ਚੰਡੀਗੜ੍ਹ, 4 ਜੂਨ
ਅਜੀਤ ਅਖ਼ਬਾਰ ਦੇ ਮੁੱਖ ਸੰਪਾਦਕ ਡਾ.ਬਰਜਿੰਦਰ ਸਿੰਘ ਹਮਦਰਦ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕਰਨ ਲਈ ਲੰਘੇ ਦਿਨੀਂ ਜਲੰਧਰ ਵਿੱਚ ਇਕੱਤਰ ਹੋੲੇ ਵੱਖ ਵੱਖ ਵਿਰੋਧੀ ਪਾਰਟੀਆਂ ਦੇ ਆਗੂਆਂ ਦੇ ਹਵਾਲੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਟਵੀਟ ਅੱਜ ਇਨ੍ਹਾਂ ਸਾਰਿਆਂ ਨੂੰ ‘ਇਕੋ ਥਾਲੀ ਦੇ ਚੱਟੇ-ਬੱਟੇ’ ਕਰਾਰ ਦਿੱਤਾ ਹੈ। ਮਾਨ ਨੇ ਟਵੀਟ ਵਿੱਚ ਹਾਲਾਂਕਿ ਕਿਸੇ ਵੀ ਆਗੂ ਦਾ ਸਿੱਧਾ ਨਾਮ ਨਹੀਂ ਲਿਆ। ਉਨ੍ਹਾਂ ਟਵੀਟ ਕੀਤਾ, ‘‘ਜਦੋਂ…ਜਨਰਲ ਡਾਇਰਾਂ ਨੂੰ ਰੋਟੀਆਂ ਖਵਾਉਣ ਵਾਲੇ, ਧਾਰਮਿਕ ਅਸਥਾਨਾਂ ’ਤੇ ਟੈਂਕ ਚੜਾਉਣ ਵਾਲੇ, ਗੁਰੂ ਸਾਹਿਬ ਜੀ ਦੀਆਂ ਬੇਅਦਬੀਆਂ ਕਰਾਉਣ ਵਾਲੇ, ਦੇਸ਼ ਨੂੰ ਧਰਮ ਦੇ ਨਾਮ ’ਤੇ ਲੜਾਉਣ ਵਾਲੇ, ਕਿਸਾਨ ਵਿਰੋਧੀ ਕਾਨੂੰਨ ਬਣਾਉਣ ਵਾਲੇ ਸਮਗਲਰਾਂ ਨੂੰ ਗੱਡੀਆਂ ’ਚ ਬਿਠਾਉਣ ਵਾਲੇ, ਗੱਲ ਗੱਲ ’ਤੇ ਤਾਲ਼ੀ ਠੁਕਵਾਉਣ ਵਾਲੇ, ਸ਼ਹੀਦਾਂ ਦੀਆਂ ਯਾਦਗਾਰਾਂ ’ਚੋਂ ਪੈਸੇ ਕਮਾਉਣ ਵਾਲੇ ਸਾਰੇ ’ਕੱਠੇ ਹੋਵਣ ਤਾਂ ਇਹਨੂੰ ਕਹਿੰਦੇ ਆ “ਇੱਕੋ ਥਾਲ਼ੀ ਦੇ ਚੱਟੇ-ਵੱਟੇ’’। ਚੇਤੇ ਰਹੇ ਕਿ ਪੰਜਾਬ ਵਿਜੀਲੈਂਸ ਨੇ ਜੰਗ-ਏ-ਆਜ਼ਾਦੀ ਯਾਦਗਾਰ ’ਤੇ ਖਰਚ ਫੰਡਾਂ ਦੀ ਜਾਂਚ ਲਈ ਪਿਛਲੇ ਹਫ਼ਤੇ ਡਾ.ਬਰਜਿੰਦਰ ਸਿੰਘ ਹਮਦਰਦ ਨੂੰ ਸੰਮਨ ਕੀਤਾ ਸੀ। ਸੂਬਾ ਸਰਕਾਰ ਦੇ ਇਸ ਫੈਸਲੇ ਦੀ ਨਿਖੇਧੀ ਕਰਨ ਲਈ ਵੱਖ ਵੱਖ ਪਾਰਟੀਆਂ ਦੇ ਆਗੂ ਵੀਰਵਾਰ ਨੂੰ ਜਲੰਧਤ ਵਿੱਚ ਇਕੱਤਰ ਹੋਏ ਸਨ।