ ਚੁੱਕੀ ਹੈ ਪ੍ਰੰਤੂ ਪੰਜਾਬ ਸਰਕਾਰ ਭਰਤੀ ਨੂੰ ਗੰਭੀਰਤਾ ਨਾਲ ਬਿਲਕੁਲ ਨਹੀਂ ਲੈ ਰਹੀ, ਬੇਰੁਜ਼ਗਾਰ ਈਟੀਟੀ ਅਧਿਆਪਕ ਬੇਰੁਜ਼ਗਾਰੀ ਦਾ ਆਲਮ ਝੱਲ ਰਹੇ ਹਨ, 6 ਮਹੀਨਿਆਂ ਤੋਂ ਉਪਰ ਸਮਾਂ ਪੇਪਰ ਹੋਇਆ ਹੋ ਚੁੱਕਾ ਹੈ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੁਆਰਾ 31 ਜੁਲਾਈ ਤੱਕ ਭਰਤੀ ਪੂਰੀ ਕਰਨ ਕਿਹਾ ਗਿਆ ਸੀ ਪਰ 5994 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਹਾਲੇ ਤੱਕ ਵੀ ਜਾਰੀ ਨਹੀਂ ਕੀਤੇ ਗਏ ਹਨ, ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀ ਵੱਡੀ ਕਮੀ ਚੱਲ ਰਹੀ ਹੈ, ਪ੍ਰੰਤੂ ਫਿਰ ਵੀ ਸਰਕਾਰ ਸਾਨੂੰ ਅੱਖੋਂ ਪਰੋਖੇ ਕਰ ਰਹੀ ਹੈ, ਇਸੇ ਕਰਕੇ ਮਜ਼ਬੂਰਨ ਅੱਜ 5 ਸਤੰਬਰ ਅਧਿਆਪਕ ਦਿਵਸ ਮੌਕੇ ਸਾਨੂੰ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਿਹਾਇਸ਼ ਦਾ ਘਿਰਾਓ ਕਰਨਾ ਪਿਆ।
ਬੇਰੁਜ਼ਗਾਰ ਅਧਿਆਪਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ 5994 ਈਟੀਟੀ ਭਰਤੀ ਜਿਸ ਵਿੱਚ 2994 ਬੈਕਲਾਗ ਪੋਸਟਾਂ ਸਮੇਤ ਇਕੋਂ ਲਿਸਟ ਵਿੱਚ 5994 ਈਟੀਟੀ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇ ਕੇ ਜਲਦੀ ਤੋਂ ਜਲਦੀ ਸਕੂਲਾਂ ਵਿੱਚ ਭੇਜਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਸਾਡੀ ਇਹ ਜਾਇਜ਼ ਮੰਗ ਨਾ ਮੰਨੀ ਤਾਂ ਆਉਣ ਵਾਲੇ ਸਮੇਂ ਵਿੱਚ ਸਰਕਾਰ ਵਿਰੁੱਧ ਤਿੱਖੇ ਸੰਘਰਸ਼ ਅਤੇ ਗੁਪਤ ਐਕਸ਼ਨ ਕੀਤੇ ਜਾਣਗੇ।
ਇਸ ਮੌਕੇ ਈਟੀਟੀ 5994 ਸਟੇਟ ਕਮੇਟੀ ਆਗੂ ਮੈਂਬਰ ਬੱਗਾ ਖੁਡਾਲ, ਪਰਮਪਾਲ ਫਾਜ਼ਿਲਕਾ, ਪ੍ਰਗਟ ਸਿੰਘ, ਪ੍ਰਿਥਵੀ ਵਰਮਾ, ਬੰਟੀ ਕੰਬੋਜ, ਹਰੀਸ਼, ਅਰਸ਼ ਮਾਨ , ਕੁਲਵਿੰਦਰ ਬਰੇਟਾ ਅਤੇ ਪ੍ਰੈੱਸ ਸਕੱਤਰ ਲਵਪ੍ਰੀਤ ਦੰਦੀਵਾਲ ਹਾਜ਼ਰ ਸਨ।