ਨਵੀਂ ਦਿੱਲੀ:4
ਪ੍ਰੇਸ਼ਾਨ ਕਰਨ ਵਾਲੀਆਂ ਫੋਨ ਕਾਲਾਂ ਤੇ ਐੱਸਐਮਐੱਸ (ਸੁਨੇਹਿਆਂ) ਦੀ ਸਮੱਸਿਆ ਉਤੇ ਕਾਬੂ ਪਾਉਣ ਲਈ ਰੈਗੂਲੇਟਰ ‘ਟਰਾਈ’ ਨੇ ਟੈਲੀਕਾਮ ਸੇਵਾਵਾਂ ਮੁਹੱਈਆ ਕਰਾਉਣ ਵਾਲੀਆਂ ਕੰਪਨੀਆਂ ਨੂੰ ਇਸ ਸਬੰਧੀ ਇਕ ਏਕੀਕ੍ਰਿਤ ਡਿਜੀਟਲ ਪਲੈਟਫਾਰਮ ਵਿਕਸਿਤ ਕਰਨ ਦਾ ਹੁਕਮ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਦੋ ਮਹੀਨਿਆਂ ਵਿਚ ਇਕ ਸਾਂਝਾ ਪਲੈਟਫਾਰਮ ਵਿਕਸਿਤ ਕੀਤਾ ਜਾਵੇ ਜਿਸ ਵਿਚ ਗਾਹਕਾਂ ਨੂੰ ਪ੍ਰਮੋਸ਼ਨਲ ਕਾਲਾਂ ਤੇ ਸੁਨੇਹਿਆਂ ਲਈ ਸਹਿਮਤੀ ਦੇਣ ਤੇ ਇਸ ਨੂੰ ਵਾਪਸ ਲੈਣ ਦਾ ਬਦਲ ਉਪਲਬਧ ਕਰਾਇਆ ਜਾਵੇ। ਪਹਿਲੇ ਗੇੜ ਵਿਚ ਸਿਰਫ਼ ਸਬਸਕ੍ਰਾਈਬਰ (ਗਾਹਕ) ਹੀ ਕਾਲਾਂ-ਸੁਨੇਹਿਆਂ ਲਈ ਆਪਣੇ ਵੱਲੋਂ ਸਹਿਮਤੀ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਯੋਗ ਹੋਣਗੇ। ਉਸ ਤੋਂ ਬਾਅਦ ਹੀ ਕਾਰੋਬਾਰੀ ਇਕਾਈਆਂ ਪ੍ਰਮੋਸ਼ਨਲ ਸੁਨੇਹਿਆਂ ਲਈ ਗਾਹਕਾਂ ਦੀ ਸਹਿਮਤੀ ਲੈਣ ਲਈ ਉਨ੍ਹਾਂ ਨਾਲ ਸੰਪਰਕ ਕਰ ਸਕਣਗੀਆਂ। ਟੈਲੀਕਾਮ ਰੈਗੂਲੇਟਰੀ ਅਥਾਰਿਟੀ (ਟਰਾਈ) ਨੇ ਇਕ ਬਿਆਨ ਵਿਚ ਕਿਹਾ ਕਿ ਸਾਰੇ ਐਕਸੈੱਸ ਪ੍ਰੋਵਾਈਡਰਾਂ ਨੂੰ ‘ਡਿਜੀਟਲ ਕੰਨਸੈਂਟ ਐਕੁਜ਼ੀਸ਼ਨ’ (ਡੀਸੀਏ) ਸਹੂਲਤ ਵਿਕਸਿਤ ਕਰਨ ਲਈ ਕਿਹਾ ਗਿਆ ਹੈ। ਇਸ ਏਕੀਕ੍ਰਿਤ ਪਲੈਟਫਾਰਮ ’ਤੇ ਖ਼ਪਤਕਾਰਾਂ ਦੀ ਸਹਿਮਤੀ ਡਿਜੀਟਲ ਰਜਿਸਟਰ ਕੀਤੀ ਜਾਵੇਗੀ ਜੋ ਕਿ ਸਾਰੇ ਸਰਵਿਸ ਪ੍ਰੋਵਾਈਡਰਾਂ ਤੇ ਪ੍ਰਮੁੱਖ ਇਕਾਈਆਂ ਨਾਲ ਸਬੰਧਤ ਹੋਵੇਗੀ। ਵਰਤਮਾਨ ’ਚ ਅਜਿਹਾ ਕੋਈ ਸਿਸਟਮ ਮੌਜੂਦ ਨਹੀਂ ਹੈ। ਮੌਜੂਦਾ ਢਾਂਚੇ ਮੁਤਾਬਕ ਕਈ ਪ੍ਰਮੁੱਖ ਇਕਾਈਆਂ ਜਿਵੇਂ ਕਿ ਬੈਂਕ ਤੇ ਹੋਰ ਵਿੱਤੀ ਸੰਸਥਾਵਾਂ, ਬੀਮਾ ਕੰਪਨੀਆਂ, ਟਰੇਡਿੰਗ ਕੰਪਨੀਆਂ, ਕਾਰੋਬਾਰੀ ਇਕਾਈਆਂ ਤੇ ਰੀਅਲ ਅਸਟੇਟ ਕੰਪਨੀਆਂ ਸਹਿਮਤੀ ਲੈ ਕੇ ਇਸ ਦਾ ਰਿਕਾਰਡ ਰੱਖਦੀਆਂ ਹਨ। ਪਰ ਏਕੀਕ੍ਰਿਤ ਪਲੈਟਫਾਰਮ ਤੋਂ ਬਿਨਾਂ ਟੈਲੀਕਾਮ ਅਪਰੇਟਰਾਂ ਲਈ ਇਸ ਰਿਕਾਰਡ ਦੀ ਪੁਸ਼ਟੀ ਕਰਨਾ ਸੰਭਵ ਨਹੀਂ ਹੈ। ਐਕਸੈੱਸ ਪ੍ਰੋਵਾਈਡਰਾਂ ਜਿਨ੍ਹਾਂ ਵਿਚ ਰਿਲਾਇੰਸ ਜੀਓ, ਭਾਰਤੀ ਏਅਰਟੈੱਲ ਤੇ ਵੋਡਾਫੋਨ ਆਇਡੀਆ ਵਰਗੇ ਟੈਲੀਕਾਮ ਅਪਰੇਟਰ ਵੀ ਸ਼ਾਮਲ ਹਨ, ਨੂੰ ਖ਼ਪਤਕਾਰਾਂ ਦੀ ਸਹਿਮਤੀ ਲੈਣ ਲਈ ਸ਼ੌਰਟ ਕੋਡ 127 ਵੀ ਸ਼ੁਰੂ ਕਰਨ ਲਈ ਕਿਹਾ ਗਿਆ ਹੈ। -ਪੀਟੀਆਈ